ਮੀਂਹ ਪੈਣ ਤੋਂ ਬਾਅਦ ਤਾਪਮਾਨ ਘਟਿਆ ਤੇ ਠੰਢ ਨੇ ਜ਼ੋਰ ਫੜਿਆ
ਮੀਂਹ ਤੋਂ ਬਾਅਦ ਤਾਪਮਾਨ ਘਟਿਆ, ਜ਼ਿਲ੍ਹੇ ਅੰਦਰ ਠੰਢ ਨੇ ਫਿਰ ਫੜਿਆ ਜ਼ੋਰ
Publish Date: Sat, 24 Jan 2026 04:31 PM (IST)
Updated Date: Sun, 25 Jan 2026 04:04 AM (IST)

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਜ਼ਿਲ੍ਹੇ ਅੰਦਰ ਪਏ ਹਲਕੇ ਮੀਂਹ ਤੋਂ ਬਾਅਦ ਜ਼ਿਲ੍ਹੇ ਵਿੱਚ ਤਾਪਮਾਨ ਵਿੱਚ ਕਾਫ਼ੀ ਗਿਰਾਵਟ ਦਰਜ ਕੀਤੀ ਹੈ। ਮੌਸਮ ਵਿਭਾਗ ਦੇ ਅੰਕੜਿਆਂ ਅਨੁਸਾਰ ਪਿਛਲੇ ਪੰਜ ਦਿਨਾਂ ’ਚ ਤਾਪਮਾਨ ਲਗਭਗ 4.4 ਡਿਗਰੀ ਸੈਲਸੀਅਸ ਤਕ ਘਟ ਗਿਆ ਹੈ, ਜਿਸ ਨਾਲ ਠੰਢ ਨੇ ਫਿਰ ਆਪਣਾ ਪ੍ਰਭਾਵ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਸਵੇਰੇ ਤੇ ਸ਼ਾਮ ਦੇ ਸਮੇਂ ਦੌਰਾਨ ਠੰਢੀ ਹਵਾ ਚੱਲਣ ਕਾਰਨ ਲੋਕਾਂ ਨੂੰ ਗਰਮ ਕੱਪੜਿਆਂ ਦਾ ਸਹਾਰਾ ਲੈਣਾ ਪੈ ਰਿਹਾ ਹੈ। ਜ਼ਿਲ੍ਹੇ ’ਚ ਮੀਂਹ ਪੈਣ ਤੋਂ ਬਾਅਦ ਅਸਮਾਨ ਸਾਫ਼ ਹੋਣ ਤੇ ਉੱਤਰ ਵੱਲੋਂ ਆ ਰਹੀਆਂ ਠੰਢੀਆਂ ਹਵਾਵਾਂ ਕਾਰਨ ਤਾਪਮਾਨ ’ਚ ਲਗਾਤਾਰ ਕਮੀ ਆ ਰਹੀ ਹੈ। ਘੱਟੋ-ਘੱਟ ਤਾਪਮਾਨ ਵਿੱਚ ਵੀ ਕਾਫ਼ੀ ਹੱਦ ਤਕ ਕਮੀ ਦਰਜ ਕੀਤੀ ਗਈ ਹੈ, ਜਿਸ ਨਾਲ ਰਾਤਾਂ ਹੋਰ ਠੰਢੀਆਂ ਹੋ ਗਈਆਂ ਹਨ। ਮੌਸਮ ਮਾਹਿਰਾਂ ਅਨੁਸਾਰ ਅਗਲੇ ਕੁਝ ਦਿਨਾਂ ਤਕ ਤਾਪਮਾਨ ਵਧਣ ਦੀ ਸੰਭਾਵਨਾ ਨਹੀਂ ਹੈ। ਸ਼ਨਿੱਚਰਵਾਰ ਨੂੰ ਜ਼ਿਲ੍ਹੇ ਦਾ ਘੱਟ ਤੋਂ ਘੱਟ ਤਾਪਮਾਨ 0.8 ਡਿਗਰੀ ਸੈਲਸੀਅਸ ਤੇ ਵੱਧ ਤੋਂ ਵੱਧ ਤਾਪਮਾਨ 19.2 ਡਿਗਰੀ ਸੈਲਸੀਅਸ ਦਰਜ ਕੀਤਾ ਹੈ ਜਦਕਿ 20 ਜਨਵਰੀ ਨੂੰ ਘੱਟ ਤੋਂ ਘੱਟ ਤਾਪਮਾਨ 5.2 ਡਿਗਰੀ ਸੈਲਸੀਅਸ ਤੇ ਵੱਧ ਤੋਂ ਵੱਧ ਤਾਪਮਾਨ 21.2 ਡਿਗਰੀ ਸੈਲਸੀਅਸ ਦਰਜ ਕੀਤਾ ਸੀ। ਸ਼ਨਿੱਚਰਵਾਰ ਨੂੰ ਭਾਵੇਂ ਧੁੱਪ ਨਿਕਲੀ ਪਰ ਸੀਤ ਲਹਿਰ ਕਾਰਨ ਠੰਢ ਦਾ ਅਹਿਸਾਸ ਹੁੰਦਾ ਰਿਹਾ। ਠੰਢ ਦੇ ਇਸ ਵਧਦੇ ਪ੍ਰਭਾਵ ਦਾ ਸਭ ਤੋਂ ਵੱਡਾ ਫਾਇਦਾ ਕਣਕ ਦੀ ਫ਼ਸਲ ਨੂੰ ਮਿਲ ਰਿਹਾ ਹੈ। ਖੇਤੀਬਾੜੀ ਮਾਹਿਰਾਂ ਨੇ ਕਿਹਾ ਕਿ ਇਸ ਸਮੇਂ ਪੈਂਦੀ ਠੰਢ ਕਣਕ ਦੀ ਵਾਧ-ਵਿਕਾਸ ਲਈ ਬਹੁਤ ਹੀ ਲਾਭਕਾਰੀ ਸਾਬਤ ਹੁੰਦੀ ਹੈ। ਠੰਢੇ ਮੌਸਮ ਕਾਰਨ ਕਣਕ ਦੇ ਬੂਟੇ ਮਜ਼ਬੂਤ ਬਣਦੇ ਹਨ ਅਤੇ ਦਾਣਿਆਂ ਗਰੋਧ ਵੀ ਚੰਗੀ ਹੁੰਦੀ ਹੈ, ਜਿਸ ਨਾਲ ਪੈਦਾਵਾਰ ਵਧਣ ਦੀ ਆਸ ਬਣਦੀ ਹੈ। ਕਿਸਾਨਾਂ ਅਨੁਸਾਰ ਜੇਕਰ ਇਸ ਤਰ੍ਹਾਂ ਦੀ ਠੰਢ ਕੁਝ ਹੋਰ ਦਿਨ ਬਣੀ ਰਹੀ ਤਾਂ ਕਣਕ ਦੀ ਫਸਲ ਨੂੰ ਵੱਡਾ ਲਾਭ ਹੋਵੇਗਾ। ਦੂਜੇ ਪਾਸੇ ਠੰਢ ਵਧਣ ਨਾਲ ਆਮ ਜੀਵਨ ’ਤੇ ਵੀ ਅਸਰ ਪਿਆ ਹੈ। ਸਵੇਰੇ ਸਕੂਲ ਜਾਣ ਵਾਲੇ ਬੱਚਿਆਂ ਤੇ ਦਫ਼ਤਰ ਜਾਣ ਵਾਲੇ ਮੁਲਾਜ਼ਮਾਂ ਨੂੰ ਠੰਢ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼ਹਿਰਾਂ ਅਤੇ ਪਿੰਡਾਂ ਵਿੱਚ ਸਵੇਰੇ ਧੁੰਦ ਅਤੇ ਠੰਢੀ ਹਵਾ ਕਾਰਨ ਲੋਕ ਅੱਗ ਸੇਕਦੇ ਵੀ ਨਜ਼ਰ ਆ ਰਹੇ ਹਨ। ਸਿਵਲ ਹਸਪਤਾਲ ਦੇ ਡਾਕਟਰ ਅਰੁਣ ਬਾਂਸਲ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਠੰਢ ਤੋਂ ਬਚਾਅ ਲਈ ਗਰਮ ਕੱਪੜੇ ਪਹਿਨਣ ਅਤੇ ਸਵੇਰੇ-ਸ਼ਾਮ ਠੰਢੀ ਹਵਾ ਤੋਂ ਖ਼ਾਸ ਤੌਰ ’ਤੇ ਸਾਵਧਾਨ ਰਹਿਣ। ਖ਼ਾਸ ਕਰਕੇ ਬਜ਼ੁਰਗਾਂ ਅਤੇ ਬੱਚਿਆਂ ਨੂੰ ਆਪਣੀ ਸਿਹਤ ਦਾ ਧਿਆਨ ਰੱਖਣ ਦੀ ਅਪੀਲ ਕੀਤੀ ਗਈ ਹੈ। ਮੌਸਮ ਵਿਭਾਗ ਅਨੁਸਾਰ ਅਗਲੇ ਦਿਨਾਂ ਵਿਚ ਠੰਢ ਇਸੇ ਤਰ੍ਹਾਂ ਜਾਰੀ ਰਹੇਗੀ।