ਪੰਜਾਬ ਦਾ ਪੌਣ-ਪਾਣੀ ਬਚਾਉਣ ਲਈ ਖੇਤੀ ਵਿਭਿੰਨਤਾ ਅਪਨਾਉਣਾ ਸਮੇਂ ਦੀ ਲੋੜ : ਜਥੇ. ਖੁੱਡੀਆਂ
ਪੰਜਾਬ ਦੇ ਪੌਣ-ਪਾਣੀ ਨੂੰ ਬਚਾਉਣ ਲਈ ਖੇਤੀ ਵਿਭਿੰਨਤਾ ਅਪਨਾਉਣਾ ਸਮੇਂ ਦੀ ਲੋੜ : ਜਥੇਦਾਰ ਗੁਰਮੀਤ ਸਿੰਘ ਖੁੱਡੀਆਂ
Publish Date: Tue, 24 Mar 2026 06:23 PM (IST)
Updated Date: Wed, 25 Mar 2026 04:05 AM (IST)

-ਕਿਹਾ, ਖ਼ੁਦ ਮੰਡੀਕਰਨ ਕਰਕੇ ਖੇਤੀ ਦੇ ਕਿੱਤੇ ਨੂੰ ਬਣਾਇਆ ਜਾ ਸਕਦੈ ਹੋਰ ਵੀ ਲਾਹੇਵੰਦ ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਖੇਤਰੀ ਖੋਜ ਕੇਂਦਰ, ਬਠਿੰਡਾ ਵਿਖੇ ਸਾਉਣੀ ਦੀਆਂ ਫ਼ਸਲਾਂ ਦਾ ਕਿਸਾਨ ਮੇਲਾ ਲਗਾਇਆ ਗਿਆ, ਜਿਸ ਵਿੱਚ ਵੱਡੀ ਗਿਣਤੀ ’ਚ ਕਿਸਾਨਾਂ ਤੇ ਕਿਸਾਨ ਬੀਬੀਆਂ ਨੇ ਸ਼ਿਰਕਤ ਕੀਤੀ। “ਖੇਤੀ ਵਿਭਿੰਨਤਾ ਅਪਣਾਓ, ਵਡਮੁੱਲਾ ਵਾਤਾਵਰਨ ਬਚਾਓ“ ਦੇ ਉਦੇਸ਼ ਨੂੰ ਲੈ ਕੇ ਲਗਾਏ ਇਸ ਕਿਸਾਨ ਮੇਲੇ ਵਿੱਚ ਕੈਬਨਿਟ ਮੰਤਰੀ ਖੇਤੀਬਾੜੀ ਤੇ ਕਿਸਾਨ ਭਲਾਈ, ਪਸ਼ੂ਼ ਪਾਲਣ ਤੇ ਡੇਅਰੀ ਵਿਕਾਸ, ਮੱਛੀ ਪਾਲਣ ਤੇ ਫੂਡ ਪ੍ਰੋਸੈਸਿੰਗ ਜਥੇਦਾਰ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਮੁੱਖ ਮਹਿਮਾਨ ਵਜੋਂ ਜਦਕਿ ਹਲਕਾ ਵਿਧਾਇਕ ਬਠਿੰਡਾ (ਸ਼ਹਿਰੀ) ਜਗਰੂਪ ਸਿੰਘ ਗਿੱਲ ਅਤੇ ਮੈਂਬਰ ਪ੍ਰਬੰਧਕੀ ਬੋਰਡ ਪੀਏਯੂ ਮੋਹਨ ਸਿੰਘ ਜਾਖੜ ਵਿਸ਼ੇਸ਼ ਮਹਿਮਾਨ ਵਜੋ ਸ਼ਾਮਲ ਹੋਏ। ਪ੍ਰਧਾਨਗੀ ਡਾ. ਸਤਿਬੀਰ ਸਿੰਘ ਗੋਸਲ, ਵਾਈਸ ਚਾਂਸਲਰ ਪੰਜਾਬ ਖੇਤੀਬਾੜੀ ’ਵਰਸਿਟੀ ਨੇ ਕੀਤੀ। ਇਸ ਮੌਕੇ ਜਤਿੰਦਰ ਸਿੰਘ ਭੱਲਾ ਚੇਅਰਮੈਨ ਇੰਪਰੂਵਮੈਟ ਟਰੱਸਟ ਬਠਿੰਡਾ ਤੋ ਇਲਾਵਾ ’ਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ ਮੁਖੀ ਅਤੇ ਵਿਗਿਆਨੀ ਸ਼ਾਮਲ ਹੋਏ। ਕਿਸਾਨਾਂ ਨੂੰ ਸੰਬੋਧਨ ਕਰਦਿਆਂ ਜਥੇ. ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਪੰਜਾਬ ਵਿੱਚ ਕਈ ਮੇਲੇ ਤੇ ਤਿਉਹਾਰ ਮਨਾਏ ਜਾਂਦੇ ਹਨ ਪਰ ਖੇਤੀ ਪ੍ਰਧਾਨ ਸੂਬੇ ਦੇ ਖੇਤੀ ਸੱਭਿਆਚਾਰ ਦੀਆਂ ਝਲਕੀਆਂ ਪੇਸ਼ ਕਰਦੇ ਪੀਏਯੂ ਵੱਲੋਂ ਲਗਾਏ ਜਾਂਦੇ ਕਿਸਾਨ ਮੇਲਿਆਂ ਦੀ ਆਪਣੀ ਹੀ ਵਿਲੱਖਣਤਾ ਹੈ। ਖੇਤੀ ਜਲਵਾਯੂ ਵਿੱਚ ਹੋ ਰਹੀ ਹਲਚਲ ਕਰਕੇ ਬਦਲ ਰਹੀਆਂ ਪ੍ਰਸਥਿਤੀਆਂ ਕਾਰਨ ਗਿਆਨ, ਵਿਗਿਆਨ ਤੇ ਤਕਨਾਲੋਜੀ ਦੇ ਇਸ ਯੁੱਗ ਵਿੱਚ ਖੇਤੀ ਦੀਆਂ ਤਕਨੀਕਾਂ ਵੀ ਬਦਲ ਰਹੀਆਂ ਹਨ ਤੇ ਸਮੇਂ ਦੇ ਹਾਣ ਦਾ ਹੋਣ ਲਈ ਕਿਸਾਨ ਮੇਲਿਆਂ ਵਿੱਚ ਵੱਧ ਤੋਂ ਵੱਧ ਸ਼ਿਰਕਤ ਕਰਕੇ ਇਸ ਨਵੀਨ ਗਿਆਨ ਨੂੰ ਹਾਸਲ ਕਰਨ ਦੀ ਲੋੜ ਹੈ। ਜਥੇ. ਖੁੱਡੀਆਂ ਨੇ ਪੰਜਾਬ ਐਗਰੀਕਲਚਰਲ ’ਵਰਸਿਟੀ ਦੇ ਦੇਸ਼ ਦੀਆਂ 75 ਖੇਤੀ ਯੂਨੀਵਰਸਿਟੀਆਂ ’ਚ ਲਗਾਤਾਰ ਤੀਜੇ ਸਾਲ ਪਹਿਲੇ ਨੰਬਰ ’ਤੇ ਆਉਣ ’ਤੇ ਖੇਤੀ ਵਿਗਿਆਨੀਆਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ 1.53 ਫ਼ੀਸਦੀ ਰਕਬੇ ਵਾਲੇ ਛੋਟੇ ਜਿਹੇ ਸੂਬੇ ਦੇ ਮਿਹਨਕਸ਼ ਕਿਸਾਨਾਂ ਤੇ ਖੇਤੀ ਵਿਗਿਆਨੀਆਂ ਨੇ ਸਖ਼ਤ ਮਿਹਨਤ ਕਰਕੇ ਅੰਨ ਦੇ ਅੰਬਾਰ ਲਾ ਕੇ ਦੇਸ਼ ਨੂੰ ਅਨਾਜ ਸੁਰੱਖਿਆ ਪ੍ਰਦਾਨ ਕੀਤੀ ਹੈ, ਪਰ ਖਮਿਆਜ਼ੇ ਵਜੋਂ ਹੁਣ ਸਾਡਾ ਪੌਣ-ਪਾਣੀ ਪ੍ਰਭਾਵਿਤ ਹੋ ਰਿਹਾ ਹੈ, ਜਿਸ ਨੂੰ ਬਚਾਉਣ ਲਈ ਸਾਨੂੰ ਖੇਤੀ ਵਿਭਿੰਨਤਾ ਵੱਲ ਜਾਣਾ ਸਮੇਂ ਦੀ ਲੋੜ ਹੈ। ਡਾ. ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਕਿਸਾਨ ਮੇਲੇ ਵਿੱਚ ਵੱਡੀ ਗਿਣਤੀ ਕਿਸਾਨਾਂ ਦਾ ਸ਼ਿਰਕਤ ਕਰਨਾ ਉਨ੍ਹਾਂ ਦਾ ’ਵਰਸਿਟੀ ਦੀਆਂ ਖੋਜ ਤੇ ਪਸਾਰ ਸੇਵਾਵਾਂ ਪ੍ਰਤੀ ਅਥਾਹ ਵਿਸ਼ਵਾਸ ਦਾ ਪ੍ਰਤੀਕ ਹੈ। ਕਿਸਾਨ ਮੇਲੇ ਦੇ ਉਦੇਸ਼ ਬਾਰੇ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਹੁਣ ਸਾਨੂੰ ਕਣਕ ਝੋਨੇ ਦੇ ਰਿਵਾਇਤੀ ਫ਼ਸਲੀ ਚੱਕਰ ਵਿਚੋਂ ਨਿਕਲ ਕੇ ਖੇਤੀ ਵਿਭਿੰਨਤਾ ਨੂੰ ਅਪਣਾਉਣਾ ਪਵੇਗਾ, ਤਾਂ ਜੋ ਸਾਡਾ ਵਾਤਾਵਰਣ ਸੁਰੱਖਿਅਤ ਰਹਿ ਸਕੇ ਤੇ ਖੇਤੀ ਨਿਰੰਤਰਤਾ ਬਣੀ ਰਹੇ। ਦਾਲਾਂ, ਤੇਲ ਬੀਜ, ਫ਼ਲਾਂ, ਫੁੱਲਾਂ ਤੇ ਸਬਜ਼ੀਆਂ ਆਦਿ ਫ਼ਸਲਾਂ ਦੀ ਕਾਸ਼ਤ ਕਰਨ ਦੀ ਲੋੜ ਹੈ। ਡਾ. ਗੋਸਲ ਨੇ ਕਿਸਾਨਾਂ ਨੂੰ ਖੇਤੀ ਜਿਨਸਾਂ ਨੂੰ ਸਿੱਧਾ ਮੰਡੀ ਵਿੱਚ ਲਿਜਾਣ ਦੀ ਬਜਾਏ ਇਨ੍ਹਾਂ ਦੀ ਪ੍ਰੋਸੈਸਿੰਗ ਕਰਨ, ਡੱਬਾਬੰਦੀ ਕਰਨ ਤੇ ਮੰਡੀਕਰਨ ਖੁਦ ਕਰਨ ਦੀ ਸਿ਼ਫਾਰਿਸ਼ ਕੀਤੀ। ਯੂਨੀਵਰਸਿਟੀ ਦੇ ਵੱਖ-ਵੱਖ ਕਾਲਜਾਂ ਅਤੇ ਇੰਸਟੀਚਿਊਟ ਆਫ ਐਗਰੀਕਲਚਰ, ਬਠਿੰਡਾ ਅਤੇ ਗੁਰਦਾਸਪੁਰ ਵੱਲੋਂ 10ਵੀਂ ਤਕ ਦੀ ਪੜ੍ਹਾਈ ਪਿੰਡਾਂ ਦੇ ਸਕੂਲਾਂ ਵਿੱਚ ਹਾਸਲ ਕਰਨ ਵਾਲੇ ਕਿਸਾਨਾਂ ਦੇ ਬੱਚਿਆਂ ਲਈ ਦਸ ਫੀਸਦੀ ਸੀਟਾਂ ਰਾਖਵੀਆਂ ਰੱਖੀਆਂ ਗਈਆਂ ਹਨ, ਇਸ ਕਰਕੇ ਕਿਸਾਨਾਂ ਨੂੰ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਖੇਤੀ ਸਿੱਖਿਆ ਮੁਹੱਈਆ ਕਰਵਾਉਣ ਦੀ ਲੋੜ ਹੈ। ਡਾ. ਅਜਮੇਰ ਸਿੰਘ ਢੱਟ ਨਿਰਦੇਸ਼ਕ ਖੋਜ, ਨੇ ਤਕਨਾਲੋਜੀ ਨੇ ਦੱਸਿਆ ਕਿ ਯੂਨੀਵਰਸਿਟੀ ਦੇ ਖੇਤ ਵਿਗਿਆਨੀਆਂ ਵੱਲੋਂ ਹੁਣ ਤੱਕ 991 ਤੋਂ ਵੱਧ ਕਿਸਮਾਂ ਵਿਕਸਤ ਕੀਤੀਆਂ ਹਨ, ਜਿਨ੍ਹਾਂ ਵਿੱਚੋਂ ਲੱਗਭੱਗ 250 ਕਿਸਮਾਂ ਦੀ ਪਛਾਣ ਰਾਸ਼ਟਰੀ ਪੱਧਰ ’ਤੇ ਕਾਸ਼ਤ ਕਰਨ ਲਈ ਵੀ ਹੋਈ ਹੈ। ਡਾ. ਮੱਖਣ ਸਿੰਘ ਭੁੱਲਰ, ਨਿਰਦੇਸ਼ਕ ਪਸਾਰ ਸਿੱਖਿਆ ਨੇ ਪੀਏਯੂ. ਵੱਲੋ ਲਗਾਏ ਜਾਂਦੇ ਕਿਸਾਨ ਮੇਲਿਆਂ ਨੂੰ ਗਿਆਨ, ਵਿਗਿਆਨ ਤੇ ਤਕਨਾਲੋਜੀ ਦਾ ਮਹਾਂਕੁੰਭ ਦੱਸਿਆ। ਮੰਚ ਸੰਚਾਲਨ ਕਰਦਿਆਂ ਡਾ. ਤੇਜਿੰਦਰ ਸਿੰਘ ਰਿਆੜ ਅੱਪਰ ਨਿਰਦੇਸ਼ਕ ਸੰਚਾਰ ਪੀਏਯੂ ਨੇ ਕੀਤਾ। ਇਸ ਮੌਕੇ ਜਥੇ. ਗੁਰਾਦਿੱਤਾ ਸਿੰਘ ਮਾਹਲ ਯਾਦਗਾਰੀ ਪੁਰਸਕਾਰ ਜਰਨੈਲ ਸਿੰਘ ਪਿੰਡ ਜਗਤਪੁਰਾ ਜ਼ਿਲ੍ਹਾ ਤਰਨਤਾਰਨ ਨੂੰ ਪ੍ਰਦਾਨ ਕੀਤਾ ਗਿਆ। ਡਾ. ਕਰਮਜੀਤ ਸਿੰਘ ਸੇਖੋਂ ਨਿਰਦੇਸ਼ਕ, ਖੇਤਰੀ ਖੋਜ ਕੇਂਦਰ ਬਠਿੰਡਾ ਨੇ ਧੰਨਵਾਦ ਦੇ ਸ਼ਬਦ ਕਹਿੰਦਿਆਂ ਕਿਸਾਨਾਂ ਨੂੰ ’ਵਰਸਿਟੀ ਵੱਲੋਂ ਤਿਆਰ ਕੀਤੀਆਂ ਸਬਜ਼ੀਆਂ, ਤੇਲਬੀਜਾਂ, ਮੋਟੇ ਅਨਾਜਾਂ ਤੇ ਚਾਰੇ ਦੀਆਂ ਫ਼ਸਲਾਂ ਦੀਆਂ ਕਿੱਟਾਂ, ਫ਼ਲਾਂ ਤੇ ਫੁੱਲਾਂ ਦੇ ਬੂਟੇ ਖਰੀਦਣ ਲਈ ਕਿਹਾ।