ਮੀਂਹ ਤੇ ਹਨੇਰੀ ਕਾਰਨ ਬੇਰੀਆਂ ਦੀ ਫ਼ਸਲ ਨੂੰ ਨੁਕਸਾਨ, ਠੇਕੇਦਾਰਾਂ ਨੂੰ ਪਿਆ ਘਾਟਾ
ਤੇਜ਼ ਝੱਖੜ ਤੇ ਹਨ੍ਹੇਰੀ ਕਾਰਨ ਬੇਰੀਆਂ ਦੀ ਫਸਲ ਨੂੰ ਭਾਰੀ ਨੁਕਸਾਨ, ਠੇਕੇਦਾਰਾਂ ਨੂੰ ਲੱਗਾ ਵੱਡਾ ਆਰਥਿਕ ਰਗੜਾ
Publish Date: Sat, 04 Apr 2026 04:38 PM (IST)
Updated Date: Sun, 05 Apr 2026 04:02 AM (IST)

ਗੁਰਨੈਬ ਸਾਜਨ, ਪੰਜਾਬੀ ਜਾਗਰਣ, ਬੱਲੂਆਣਾ : ਇਸ ਵਾਰ ਮੌਸਮ ਦੀ ਖਰਾਬੀ ਅਤੇ ਗੜੇਮਾਰੀ ਕਾਰਨ ਕਣਕ ਹੀ ਨਹੀਂ ਸਗੋਂ ਸਬਜ਼ੀਆਂ ਤੇ ਫਲਾਂ ਦਾ ਵੀ ਕਾਫ਼ੀ ਨੁਕਸਾਨ ਹੋਇਆ ਹੈ। ਅਜੇ ਵੀ ਆਸਮਾਨ ’ਤੇ ਬੱਦਲ ਬਾਈ ਬਣੇ ਰਹਿਣ ਤੇ ਬੂੰਦਾਬਾਂਦੀ ਹੋਣ ਕਾਰਨ ਕਿਸਾਨ ਚਿੰਤਤ ਨਜ਼ਰ ਆ ਰਹੇ ਹਨ। ਪਿੰਡ ਬੱਲੂਆਣਾ ਤੇ ਆਲੇ-ਦੁਆਲੇ ਖੇਤਰਾਂ ਵਿੱਚ ਪਿਛਲੇ ਦਿਨਾਂ ਤੋਂ ਮੌਸਮ ਦੀ ਖਰਾਬੀ ਕਾਰਨ ਕਿਸਾਨ ਅਤੇ ਠੇਕੇਦਾਰ ਚਿੰਤਤ ਦਿੱਖ ਰਹੇ ਹਨ। ਹਨੇਰੀ ਤੇ ਮੀਂਹ ਪੈਣ ਕਾਰਨ ਖੇਤੀਬਾੜੀ ਵਿੱਚ ਵੱਡਾ ਨੁਕਸਾਨ ਹੋਇਆ ਹੈ। ਇਸ ਵਾਰ ਬੇਰੀਆਂ ਦੀ ਫਸਲ ਇਸ ਮੌਸਮ ਦੇ ਅਸਮਾਨੀ ਪ੍ਰਭਾਵਾਂ ਤੋਂ ਬਚ ਨਹੀਂ ਸਕੀ। ਤੇਜ਼ ਹਨੇਰੀ ਤੇ ਮੀਂਹ ਕਾਰਨ ਬੇਰੀਆਂ ਦੇ ਬੇਰ ਟੁੱਟ ਕੇ ਧਰਤੀ ’ਤੇ ਡਿੱਗ ਲਏ ਅਤੇ ਖਰਾਬ ਹੋ ਗਏ ਹਨ। ਬੱਲੂਆਣਾ ਪਿੰਡ ਦੇ ਮਲੋਟ ਨੇੜੇ ਪਿੰਡ ਆਲਮਵਾਲਾ ਦੇ ਠੇਕੇਦਾਰ ਇਕਬਾਲ ਸਿੰਘ ਨੇ ਪਹਿਲੀ ਵਾਰ ਆਪਣੇ ਸਾਥੀਆਂ ਨਾਲ ਮਿਲ ਕੇ ਬੇਰੀਆਂ ਦਾ ਠੇਕਾ ਲਿਆ ਸੀ। ਸ਼ੁਰੂ ਵਿੱਚ ਬੇਰੀਆਂ ਦੇ ਬੂਟੇ ਫਲ ਨਾਲ ਭਰਪੂਰ ਸਨ ਤੇ ਮੰਡੀ ਵਿੱਚ ਵਧੀਆ ਰੇਟ ਮਿਲਣ ਕਾਰਨ ਠੇਕੇਦਾਰਾਂ ਦਾ ਹੌਸਲਾ ਵਧਿਆ। ਇਕਬਾਲ ਸਿੰਘ ਅਨੁਸਾਰ ਬੇਰੀਆਂ ਦੇ ਫਲ ਮੁੱਲਾਂਕਣ ਅਨੁਸਾਰ ਮੋਟੇ ਤੇ ਗੋਲ ਦਾਣੇ ਚੰਗੀ ਸਥਿਤੀ ਵਿੱਚ ਸਨ ਤੇ ਉਨ੍ਹਾਂ ਸੋਚਿਆ ਸੀ ਕਿ ਇਹ ਫਸਲ ਠੇਕੇ ’ਤੇ ਲੈ ਕੇ ਮੰਡੀ ਵਿਚ ਚੰਗਾ ਮੁੱਲ ਲਿਆ ਜਾ ਸਕੇਗਾ। ਪਰ ਪਿਛਲੇ ਦੋ ਦਿਨਾਂ ਤੋਂ ਮੀਂਹ-ਹਨੇਰੀ ਨੇ ਬੂਟਿਆਂ ’ਤੇ ਲੱਗੇ ਫਲਾਂ ਨੂੰ ਥੱਲੇ ਸੁੱਟ ਦਿੱਤਾ। ਇਸ ਕਾਰਨ ਫਲ ਖਰਾਬ ਹੋ ਗਏ ਅਤੇ ਠੇਕੇਦਾਰਾਂ ਨੂੰ ਲੱਖਾਂ ਦਾ ਨੁਕਸਾਨ ਹੋਇਆ। ਨੁਕਸਾਨੇ ਫਲ ਨੂੰ ਮਜਬੂਰੀ ਵਿੱਚ ਨੇੜੇ ਮੁਰਗੀਖਾਨੇ ਵਿੱਚ ਭੇਜਿਆ ਜਾ ਰਿਹਾ ਹੈ ਤਾਂ ਕਿ ਉਹ ਫੀਡ ਵਜੋਂ ਵਰਤਿਆ ਜਾ ਸਕੇ। ਇਕਬਾਲ ਸਿੰਘ ਨੇ ਇਹ ਵੀ ਕਿਹਾ ਕਿ ਬੇਰੀਆਂ ਦਾ ਠੇਕਾ ਮੋੜਨਾ ਵੀ ਹੁਣ ਔਖਾ ਹੋ ਗਿਆ ਹੈ ਕਿਉਂਕਿ ਬਾਜ਼ਾਰ ਵਿੱਚ ਖਰਾਬ ਫਲ ਨੂੰ ਵੇਚਣਾ ਮੁਸ਼ਕਲ ਹੋ ਗਿਆ ਹੈ। ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਅਪੀਲ ਕੀਤੀ ਕਿ ਜਿਵੇਂ ਕਣਕ ਅਤੇ ਹੋਰ ਫਸਲਾਂ ਦੇ ਨੁਕਸਾਨ ਦੀ ਗਿਰਦਾਵਰੀ ਕਰਵਾਈ ਜਾਂਦੀ ਹੈ ਤੇ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਂਦਾ ਹੈ, ਉਸੇ ਤਰ੍ਹਾਂ ਬੇਰੀਆਂ ਦੀ ਫਸਲ ਤੋਂ ਹੋਏ ਨੁਕਸਾਨ ਦਾ ਵੀ ਮੁਆਵਜ਼ਾ ਦਿੱਤਾ ਜਾਵੇ। ਪੀੜਤ ਨੇ ਦੱਸਿਆ ਕਿ ਇਹ ਹਾਲਤ ਸਿਰਫ਼ ਉਸਦੇ ਨਾਲ ਹੀ ਨਹੀਂ, ਸਗੋਂ ਸਾਰੇ ਜਿਲ੍ਹਾ ਬਠਿੰਡਾ ਵਿੱਚ ਜਿੱਥੇ ਠੇਕੇਦਾਰਾਂ ਨੇ ਬੇਰੀਆਂ ਦੇ ਬਾਗ ਲਏ ਹਨ, ਜਿਨ੍ਹਾਂ ਦਾ ਵੀ ਵੱਡਾ ਨੁਕਸਾਨ ਹੋਇਆ ਹੈ। ਝੱਖੜ-ਹਨੇਰੀ ਕਾਰਨ ਫਲ ਬੂਟਿਆਂ ਤੋਂ ਡਿੱਗਣ ਨਾਲ ਨੁਕਸਾਨੇ ਬੇਰ ਵੇਚਣ ਯੋਗ ਨਹੀਂ ਰਹੇ। ਠੇਕੇਦਾਰਾਂ ਦੀ ਮੰਗ ਹੈ ਕਿ ਸਰਕਾਰ ਇਸ ਮਾਮਲੇ ’ਚ ਜਲਦੀ ਕਾਰਵਾਈ ਕਰੇ ਅਤੇ ਕਿਸਾਨਾਂ ਨੂੰ ਹੋਏ ਨੁਕਸਾਨ ਦਾ ਬਰਾਬਰ ਮੁਆਵਜ਼ਾ ਦਿੱਤਾ ਜਾਵੇ।