- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹੁਣ ਪੁਲਿਸ ਮੁਲਜ਼ਮਾਂ ਨੂੰ ਹਫ਼ਤੇ ਵਿੱਚ ਇਕ ਦਿਨ ਮਿਲੇਗੀ ਛੁੱਟੀ, ਐਮਰਜੈਂਸੀ ਵਿੱਚ ਤੁਰੰਤ ਡਿਊਟੀ ‘ਤੇ ਹਾਜ਼ਰ ਹੋਣਾ ਲਾਜ਼ਮੀ

-ਅਪ੍ਰੈਲ 2026 ਵਾਸਤੇ ਹਫ਼ਤਾਵਾਰੀ ਛੁੱਟੀ ਲਈ ਐੱਸਐੱਸਪੀ ਵੱਲੋਂ ਸ਼ਡਿਊਲ ਜਾਰੀ
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ
ਲਗਾਤਾਰ ਵੱਧ ਰਹੇ ਕੰਮ ਦੇ ਬੋਝ ਅਤੇ ਲੰਬੀਆਂ ਡਿਊਟੀਆਂ ਨਾਲ ਜੂਝ ਰਹੇ ਪੁਲਿਸ ਕਰਮਚਾਰੀਆਂ ਨੂੰ ਰਾਹਤ ਪ੍ਰਦਾਨ ਕਰਨ ਲਈ ਪੰਜਾਬ ਪੁਲਿਸ ਵੱਲੋਂ ਇੱਕ ਵਾਰ ਫਿਰ ਹਫ਼ਤਾਵਾਰੀ ਛੁੱਟੀ (ਵੀਕਲੀ ਆਫ਼) ਦੀ ਪ੍ਰਣਾਲੀ ਲਾਗੂ ਕਰ ਦਿੱਤੀ ਗਈ ਹੈ। ਇਸ ਫ਼ੈਸਲੇ ਨੂੰ ਪੁਲਿਸ ਮੁਲਾਜ਼ਮਾਂ ਲਈ ਵੱਡੀ ਰਾਹਤ ਵਜੋਂ ਦੇਖਿਆ ਜਾ ਰਿਹਾ ਹੈ। ਇਸ ਦਾ ਮੁੱਖ ਉਦੇਸ਼ ਮੁਲਾਜ਼ਮਾਂ ਦੇ ਮਾਨਸਿਕ ਤਣਾਅ ਨੂੰ ਘਟਾਉਣਾ, ਉਨ੍ਹਾਂ ਦਾ ਮਨੋਬਲ ਉੱਚਾ ਕਰਨਾ ਤੇ ਡਿਊਟੀ ਪ੍ਰਤੀ ਉਨ੍ਹਾਂ ਦੀ ਕਾਰਗੁਜ਼ਾਰੀ ਵਿੱਚ ਸੁਧਾਰ ਲਿਆਉਣਾ ਹੈ। ਜ਼ਿਲ੍ਹਾ ਪੱਧਰ ‘ਤੇ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਇਹ ਪ੍ਰਣਾਲੀ ਪੁਲਿਸ ਐਕਟ 1861 ਦੀ ਧਾਰਾ 22 ਅਤੇ ਪੁਲਿਸ ਮੁੱਖ ਦਫ਼ਤਰ ਚੰਡੀਗੜ੍ਹ ਵੱਲੋਂ ਸਾਲ 2003 ਵਿੱਚ ਜਾਰੀ ਕੀਤੀਆਂ ਹਦਾਇਤਾਂ ਦੇ ਤਹਿਤ ਲਾਗੂ ਕੀਤੀ ਗਈ ਹੈ। ਇਸ ਦੇ ਤਹਿਤ ਹੁਣ ਜ਼ਿਲ੍ਹੇ ਦੇ ਸਾਰੇ ਥਾਣਿਆਂ ਅਤੇ ਪੁਲਿਸ ਯੂਨਿਟਾਂ ਵਿੱਚ ਤਾਇਨਾਤ ਕਰਮਚਾਰੀਆਂ ਨੂੰ ਰੋਟੇਸ਼ਨ ਅਧਾਰ ‘ਤੇ ਹਫ਼ਤੇ ਵਿੱਚ ਇਕ ਦਿਨ ਦੀ ਛੁੱਟੀ ਦਿੱਤੀ ਜਾਵੇਗੀ। ਹਾਲਾਂਕਿ ਇਹ ਛੁੱਟੀ ਆਮ ਛੁੱਟੀ ਵਾਂਗ ਨਹੀਂ ਹੋਵੇਗੀ। ਛੁੱਟੀ ‘ਤੇ ਰਹਿਣ ਵਾਲੇ ਪੁਲਿਸ ਕਰਮਚਾਰੀਆਂ ਲਈ ਕੁਝ ਖਾਸ ਨਿਯਮ ਤੈਅ ਕੀਤੇ ਗਏ ਹਨ। ਇਸ ਅਨੁਸਾਰ ਕਰਮਚਾਰੀ ਆਪਣੀ ਛੁੱਟੀ ਦੇ ਦੌਰਾਨ ਆਪਣੇ ਮੁੱਖ ਦਫ਼ਤਰ ਦੀ ਹੱਦ ਤੋਂ ਬਾਹਰ ਨਹੀਂ ਜਾ ਸਕੇਗਾ। ਇਸ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦੀ ਐਮਰਜੈਂਸੀ ਸਥਿਤੀ ਵਿੱਚ ਉਸ ਨੂੰ ਤੁਰੰਤ ਡਿਊਟੀ ‘ਤੇ ਵਾਪਸ ਹਾਜ਼ਰ ਹੋਣਾ ਲਾਜ਼ਮੀ ਹੋਵੇਗਾ। ਇਹ ਪ੍ਰਬੰਧ ਇਸ ਲਈ ਕੀਤਾ ਗਿਆ ਹੈ ਤਾਂ ਜੋ ਜ਼ਰੂਰਤ ਪੈਣ ’ਤੇ ਫੋਰਸ ਦੀ ਘਾਟ ਨਾ ਪਵੇ ਅਤੇ ਕਾਨੂੰਨ-ਵਿਵਸਥਾ ਬਣੀ ਰਹੇ। ਜੇਕਰ ਕਿਸੇ ਕਾਰਨ ਕਰਕੇ ਨਿਰਧਾਰਤ ਦਿਨ ’ਤੇ ਕਿਸੇ ਕਰਮਚਾਰੀ ਨੂੰ ਛੁੱਟੀ ਨਹੀਂ ਮਿਲ ਸਕਦੀ, ਤਾਂ ਉਹ ਆਪਣੇ ਸਾਥੀ ਮੁਲਾਜ਼ਮਾਂ ਨਾਲ ਆਪਸੀ ਤਾਲਮੇਲ ਕਰਕੇ ਕਿਸੇ ਹੋਰ ਦਿਨ ਛੁੱਟੀ ਲੈ ਸਕਦਾ ਹੈ। ਇਸ ਦੀ ਸੂਚਨਾ ਉੱਚ ਅਧਿਕਾਰੀਆਂ ਨੂੰ ਦੇਣੀ ਲਾਜ਼ਮੀ ਹੋਵੇਗੀ, ਤਾਂ ਜੋ ਡਿਊਟੀ ਪ੍ਰਬੰਧ ‘ਚ ਕੋਈ ਵਿਘਨ ਨਾ ਪਵੇ। ਇਸ ਪ੍ਰਣਾਲੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਦੀ ਜ਼ਿੰਮੇਵਾਰੀ ਸਬੰਧਤ ਥਾਣਾ ਮੁਖੀਆਂ ਅਤੇ ਪੁਲਿਸ ਯੂਨਿਟਾਂ ਦੇ ਇੰਚਾਰਜਾਂ ਨੂੰ ਸੌਂਪੀ ਗਈ ਹੈ। ਇਸ ਦੇ ਨਾਲ ਹੀ ਐੱਸਐੱਸਪੀ ਤੇ ਡੀਐੱਸਪੀ ਪੱਧਰ ਦੇ ਅਧਿਕਾਰੀ ਇਸਦੀ ਨਿਗਰਾਨੀ ਕਰਨਗੇ ਅਤੇ ਇਹ ਯਕੀਨੀ ਬਣਾਉਣਗੇ ਕਿ ਹੁਕਮਾਂ ਦੀ ਪਾਲਣਾ ਠੀਕ ਤਰੀਕੇ ਨਾਲ ਹੋ ਰਹੀ ਹੈ। ਜਿਸ ਦਿਨ ਕਿਸੇ ਥਾਣੇ ਦਾ ਮੁਖੀ ਛੁੱਟੀ ’ਤੇ ਹੋਵੇਗਾ, ਉਸ ਦਿਨ ਉਸ ਦੀ ਥਾਂ ਉੱਚ ਅਧਿਕਾਰੀਆਂ ਦੇ ਹੁਕਮਾਂ ਅਨੁਸਾਰ ਹੋਰ ਇੰਚਾਰਜ ਦੀ ਨਿਯੁਕਤੀ ਕੀਤੀ ਜਾਵੇਗੀ, ਤਾਂ ਜੋ ਥਾਣੇ ਦੇ ਕੰਮਕਾਜ ‘ਤੇ ਕੋਈ ਅਸਰ ਨਾ ਪਵੇ। ਪੁਲਿਸ ਵਿਭਾਗ ਦਾ ਮੰਨਣਾ ਹੈ ਕਿ ਇਸ ਤਰ੍ਹਾਂ ਦੇ ਪ੍ਰਬੰਧ ਨਾਲ ਨਾ ਸਿਰਫ਼ ਕਰਮਚਾਰੀਆਂ ਨੂੰ ਆਰਾਮ ਮਿਲੇਗਾ, ਸਗੋਂ ਉਹ ਆਪਣੇ ਪਰਿਵਾਰ ਨਾਲ ਵੀ ਕੁਝ ਸਮਾਂ ਬਿਤਾ ਸਕਣਗੇ, ਜਿਸ ਨਾਲ ਉਨ੍ਹਾਂ ਦੀ ਮਾਨਸਿਕ ਸਿਹਤ ਵਿੱਚ ਸੁਧਾਰ ਆਵੇਗਾ। ਪੁਲਿਸ ਅਧਿਕਾਰੀਆਂ ਦੇ ਅਨੁਸਾਰ ਲੰਬੇ ਸਮੇਂ ਤੋਂ ਪੁਲਿਸ ਕਰਮਚਾਰੀ ਬਿਨਾਂ ਨਿਯਮਤ ਛੁੱਟੀਆਂ ਦੇ ਡਿਊਟੀ ਕਰ ਰਹੇ ਸਨ, ਜਿਸ ਕਾਰਨ ਉਨ੍ਹਾਂ ‘ਤੇ ਤਣਾਅ ਵਧ ਰਿਹਾ ਸੀ। ਹੁਣ ਇਸ ਨਵੀਂ ਪ੍ਰਣਾਲੀ ਨਾਲ ਉਨ੍ਹਾਂ ਨੂੰ ਕੁਝ ਹੱਦ ਤਕ ਰਾਹਤ ਮਿਲਣ ਦੀ ਉਮੀਦ ਹੈ। ਇਸ ਨਾਲ ਉਹ ਹੋਰ ਉਤਸ਼ਾਹ ਅਤੇ ਤਾਜ਼ਗੀ ਨਾਲ ਆਪਣੀਆਂ ਜ਼ਿੰਮੇਵਾਰੀਆਂ ਨਿਭਾ ਸਕਣਗੇ, ਜਿਸ ਦਾ ਸਿੱਧਾ ਪ੍ਰਭਾਵ ਪੁਲਿਸਿੰਗ ਦੀ ਗੁਣਵੱਤਾ ‘ਤੇ ਵੀ ਪਵੇਗਾ।
-ਬਾਕਸ-
-ਅਪ੍ਰੈਲ 2026 ਲਈ ਹਫ਼ਤਾਵਾਰੀ ਛੁੱਟੀ ਸਬੰਧੀ ਸ਼ਡਿਊਲ ਜਾਰੀ
ਇਸ ਦੇ ਨਾਲ ਹੀ ਬਠਿੰਡਾ ਜ਼ਿਲ੍ਹੇ ਵਿੱਚ ਅਪ੍ਰੈਲ 2026 ਲਈ ਥਾਣਾ ਮੁਖੀਆਂ ਦੀ ਹਫ਼ਤਾਵਾਰੀ ਛੁੱਟੀਦਾ ਸ਼ਡਿਊਲ ਵੀ ਜਾਰੀ ਕਰ ਦਿੱਤਾ ਗਿਆ ਹੈ। ਇਸ ਅਨੁਸਾਰ ਹਫ਼ਤੇ ਦੇ ਵੱਖ-ਵੱਖ ਦਿਨਾਂ ‘ਤੇ ਵੱਖ-ਵੱਖ ਥਾਣਿਆਂ ਦੇ ਮੁਖੀ ਛੁੱਟੀ ’ਤੇ ਰਹਿਣਗੇ। ਸੋਮਵਾਰ ਨੂੰ ਕੋਤਵਾਲੀ ਬਠਿੰਡਾ, ਸੰਗਤ ਤੇ ਫੂਲ ਦੇ ਥਾਣਾ ਮੁਖੀ ਛੁੱਟੀ ’ਤੇ ਰਹਿਣਗੇ। ਮੰਗਲਵਾਰ ਨੂੰ ਸਿਵਲ ਲਾਈਨਜ਼, ਨੇਹਿਆਂਵਾਲਾ ਅਤੇ ਮੌੜ ਦੇ ਥਾਣਾ ਮੁਖੀ ਛੁੱਟੀ ’ਤੇ ਰਹਿਣਗੇ। ਬੁੱਧਵਾਰ ਨੂੰ ਕੈਨਾਲ ਕਾਲੋਨੀ, ਤਲਵੰਡੀ ਸਾਬੋ ਅਤੇ ਸਿਟੀ ਰਾਮਪੁਰਾ ਦੇ ਥਾਣਾ ਮੁਖੀਆਂ ਨੂੰ ਛੁੱਟੀ ਮਿਲੇਗੀ। ਇਸੇ ਤਰ੍ਹਾਂ ਵੀਰਵਾਰ ਨੂੰ ਕੈਂਟ, ਬਾਲਿਆਂਵਾਲੀ ਅਤੇ ਰਾਮਾਂ ਦੇ ਥਾਣਾ ਮੁਖੀ ਛੁੱਟੀ ‘ਤੇ ਰਹਿਣਗੇ, ਜਦਕਿ ਸ਼ੁੱਕਰਵਾਰ ਨੂੰ ਥਰਮਲ, ਨਥਾਣਾ ਅਤੇ ਕੋਟਫੱਤਾ ਦੇ ਮੁਖੀਆਂ ਨੂੰ ਛੁੱਟੀ ਦਿੱਤੀ ਗਈ ਹੈ। ਸ਼ਨਿੱਚਰਵਾਰ ਨੂੰ ਥਾਣਾ ਸਦਰ ਬਠਿੰਡਾ, ਸਦਰ ਰਾਮਪੁਰਾ ਤੇ ਸਾਈਬਰ ਕਰਾਈਮ ਨਾਲ ਸਬੰਧਤ ਥਾਣਾ ਮੁਖੀ ਛੁੱਟੀ ’ਤੇ ਰਹਿਣਗੇ। ਐਤਵਾਰ ਨੂੰ ਮਹਿਲਾ ਥਾਣਾ, ਨੰਦਗੜ੍ਹ ਤੇ ਭਗਤਾ ਭਾਈਕਾ ਦੇ ਮੁਖੀਆਂ ਨੂੰ ਛੁੱਟੀ ਦਿੱਤੀ ਗਈ ਹੈ। ਇਸ ਸ਼ਡਿਊਲ ਅਨੁਸਾਰ ਸਾਰੇ ਥਾਣਾ ਮੁਖੀਆਂ ਨੂੰ ਰੋਟੇਸ਼ਨ ਅਧਾਰ ‘ਤੇ ਛੁੱਟੀ ਦਿੱਤੀ ਜਾਵੇਗੀ, ਪਰ ਐਮਰਜੈਂਸੀ ਦੀ ਸਥਿਤੀ ਵਿੱਚ ਉਨ੍ਹਾਂ ਨੂੰ ਤੁਰੰਤ ਡਿਊਟੀ ‘ਤੇ ਹਾਜ਼ਰ ਹੋਣਾ ਲਾਜ਼ਮੀ ਹੋਵੇਗਾ। ਪੁਲਿਸ ਵਿਭਾਗ ਨੂੰ ਉਮੀਦ ਹੈ ਕਿ ਇਸ ਪ੍ਰਣਾਲੀ ਨਾਲ ਕਰਮਚਾਰੀਆਂ ਦੀ ਕਾਰਗੁਜ਼ਾਰੀ ਵਿੱਚ ਸੁਧਾਰ ਆਵੇਗਾ ਅਤੇ ਲੋਕਾਂ ਨੂੰ ਹੋਰ ਬਿਹਤਰ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਸਕਣਗੀਆਂ।