- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਹੀਦ ਭਗਤ ਸਿੰਘ ਇਨਕਲੇਵ ਤੇ ਬਲੂ ਫੌਕਸ ਨੂੰ ਰੇਰਾ ਤੋਂ ਮਿਲੀ ਮਨਜ਼ੂਰੀ: ਜਤਿੰਦਰ ਭੱਲਾ

-ਕਿਹਾ, ਜਲਦ ਹੀ ਦੋਵੇਂ ਪ੍ਰੋਜੈਕਟਾਂ ’ਤੇ ਸ਼ੁਰੂ ਹੋਵੇਗਾ ਕੰਮ
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਸਥਾਨਕ ਸ਼ਹਿਰ ਦੇ ਵਿਕਾਸ ਨੂੰ ਇਕ ਨਵੀਂ ਦਿਸ਼ਾ ਮਿਲਣ ਜਾ ਰਹੀ ਹੈ। ਨਗਰ ਸੁਧਾਰ ਟਰੱਸਟ ਬਠਿੰਡਾ ਦੇ ਚੇਅਰਮੈਨ ਜਤਿੰਦਰ ਸਿੰਘ ਭੱਲਾ ਨੇ ਜਾਣਕਾਰੀ ਦਿੱਤੀ ਕਿ ਬਠਿੰਡਾ–ਸ੍ਰੀ ਅੰਮ੍ਰਿਤਸਰ ਕੌਮੀ ਸ਼ਾਹ ਮਾਰਗ ‘ਤੇ ਤਿਆਰ ਕੀਤੇ ਜਾਣ ਵਾਲੇ “ਸ਼ਹੀਦ ਭਗਤ ਸਿੰਘ ਇਨਕਲੇਵ” ਅਤੇ “ਬਲੂ ਫੌਕਸ” ਸਥਾਨ ’ਤੇ ਬਣਨ ਵਾਲੇ ਵਪਾਰਕ ਪਲਾਜਿਆਂ ਨੂੰ ਰੇਰਾ ਤੋਂ ਮਨਜ਼ੂਰੀ ਮਿਲ ਗਈ ਹੈ। ਉਨ੍ਹਾਂ ਕਿਹਾ ਕਿ ਲੰਬੇ ਸਮੇਂ ਤੋਂ ਉਡੀਕੇ ਜਾ ਰਹੇ ਇਹ ਦੋਵੇਂ ਪ੍ਰੋਜੈਕਟ ਹੁਣ ਜਲਦੀ ਹੀ ਜ਼ਮੀਨੀ ਪੱਧਰ ‘ਤੇ ਸ਼ੁਰੂ ਹੋਣਗੇ। ਉਨ੍ਹਾਂ ਦੱਸਿਆ ਕਿ ਰੀਅਲ ਐਸਟੇਟ ਰੈਗੂਲੇਟਰੀ ਅਥਾਰਟੀ (ਰੇਰਾ) ਵੱਲੋਂ ਮਨਜ਼ੂਰੀ ਮਿਲਣ ਨਾਲ ਹੁਣ ਪ੍ਰੋਜੈਕਟਾਂ ਦੇ ਕੰਮ ਵਿੱਚ ਕੋਈ ਕਾਨੂੰਨੀ ਰੁਕਾਵਟ ਨਹੀਂ ਰਹੀ।
ਉਨ੍ਹਾਂ ਕਿਹਾ ਕਿ ਟਰੱਸਟ ਵੱਲੋਂ ਸਾਰੇ ਤਕਨੀਕੀ ਅਤੇ ਪ੍ਰਸ਼ਾਸਕੀ ਮਾਪਦੰਡ ਪੂਰੇ ਕਰਨ ਤੋਂ ਬਾਅਦ ਹੀ ਮਨਜ਼ੂਰੀ ਲਈ ਅਰਜ਼ੀ ਦਿੱਤੀ ਗਈ ਸੀ, ਜਿਸ ‘ਤੇ ਸਾਕਾਰਾਤਮਕ ਫੈਸਲਾ ਆਇਆ ਹੈ। ਚੇਅਰਮੈਨ ਨੇ ਕਿਹਾ ਕਿ “ਸ਼ਹੀਦ ਭਗਤ ਸਿੰਘ ਇਨਕਲੇਵ” ਇਕ ਯੋਜਨਾਬੱਧ ਰਿਹਾਇਸ਼ੀ ਪ੍ਰੋਜੈਕਟ ਹੋਵੇਗਾ, ਜਿਸ ਵਿੱਚ ਆਧੁਨਿਕ ਸਹੂਲਤਾਂ, ਚੌੜੀਆਂ ਸੜਕਾਂ, ਹਰੇ-ਭਰੇ ਪਾਰਕ, ਸੀਵਰੇਜ ਪ੍ਰਬੰਧ ਅਤੇ ਬਿਜਲੀ-ਪਾਣੀ ਦੀ ਵਧੀਆ ਵਿਵਸਥਾ ਕੀਤੀ ਜਾਵੇਗੀ। ਇਸ ਨਾਲ ਨਾ ਸਿਰਫ਼ ਸ਼ਹਿਰ ਦੀ ਰਹਾਇਸ਼ੀ ਜ਼ਰੂਰਤਾਂ ਪੂਰੀਆਂ ਹੋਣਗੀਆਂ, ਸਗੋਂ ਨਵੇਂ ਨਿਵੇਸ਼ਕਾਂ ਨੂੰ ਵੀ ਮੌਕਾ ਮਿਲੇਗਾ। ਦੂਜੇ ਪਾਸੇ “ਬਲੂ ਫੌਕਸ” ਵਾਲੀ ਜਗ੍ਹਾ ‘ਤੇ ਬਣਨ ਵਾਲੇ ਵਪਾਰਕ ਪਲਾਜੇ ਸ਼ਹਿਰ ਦੇ ਕਾਰੋਬਾਰੀ ਮਾਹੌਲ ਨੂੰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣਗੇ।
ਇੱਥੇ ਸ਼ਾਪਿੰਗ ਕੰਮਪਲੈਕਸ, ਦਫ਼ਤਰ ਅਤੇ ਹੋਰ ਵਪਾਰਕ ਇਕਾਈਆਂ ਵਿਕਸਤ ਕੀਤੀਆਂ ਜਾ ਸਕਣਗੀਆਂ। ਭੱਲਾ ਨੇ ਕਿਹਾ ਕਿ ਇਸ ਪ੍ਰੋਜੈਕਟ ਨਾਲ ਰੋਜ਼ਗਾਰ ਦੇ ਮੌਕੇ ਵੀ ਵਧਣਗੇ ਅਤੇ ਸਥਾਨਕ ਵਪਾਰੀਆਂ ਨੂੰ ਆਧੁਨਿਕ ਢਾਂਚੇ ਵਿੱਚ ਕਾਰੋਬਾਰ ਕਰਨ ਦਾ ਮੌਕਾ ਮਿਲੇਗਾ। ਦੋਵੇਂ ਪ੍ਰੋਜੈਕਟਾਂ ’ਤੇ ਜਲਦ ਹੀ ਨਿਰਮਾਣ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਟਰੱਸਟ ਵੱਲੋਂ ਇਹ ਵੀ ਯਕੀਨੀ ਬਣਾਇਆ ਜਾਵੇਗਾ ਕਿ ਕੰਮ ਗੁਣਵੱਤਾ ਮਾਪਦੰਡਾਂ ਅਨੁਸਾਰ ਤੇ ਸਮੇਂ ਸਿਰ ਪੂਰਾ ਹੋਵੇ। ਚੇਅਰਮੈਨ ਨੇ ਕਿਹਾ ਕਿ ਨਗਰ ਸੁਧਾਰ ਟਰੱਸਟ ਦਾ ਮੁੱਖ ਉਦੇਸ਼ ਬਠਿੰਡਾ ਸ਼ਹਿਰ ਨੂੰ ਯੋਜਨਾਬੱਧ ਅਤੇ ਆਧੁਨਿਕ ਢੰਗ ਨਾਲ ਵਿਕਸਤ ਕਰਨਾ ਹੈ। ਆਉਣ ਵਾਲੇ ਸਮੇਂ ਵਿੱਚ ਹੋਰ ਵਿਕਾਸ ਪ੍ਰੋਜੈਕਟ ਵੀ ਲਿਆਂਦੇ ਜਾਣਗੇ ਤਾਂ ਜੋ ਸ਼ਹਿਰ ਦੀ ਬੁਨਿਆਦੀ ਢਾਂਚਾਗਤ ਸਹੂਲਤਾਂ ਨੂੰ ਮਜ਼ਬੂਤ ਕੀਤਾ ਜਾ ਸਕੇ। ਸਥਾਨਕ ਨਿਵਾਸੀਆਂ ਅਤੇ ਵਪਾਰਕ ਵਰਗ ਨੇ ਵੀ ਇਸ ਫੈਸਲੇ ਦਾ ਸਵਾਗਤ ਕੀਤਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਇਨ੍ਹਾਂ ਪ੍ਰੋਜੈਕਟਾਂ ਨਾਲ ਨਾ ਸਿਰਫ਼ ਸ਼ਹਿਰ ਦੀ ਸੋਭਾ ਵਧੇਗੀ, ਸਗੋਂ ਜਾਇਦਾਦ ਦੀ ਕੀਮਤ ਵਿੱਚ ਵੀ ਵਾਧਾ ਹੋਵੇਗਾ। ਅੰਤ ਵਿੱਚ ਜਤਿੰਦਰ ਸਿੰਘ ਭੱਲਾ ਨੇ ਕਿਹਾ ਕਿ ਟਰੱਸਟ ਵੱਲੋਂ ਪੂਰੀ ਪਾਰਦਰਸ਼ਿਤਾ ਨਾਲ ਕੰਮ ਕੀਤਾ ਜਾਵੇਗਾ ਅਤੇ ਲੋਕਾਂ ਦੇ ਭਰੋਸੇ ‘ਤੇ ਖਰਾ ਉਤਰਿਆ ਜਾਵੇਗਾ। ਜਲਦੀ ਹੀ ਦੋਵੇਂ ਪ੍ਰੋਜੈਕਟ ਬਠਿੰਡਾ ਦੇ ਵਿਕਾਸ ਦੀ ਨਵੀਂ ਮਿਸਾਲ ਬਣਣਗੇ।