- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਵੱਛ ਭਾਰਤ-ਹਰੀ ਕ੍ਰਾਂਤੀ ਲਈ ਮਲੂਕਾ ਦਾ ਸਕੂਲ ਨੈਸ਼ਨਲ ਐਵਾਰਡ ਦੀ ਸੂਚੀ 'ਚ ਸ਼ਾਮਲ

ਵੀਰਪਾਲ ਭਗਤਾ, ਪੰਜਾਬੀ ਜਾਗਰਣ
ਬਠਿੰਡਾ
ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮਲੂਕਾ (ਬਠਿੰਡਾ) ਲਈ ਇਹ ਬਹੁਤ ਮਾਣ ਦੀ ਗੱਲ ਹੈ ਕਿ ਸਕੂਲ ਨੇ ਸਵੱਛਤਾ ਅਤੇ ਵਾਤਾਵਰਨ ਸੰਭਾਲ ਦੇ ਖੇਤਰ ਵਿਚ ਉੱਤਮ ਕੰਮ ਕਰਦੇ ਹੋਏ ਪੰਜਾਬ ਦੇ ਹਜ਼ਾਰਾਂ ਸਕੂਲਾਂ ਦਾ ਮੁਕਾਬਲਾ ਕਰਦੇ ਹੋਏ, ਨੈਸ਼ਨਲ ਐਵਾਰਡ ਦੀ ਸੂਚੀ ਵਿਚ ਆਪਣੀ ਥਾਂ ਬਣਾਈ ਹੈ। ਸਕੂਲ ਦੇ ਮੁੱਖ ਅਧਿਆਪਕ ਬੇਅੰਤ ਸਿੰਘ ਮਲੂਕਾ ਸਟੇਟ ਐਵਾਰਡੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਪੰਜਾਬ ਦੇ 175 ਸਕੂਲ ਨਾਮੀ ਲਿਸਟ ਤਿਆਰ ਕੀਤੀ ਗਈ ਸੀ, ਉਨ੍ਹਾਂ ਵਿੱਚੋਂ 20 ਸਕੂਲਾਂ ਨੂੰ ਨੈਸ਼ਨਲ ਐਵਾਰਡ ਦੀ ਸੂਚੀ ਵਿਚ ਸ਼ਾਮਲ ਕੀਤਾ ਗਿਆ ਹੈ।
ਵਰਣਨਯੋਗ ਹੈ ਕਿ ਇਨ੍ਹਾਂ 20 ਸਕੂਲਾਂ ਵਿਚ 11 ਪ੍ਰਾਈਵੇਟ ਤੇ ਸਰਕਾਰੀ ਸਿਰਫ਼ 9 ਸਕੂਲ ਹਨ। ਸਰਕਾਰੀ ਪ੍ਰਾਇਮਰੀ ਸਕੂਲ ਮਲੂਕਾ ਦੀ ਖ਼ਾਸ ਵਿਸ਼ੇਸ਼ਤਾ ਇਹ ਵੀ ਰਹੀ ਹੈ ਕਿ ਇਸ ਸਕੂਲ ਨੇ ਪੰਜਾਬ ਪਹਿਲੇ 9 ਸਕੂਲਾਂ ਵਿਚ ਆਪਣੀ ਜਗ੍ਹਾ ਬਣਾਉਣ ਦਾ ਮਾਣ ਹਾਸਲ ਕੀਤਾ ਹੈ। ਇਸ ਲਈ ਇਹ ਸਿਰਫ਼ ਸਕੂਲ ਲਈ ਹੀ ਨਹੀਂ, ਸਗੋਂ ਪੂਰੇ ਪਿੰਡ ਅਤੇ ਇਲਾਕੇ ਲਈ ਮਾਣ ਅਤੇ ਪ੍ਰੇਰਣਾ ਦੇ ਸਰੋਤ ਦਾ ਇਕ ਵੱਡਾ ਨਾਮ ਹੈ। ਸਕੂਲ ਵੱਲੋਂ “ਸਵੱਛ ਭਾਰਤ–ਹਰੀ ਕ੍ਰਾਂਤੀ' ਦੇ ਨਾਅਰੇ ਨੂੰ ਅਮਲ ਵਿਚ ਲਿਆਂਦਾ ਗਿਆ ਹੈ। ਇੱਥੇ ਬੱਚਿਆਂ ਨੂੰ ਸਿਰਫ਼ ਕਿਤਾਬੀ ਗਿਆਨ ਹੀ ਨਹੀਂ ਦਿੱਤਾ ਜਾਂਦਾ, ਸਗੋਂ ਉਨ੍ਹਾਂ ਨੂੰ ਸਫ਼ਾਈ ਅਤੇ ਵਾਤਾਵਰਣ ਪ੍ਰਤੀ ਜ਼ਿੰਮੇਵਾਰ ਨਾਗਰਿਕ ਬਣਾਉਣ ਲਈ ਵੀ ਤਿਆਰ ਕੀਤਾ ਜਾਂਦਾ ਹੈ। ਸਕੂਲ ਦੇ ਅਧਿਆਪਕਾਂ ਨੇ ਬੱਚਿਆਂ ਨੂੰ ਸਵੱਛਤਾ ਦੀ ਮਹੱਤਤਾ ਨੂੰ ਸਮਝਾਉਂਦੇ ਹੋਏ ਹਰ ਰੋਜ਼ ਸਕੂਲ ਅਤੇ ਆਲੇ-ਦੁਆਲੇ ਦੇ ਇਲਾਕੇ ਨੂੰ ਸਾਫ਼ ਰੱਖਣ ਲਈ ਪ੍ਰੇਰਿਤ ਕੀਤਾ ਹੈ। ਸਕੂਲ ਦੀ ਹਰ ਜਮਾਤ ਅਤੇ ਆਲੇ-ਦੁਆਲੇ ਨੂੰ ਕੂੜਾ-ਕਰਕਟ ਤੋਂ ਮੁਕਤ ਕਰਨ ਲਈ ਵੱਖਰੇ-ਵੱਖਰੇ ਡਸਟਬਿਨ ਦਾ ਪ੍ਰਬੰਧ ਕੀਤਾ ਗਿਆ ਹੈ। ਹਰੀ ਕ੍ਰਾਂਤੀ ਦੇ ਤਹਿਤ ਸਕੂਲ ਵਿੱਚ ਵੱਡੇ ਪੱਧਰ ’ਤੇ ਰੁੱਖ ਲਾਉਣ ਦੀ ਮੁਹਿੰਮ ਚਲਾਈ ਗਈ। ਬੱਚਿਆਂ ਨੇ ਆਪਣੇ ਹੱਥਾਂ ਨਾਲ ਪੌਦੇ ਲਗਾਏ ਅਤੇ ਉਨ੍ਹਾਂ ਦੀ ਦੇਖਭਾਲ ਦੀ ਜ਼ਿੰਮੇਵਾਰੀ ਵੀ ਆਪਣੇ ਸਿਰ ਲਈ ਹੈ। ਇਸ ਨਾਲ ਨਾ ਸਿਰਫ਼ ਸਕੂਲ ਦਾ ਵਾਤਾਵਰਨ ਸੁੰਦਰ ਬਣਿਆ, ਸਗੋਂ ਬੱਚਿਆਂ ਵਿਚ ਕੁਦਰਤ ਨਾਲ ਪਿਆਰ ਅਤੇ ਜ਼ਿੰਮੇਵਾਰੀ ਦੀ ਭਾਵਨਾ ਵੀ ਪੈਦਾ ਹੋਈ ਹੈ। ਸਕੂਲ ’ਚ ਸਿਧਾਂਤਕ ਸਿੱਖਿਆ ਨੂੰ ਵਿਵਹਾਰਕ ਸਿੱਖਿਆ ਨਾਲ ਜੋੜਨ ਲਈ 6 ਸਿੱਖਿਆਦਾਇਕ ਪਾਰਕ ਜਿੰਨ੍ਹਾਂ ਵਿਚ ਮੈਥ ਪਾਰਕ, ਸਾਇੰਸ ਪਾਰਕ, ਟਰੈਫ਼ਿਕ ਪਾਰਕ, ਪੰਜਾਬੀ ਭਾਸ਼ਾ ਅਤੇ ਸੁੰਦਰ ਲਿਖਾਈ ਪਾਰਕ, ਸਿਹਤ ਪਾਰਕ, ਕੰਪਿਊਟਰ ਸਿੱਖਿਆ ਨਾਲ ਸੰਬੰਧਤ ਆਈਟੀ ਪਾਰਕ ਸ਼ਾਮਲ ਹਨ ਦੀ ਵਿਵਸਥਾ ਕੀਤੀ ਗਈ ਹੈ। ਸਕੂਲ ਵਿਚ ਪਾਣੀ ਬਚਾਉਣ ਤੇ ਪਲਾਸਟਿਕ ਦੇ ਘੱਟ ਇਸਤੇਮਾਲ ਲਈ ਵੀ ਖਾਸ ਯਤਨ ਕੀਤੇ ਗਏ ਹਨ। ਸਕੂਲ ਵਿਚ ਪਾਣੀ ਦੀ ਸੰਭਾਲ ਲਈ ਰੇਨ ਹਾਰਵੇਸਟਿੰਗ ਪ੍ਰੋਜੈਕਟ ਉਪਲਬਧ ਹੈ। ਕਿਚਨ ਗਾਰਡਨ, ਕੰਪੋਜ਼ਿਟ ਪਿੱਟ, ਪਾਣੀ ਦੀ ਨਿਕਾਸੀ ਦੇ ਯੋਗ ਪ੍ਰਬੰਧ ਤੇ ਵਾਧੂ ਸਾਫ਼ ਪਾਣੀ ਨੂੰ ਪੌਦਿਆਂ ਤਕ ਪਹੁੰਚਾਉਣ ਦੇ ਵੱਖਰੇ ਪ੍ਰੋਜੈਕਟ ਬਣੇ ਹੋਏ ਹਨ। ਬੱਚਿਆਂ ਨੂੰ ਦੁਬਾਰਾ ਵਰਤੋਂ ਅਤੇ ਰੀਸਾਈਕਲਿੰਗ ਬਾਰੇ ਜਾਗਰੂਕ ਕੀਤਾ ਗਿਆ।
ਸਮਾਜ ਵਿਚ ਸਵੱਛਤਾ ਅਤੇ ਹਰਿਆਲੀ ਦੀ ਲਹਿਰ ਫੈਲਾਉਣ ਲਈ ਹੋਰ ਅਨੇਕਾਂ ਪ੍ਰਚਾਰ ਦੇ ਸਾਧਨਾ ਤਹਿਤ ਯੋਗ ਉਪਰਾਲੇ ਕੀਤੇ ਗਏ ਹਨ। 'ਸਵੱਛਤਾ ਪੰਦਰਵਾੜੇ ਤਹਿਤ' ਅਤੇ ਦਫ਼ਤਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹਰ ਸਾਲ ਸਾਰੀਆਂ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ। ਇਸ ਦਾ ਪੂਰਾ-ਪੂਰਾ ਰਿਕਾਰਡ ਲਿਖਤੀ ਤੌਰ 'ਤੇ ਰੱਖਿਆ ਜਾਂਦਾ ਹੈ। ਸਵੱਛਤਾ ਅਭਿਆਨ ਤਹਿਤ ਬੱਚਿਆਂ ਨੂੰ ਸਕੂਲ ਤਕ ਹੀ ਸੀਮਿਤ ਨਹੀਂ ਰੱਖਿਆ ਜਾਂਦਾ, ਸਗੋਂ ਇਸ ਵਿਚ ਬੱਚਿਆਂ ਦੇ ਮਾਪਿਆਂ ਤੇ ਸਮੁਦਾਇ ਦੇ ਲੋਕਾਂ ਦੀ ਸ਼ਮੂਲੀਅਤ ਨੂੰ ਵੀ ਯਕੀਨੀ ਬਣਾਇਆ ਜਾਂਦਾ ਹੈ। ਇਸ ਉਪਲੱਬਧੀ ਦੇ ਪਿੱਛੇ ਸਕੂਲ ਦੇ ਮੁਖੀ, ਸਮੂਹ ਅਧਿਆਪਕਾਂ, ਵਿਦਿਆਰਥੀਆਂ ਅਤੇ ਮਾਪਿਆਂ ਦੀ ਸਾਂਝੀ ਮਿਹਨਤ ਹੈ। ਸਾਰਿਆਂ ਨੇ ਮਿਲ ਕੇ ਇਹ ਸਾਬਤ ਕਰ ਦਿੱਤਾ ਹੈ ਕਿ ਜੇਕਰ ਇਰਾਦੇ ਮਜ਼ਬੂਤ ਹੋਣ ਤਾਂ ਛੋਟਾ ਸਕੂਲ ਵੀ ਵੱਡੀਆਂ ਉਪਲੱਬਧੀਆਂ ਹਾਸਲ ਕਰ ਸਕਦਾ ਹੈ। ਅਖੀਰ ਵਿਚ ਸਰਕਾਰੀ ਪ੍ਰਾਇਮਰੀ ਸਕੂਲ ਮਲੂਕਾ ਦੀ ਇਹ ਕਾਮਯਾਬੀ ਹੋਰਨਾਂ ਸਕੂਲਾਂ ਲਈ ਵੀ ਪ੍ਰੇਰਣਾ ਦਾ ਸ੍ਰੋਤ ਹੈ। ਇਹ ਸਾਨੂੰ ਸਿਖਾਉਂਦੀ ਹੈ ਕਿ ਸਵੱਛਤਾ ਅਤੇ ਹਰੀ ਕ੍ਰਾਂਤੀ ਵੱਲ ਛੋਟੇ-ਛੋਟੇ ਕਦਮ ਵੀ ਦੇਸ਼ ਨੂੰ ਵੱਡੇ ਬਦਲਾਅ ਵੱਲ ਲੈ ਕੇ ਜਾ ਸਕਦੇ ਹਨ।