- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਾਵਰਕਾਮ ਮੈਨੇਜਮੈਂਟ ਦੇ ਰਵੱਈਏ ਖ਼ਿਲਾਫ਼ ਥਰਮਲ ਮੁਲਾਜ਼ਮਾਂ ਦਾ ਰੋਸ ਪ੍ਰਦਰਸ਼ਨ

-ਆਊਟਸੋਰਸ ਮੁਲਾਜ਼ਮਾਂ ਦੀਆਂ ਤਨਖਾਹਾਂ ਰੋਕਣ 'ਤੇ ਪ੍ਰਗਟਾਈ ਨਾਰਾਜ਼ਗੀ
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ
ਪਾਵਰਕਾਮ ਮੈਨੇਜਮੈਂਟ ਵੱਲੋਂ ਮੁਲਾਜ਼ਮਾਂ ਨਾਲ ਹੋਈਆਂ ਸਹਿਮਤੀਆਂ ਨੂੰ ਲਾਗੂ ਨਾ ਕਰਨ ਅਤੇ ਆਊਟਸੋਰਸ ਕਰਮਚਾਰੀਆਂ ਦੀਆਂ ਤਨਖਾਹਾਂ ਜਾਰੀ ਨਾ ਕਰਨ ਦੇ ਵਿਰੋਧ ਵਿੱਚ ਥਰਮਲ ਪਲਾਂਟ ਲਹਿਰਾ ਮੁਹੱਬਤ ਦੇ ਮੁਲਾਜ਼ਮਾਂ ਨੇ ਮੰਗਲਵਾਰ ਨੂੰ ਜ਼ੋਰਦਾਰ ਰੋਸ ਮੁਜ਼ਾਹਰਾ ਕੀਤਾ। ਇਸ ਦੌਰਾਨ ਪੰਜਾਬ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਮੰਗਾਂ ਨੂੰ ਤੁਰੰਤ ਲਾਗੂ ਕਰਨ ਦੀ ਮੰਗ ਕੀਤੀ ਗਈ। ਇਹ ਰੋਸ ਰੈਲੀ ਇੰਪਲਾਇਜ਼ ਜੁਆਇੰਟ ਫੋਰਮ, ਬਿਜਲੀ ਮੁਲਾਜ਼ਮ ਏਕਤਾ ਮੰਚ, ਜੂਨੀਅਰ ਇੰਜੀਨੀਅਰ ਐਸੋਸੀਏਸ਼ਨ, ਗਰਿੱਡ ਸਬ-ਸਟੇਸ਼ਨ ਇੰਪਲਾਇਜ਼ ਯੂਨੀਅਨ-24 ਪੰਜਾਬ ਦੇ ਸੱਦੇ 'ਤੇ ਇੰਪਲਾਇਜ਼ ਫੈਡਰੇਸ਼ਨ ਚਾਹਲ ਗਰੁੱਪ ਅਤੇ ਗਰਿੱਡ ਸਬ-ਸਟੇਸ਼ਨ ਇੰਪਲਾਇਜ਼ ਯੂਨੀਅਨ ਵੱਲੋਂ ਸਾਂਝੇ ਤੌਰ 'ਤੇ ਥਰਮਲ ਪਲਾਂਟ ਦੇ ਮੁੱਖ ਗੇਟ 'ਤੇ ਕੀਤੀ ਗਈ। ਰੈਲੀ ਨੂੰ ਸੰਬੋਧਨ ਕਰਦਿਆਂ ਆਗੂਆਂ ਲਖਵੰਤ ਸਿੰਘ ਬਾਂਡੀ, ਰਣਜੀਤ ਸਿੰਘ, ਰਜਿੰਦਰ ਸਿੰਘ ਨਿੰਮਾ, ਰਘਬੀਰ ਸਿੰਘ ਸੈਣੀ, ਸੁਖਵਿੰਦਰ ਸਿੰਘ ਬਾਠ ਅਤੇ ਅਵਤਾਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਵੱਲੋਂ ਵੱਖ-ਵੱਖ ਮੌਕਿਆਂ 'ਤੇ ਜਥੇਬੰਦੀਆਂ ਨਾਲ ਹੋਈਆਂ ਮੀਟਿੰਗਾਂ ਵਿੱਚ ਕਈ ਮੰਗਾਂ ਸਬੰਧੀ ਸਹਿਮਤੀ ਬਣਨ ਦੇ ਬਾਵਜੂਦ ਉਨ੍ਹਾਂ ਨੂੰ ਅਮਲ ਵਿੱਚ ਨਹੀਂ ਲਿਆਂਦਾ ਜਾ ਰਿਹਾ। ਆਗੂਆਂ ਨੇ ਦੱਸਿਆ ਕਿ 30 ਅਪਰੈਲ ਨੂੰ ਬਿਜਲੀ ਮੰਤਰੀ, 25 ਮਈ ਨੂੰ ਸੀਐੱਮਡੀ, 11 ਜੂਨ ਨੂੰ ਮੁੜ ਬਿਜਲੀ ਮੰਤਰੀ ਅਤੇ 2 ਜੁਲਾਈ ਨੂੰ ਵਿੱਤ ਮੰਤਰੀ ਨਾਲ ਹੋਈਆਂ ਮੀਟਿੰਗਾਂ ਵਿੱਚ ਕਈ ਮੰਗਾਂ 'ਤੇ ਸਹਿਮਤੀ ਬਣੀ ਸੀ, ਪਰ ਮੈਨੇਜਮੈਂਟ ਟਾਲਮਟੋਲ ਦੀ ਨੀਤੀ ਅਪਣਾ ਰਹੀ ਹੈ, ਜਿਸ ਕਾਰਨ ਮੁਲਾਜ਼ਮਾਂ ਵਿੱਚ ਭਾਰੀ ਰੋਸ ਹੈ।
ਉਨ੍ਹਾਂ ਕਿਹਾ ਕਿ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ, ਛੇਵੇਂ ਤਨਖ਼ਾਹ ਕਮਿਸ਼ਨ ਦੀਆਂ ਤਰੁੱਟੀਆਂ ਦੂਰ ਕਰਨ, ਥਰਮਲ ਕੈਟਾਗਰੀ ਦੇ ਮੁਲਾਜ਼ਮਾਂ ਨੂੰ ਜੂਨੀਅਰ ਇੰਜੀਨੀਅਰ ਕੈਟਾਗਰੀ ਦੇ ਬਰਾਬਰ ਸ਼ੁਰੂਆਤੀ ਤਨਖ਼ਾਹ ਸਕੇਲ ਦੇਣ, 17 ਜੁਲਾਈ 2020 ਤੋਂ ਬਾਅਦ ਭਰਤੀ ਜਾਂ ਰੈਗੂਲਰ ਹੋਏ ਕਰਮਚਾਰੀਆਂ 'ਤੇ ਛੇਵਾਂ ਤਨਖ਼ਾਹ ਕਮਿਸ਼ਨ ਲਾਗੂ ਕਰਨ, ਵੱਖ-ਵੱਖ ਕੈਟਾਗਰੀਆਂ ਦੀਆਂ ਤਨਖ਼ਾਹੀ ਵਿਸੰਗਤੀਆਂ ਦੂਰ ਕਰਨ, ਪੇਂਡੂ ਭੱਤਾ ਬਹਾਲ ਕਰਨ, ਡੀਏ ਦੀਆਂ ਕਿਸ਼ਤਾਂ ਅਤੇ ਬਕਾਇਆ ਰਾਸ਼ੀ ਜਾਰੀ ਕਰਨ ਅਤੇ ਨਵੇਂ ਨਿਯੁਕਤ ਮੁਲਾਜ਼ਮਾ ਨੂੰ ਮੁਫ਼ਤ ਸਰਕਾਰੀ ਕੁਆਰਟਰ ਅਲਾਟ ਕਰਨ ਵਰਗੀਆਂ ਮੰਗਾਂ ਅਜੇ ਤੱਕ ਲਾਗੂ ਨਹੀਂ ਕੀਤੀਆਂ ਗਈਆਂ। ਬੁਲਾਰਿਆਂ ਨੇ ਆਊਟਸੋਰਸ ਕਰਮਚਾਰੀਆਂ ਦੀਆਂ ਤਨਖਾਹਾਂ ਵਿੱਚ ਹੋ ਰਹੀ ਦੇਰੀ 'ਤੇ ਵੀ ਸਖ਼ਤ ਨਾਰਾਜ਼ਗੀ ਜ਼ਾਹਰ ਕਰਦਿਆਂ ਚੇਤਾਵਨੀ ਦਿੱਤੀ ਕਿ ਜੇਕਰ ਤਨਖਾਹਾਂ ਤੁਰੰਤ ਜਾਰੀ ਨਾ ਕੀਤੀਆਂ, ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।
ਆਗੂਆਂ ਨੇ ਸਮੂਹ ਬਿਜਲੀ ਅਤੇ ਥਰਮਲ ਮੁਲਾਜ਼ਮਾਂ ਨੂੰ 21 ਅਤੇ 22 ਜੁਲਾਈ ਨੂੰ ਹੋਣ ਵਾਲੀ ਦੋ ਦਿਨਾਂ ਹੜਤਾਲ ਵਿੱਚ ਸਮੂਹਕ ਤੌਰ 'ਤੇ ਛੁੱਟੀ ਲੈ ਕੇ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਤੇ ਮੈਨੇਜਮੈਂਟ ਨੇ ਮੰਗਾਂ ਪ੍ਰਤੀ ਗੰਭੀਰਤਾ ਨਾ ਦਿਖਾਈ ਤਾਂ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਰੋਸ ਮੁਜ਼ਾਹਰੇ ’ਚ ਥਰਮਲ ਪਲਾਂਟ ਦੇ ਵੱਡੀ ਗਿਣਤੀ ਮੁਲਾਜ਼ਮਾਂ ਤੋਂ ਇਲਾਵਾ ਕੇਸਵ ਅਧਿਕਾਰੀ, ਸੁਖਜੀਤ ਸਿੰਘ, ਗੁਰਭੇਜ ਸਿੰਘ, ਗੁਰਸੇਵਕ ਸਿੰਘ, ਤਰਨਜੀਤ ਸਿੰਘ, ਘਨਈਆ ਲਾਲ, ਰਾਜ ਕੁਮਾਰ, ਰਾਕੇਸ਼ ਕੁਮਾਰ, ਜਸਨਦੀਪ ਸਿੰਘ, ਰਾਮਜੀਤ ਸਿੰਘ, ਗੁਰਲਾਲ ਸਿੰਘ ਗਿੱਲ, ਗੁਰਪ੍ਰੀਤ ਸਿੰਘ, ਵਰਿੰਦਰ ਸ਼ਰਮਾ, ਹਰਪ੍ਰੀਤ ਸਿੰਘ, ਬਿੱਲਾ, ਹਰੀਸ਼ ਕੁਮਾਰ, ਅਜੈਬ ਸਿੰਘ ਅਤੇ ਹੋਰ ਅਹੁਦੇਦਾਰ ਤੇ ਕਰਮਚਾਰੀ ਵੀ ਮੌਜੂਦ ਸਨ।