12 ਫਰਵਰੀ ਨੂੰ ਪੀਆਰਟੀਸੀ ਮੁਲਾਜ਼ਮ ਕਰਨਗੇ ਚੱਕਾ ਜਾਮ
ਪੀਆਰਟੀਸੀ ਮੁਲਾਜ਼ਮਾਂ ਨੇ ਗਣਤੰਤਰ ਦਿਵਸ ਮੌਕੇ ਕੀਤੀ ਗੇਟ ਰੈਲੀ
Publish Date: Tue, 27 Jan 2026 07:00 PM (IST)
Updated Date: Wed, 28 Jan 2026 04:10 AM (IST)

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਪੰਜਾਬ ਰੋਡਵੇਜ਼ ਪਨਬੱਸ/ਪੀਆਰਟੀਸੀ. ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ (25/11) ਵੱਲੋਂ ਗਣਤੰਤਰ ਦਿਵਸ ਮੌਕੇ ਸੂਬੇ ਭਰ ਦੇ ਡਿਪੂਆਂ ’ਤੇ ਗੇਟ ਰੈਲੀਆਂ ਕਰਕੇ ਸੰਵਿਧਾਨ ਤਹਿਤ ਬੋਲਣ ਤੇ ਆਪਣੇ ਬਣਦੇ ਹੱਕ ਮੰਗਣ ਦੀ ਆਜ਼ਾਦੀ ਦੀ ਮੰਗ ਕੀਤੀ ਗਈ। ਬਠਿੰਡਾ ਡਿਪੂ ਦੇ ਗੇਟ ’ਤੇ ਰੈਲੀ ਨੂੰ ਸੰਬੋਧਨ ਕਰਦਿਆਂ ਸੂਬਾ ਆਗੂ ਸਰਬਜੀਤ ਸਿੰਘ ਭੁੱਲਰ ਨੇ ਕਿਹਾ ਕਿ ਗਣਤੰਤਰ ਦਿਵਸ ਮਨਾਉਣ ਦੇ ਬਾਵਜੂਦ ਪੰਜਾਬ ’ਚ ਆਮ ਲੋਕਾਂ ਨੂੰ ਸੰਵਿਧਾਨਕ ਹੱਕਾਂ ਲਈ ਸ਼ਾਂਤਮਈ ਸੰਘਰਸ਼ ਕਰਨ ਦੀ ਅਜ਼ਾਦੀ ਨਹੀਂ ਦਿੱਤੀ ਜਾ ਰਹੀ। ਉਨ੍ਹਾਂ ਦੋਸ਼ ਲਾਇਆ ਕਿ ਕਦੇ ਕਿਸਾਨਾਂ, ਕਦੇ ਮਜ਼ਦੂਰ ਜਥੇਬੰਦੀਆਂ, ਕਦੇ ਪੱਤਰਕਾਰਾਂ ਤੇ ਹੁਣ ਪਨਬੱਸ ਮੁਲਾਜ਼ਮਾਂ ’ਤੇ ਲਾਠੀਚਾਰਜ ਤੇ ਨਾਜਾਇਜ਼ ਪਰਚੇ ਦਰਜ ਕਰਕੇ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ। ਸੰਗਰੂਰ ’ਚ ਪਨਬਸ ਮੁਲਾਜ਼ਮਾਂ ਨੂੰ ਨਾਜਾਇਜ਼ ਤੌਰ ’ਤੇ ਜੇਲ੍ਹਾਂ ਵਿੱਚ ਬੰਦ ਕਰਨਾ ਤਾਨਾਸ਼ਾਹੀ ਰਵੱਈਏ ਨੂੰ ਦਰਸਾਉਂਦਾ ਹੈ। ਸੰਵਿਧਾਨ ਨੇ ਡਾ. ਅੰਬੇਡਕਰ ਵੱਲੋਂ ਲੋਕਾਂ ਨੂੰ ਬੋਲਣ ਤੇ ਵੋਟ ਦਾ ਹੱਕ ਦਿੱਤਾ ਹੈ, ਜਿਸਨੂੰ ਕੋਈ ਵੀ ਸਰਕਾਰ ਖੋਹ ਨਹੀਂ ਸਕਦੀ। ਡਿਪੂ ਪ੍ਰਧਾਨ ਹਰਤਾਰ ਸ਼ਰਮਾ, ਹਰਬੰਸ ਸਿੰਘ ਭੋਲਾ ਅਤੇ ਬਲਕਾਰ ਸਿੰਘ ਗਿੱਲ ਨੇ ਕਿਹਾ ਕਿ ਪਨਬੱਸ ਤੇ ਪੀਆਰਟੀਸੀ ’ਚ ਪਿਛਲੇ ਲੰਮੇ ਸਮੇਂ ਤੋਂ ਆਊਟਸੋਰਸ ਅਤੇ ਕੰਟਰੈਕਟ ਮੁਲਾਜ਼ਮ ਪੰਜਾਬ ਦੇ ਲੋਕਾਂ ਨੂੰ ਸੇਵਾਵਾਂ ਦੇ ਰਹੇ ਹਨ। ਠੇਕੇਦਾਰ ਪ੍ਰਣਾਲੀ ਖਤਮ ਕਰਨ ਦੇ ਵਾਅਦਿਆਂ ਦੇ ਬਾਵਜੂਦ ਸਰਕਾਰ ਨੇ ਚਾਰ ਸਾਲਾਂ ਵਿੱਚ ਤਿੰਨ ਠੇਕੇਦਾਰ ਬਦਲੇ, ਜਿਨ੍ਹਾਂ ਵੱਲੋਂ ਕੱਚੇ ਮੁਲਾਜ਼ਮਾਂ ਦੀ ਕਰੋੜਾਂ ਰੁਪਏ ਦੀ ਲੁੱਟ ਕੀਤੀ ਗਈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਬਜਾਏ ਕਿਲੋਮੀਟਰ ਸਕੀਮ ਰਾਹੀਂ ਨਿੱਜੀ ਮਾਫੀਆ ਨੂੰ ਫਾਇਦਾ ਪਹੁੰਚਾ ਰਹੀ ਹੈ। ਯੂਨੀਅਨ ਆਗੂਆਂ ਨੇ ਕਿਹਾ ਕਿ ਕਿਲੋਮੀਟਰ ਸਕੀਮ ਦੇ ਵਿਰੋਧ ਕਾਰਨ ਆਗੂਆਂ ਅਤੇ ਮੁਲਾਜ਼ਮਾਂ ਨੂੰ ਘਰਾਂ ਤੋਂ ਗ੍ਰਿਫ਼ਤਾਰ ਕਰਕੇ 307 ਵਰਗੀਆਂ ਗੰਭੀਰ ਧਾਰਾਵਾਂ ਲਾ ਕੇ ਦੋ ਮਹੀਨੇ ਤੋਂ ਜੇਲ੍ਹਾਂ ’ਚ ਬੰਦ ਕੀਤਾ ਗਿਆ ਹੈ, ਜੋ ਨਿਆਂਸੰਗਤ ਨਹੀਂ। ਅੰਗਰੇਜ਼ ਸਿੱਧੂ, ਮਨਦੀਪ ਸਿੰਘ ਅਤੇ ਹੋਰ ਆਗੂਆਂ ਨੇ ਕਿਹਾ ਕਿ ਪਨਬੱਸ ਤੇ ਪੀਆਰਟੀਸੀ ਦੇ ਫ੍ਰੀ ਸਫ਼ਰ ਦੀ ਲਗਭਗ 1100-1200 ਕਰੋੜ ਰੁਪਏ ਦੀ ਰਾਸ਼ੀ ਬਕਾਇਆ ਹੈ ਤੇ ਵਿਭਾਗ ਨੂੰ ਚਲਾਉਣ ਵਿੱਚ ਸਰਕਾਰ ਨਾਕਾਮ ਰਹੀ ਹੈ। ਜੇਕਰ ਸਾਥੀਆਂ ਨੂੰ ਜਲਦ ਰਿਹਾਅ ਨਾ ਕੀਤਾ ਤੇ ਮੰਗਾਂ ਦਾ ਹੱਲ ਨਾ ਹੋਇਆ ਤਾਂ 9 ਫਰਵਰੀ ਨੂੰ ਗੇਟ ਰੈਲੀਆਂ ਤੇ 12 ਫਰਵਰੀ ਨੂੰ ਸੂਬੇ ਭਰ ਵਿੱਚ ਮੁਕੰਮਲ ਹੜਤਾਲ ਕਰਕੇ ਟਰਾਂਸਪੋਰਟ ਦਾ ਚੱਕਾ ਜਾਮ ਕੀਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਸਰਕਾਰ ਤੇ ਮੈਨੇਜਮੈਂਟ ਦੀ ਹੋਵੇਗੀ।