- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਹਿਰ ਦੇ ਕਈ ਪਾਰਕ ਦਾ ਮਾੜਾ ਹਾਲ, ਸਾਫ਼-ਸਫ਼ਾਈ ਤੇ ਸੁੰਦਰਤਾ ਪ੍ਰਬੰਧਾਂ ਦੀ ਖੁੱਲ੍ਹੀ ਪੋਲ, ਚਾਰ ਦਿਵਾਰੀ ਡਿੱਗੀ

-ਸ਼ਿਕਾਇਤ ਦੇ ਬਾਵਜੂਦ ਨਹੀਂ ਸੁਧਰੇ ਪਾਰਕਾਂ ਦੇ ਹਾਲਾਤ, ਸਮਾਜਿਕ ਤੇ ਵਾਤਾਵਰਨ ਦੇ ਸੰਤੁਲਨ ਲਈ ਪਾਰਕ ਹੁੰਦੇ ਨੇ ਅਹਿਮ
11-12) ਮਾਡਲ ਟਾਊਨ ਫੇਜ਼-ਦੋ ਵਿਖੇ ਪਾਰਕ ਦੀ ਟੁੱਟੀ ਹੋਈ ਚਾਰਦੀਵਾਰੀ।
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ
ਸ਼ਹਿਰ ਵਾਸੀਆਂ ਲਈ ਸਿਹਤਮੰਦ ਜੀਵਨ, ਸਵੇਰ ਦੀ ਸੈਰ ਤੇ ਬੱਚਿਆਂ ਦੀ ਖੇਡ-ਕੁੱਦ ਲਈ ਬਣਾਏ ਗਏ ਪਾਰਕ ਅੱਜ ਆਪਣੇ ਮਕਸਦ ਤੋਂ ਭਟਕਦੇ ਨਜ਼ਰ ਆ ਰਹੇ ਹਨ। ਸ਼ਹਿਰ ਦੇ ਕਈ ਪ੍ਰਮੁੱਖ ਤੇ ਰਿਹਾਇਸ਼ੀ ਇਲਾਕਿਆਂ ’ਚ ਸਥਿਤ ਪਾਰਕਾਂ ਦੀ ਹਾਲਤ ਬੇਹੱਦ ਮਾੜੀ ਹੋ ਚੁੱਕੀ ਹੈ। ਇਨ੍ਹਾਂ ਪਾਰਕਾਂ ’ਚ ਨਾ ਤਾਂ ਸਾਫ਼-ਸਫ਼ਾਈ ਦੀ ਢੰਗ ਨਾਲ ਵਿਵਸਥਾ ਹੈ ਤੇ ਨਾ ਹੀ ਸੁੰਦਰਤਾ ਵਧਾਉਣ ਵਾਲੇ ਪ੍ਰਬੰਧ ਨਜ਼ਰ ਆ ਰਹੇ ਹਨ। ਇਸ ਸਥਿਤੀ ਨੇ ਸ਼ਹਿਰ ਵਾਸੀਆਂ, ਖਾਸ ਕਰਕੇ ਬਜ਼ੁਰਗਾਂ, ਮਹਿਲਾਵਾਂ ਤੇ ਬੱਚਿਆਂ ’ਚ ਭਾਰੀ ਨਾਰਾਜ਼ਗੀ ਪੈਦਾ ਕਰ ਦਿੱਤੀ ਹੈ। ਕਈ ਪਾਰਕਾਂ ’ਚ ਘਾਹ ਕੱਟਣ ਦੀ ਕਾਰਵਾਈ ਮਹੀਨਿਆਂ ਤੋਂ ਨਹੀਂ ਹੋਈ, ਜਿਸ ਕਾਰਨ ਜੰਗਲੀ ਘਾਹ ਤੇ ਕਾਂਟੇਦਾਰ ਬੂਟੇ ਉੱਗ ਆਏ ਹਨ। ਥਾਂ-ਥਾਂ ਇਕੱਠਾ ਹੋਇਆ ਕੂੜਾ-ਕਰਕਟ ਤੇ ਪਲਾਸਟਿਕ ਦਾ ਸਾਮਾਨ ਨਾ ਸਿਰਫ਼ ਗੰਦਗੀ ਫੈਲਾ ਰਿਹਾ ਹੈ, ਸਗੋਂ ਬਿਮਾਰੀਆਂ ਨੂੰ ਵੀ ਸੱਦਾ ਦੇ ਰਿਹਾ ਹੈ। ਸਵੇਰ ਦੀ ਸੈਰ ਕਰਨ ਆਉਣ ਵਾਲੇ ਲੋਕਾਂ ਨੇ ਕਿਹਾ ਕਿ ਗੰਦਗੀ ਕਾਰਨ ਪਾਰਕਾਂ ਵਿੱਚ ਬੈਠਣਾ ਜਾਂ ਟਹਿਲਣਾ ਵੀ ਮੁਸ਼ਕਲ ਹੋ ਗਿਆ ਹੈ। ਸੁਰੱਖਿਆ ਦੇ ਮਾਮਲੇ ਵਿੱਚ ਵੀ ਪਾਰਕਾਂ ਦੀ ਸਥਿਤੀ ਚਿੰਤਾਜਨਕ ਹੈ। ਕਈ ਪਾਰਕਾਂ ਦੀ ਚਾਰਦੀਵਾਰੀ ਟੁੱਟ ਚੁੱਕੀ ਹੈ ਜਾਂ ਕਈ ਥਾਵਾਂ ਤੋਂ ਪੂਰੀ ਤਰ੍ਹਾਂ ਗਾਇਬ ਹੈ। ਇਸ ਕਾਰਨ ਬੇਸਹਾਰਾ ਪਸ਼ੂਆਂ ਦੀ ਆਵਾਜਾਈ ਆਮ ਹੋ ਗਈ ਹੈ, ਜੋ ਅਕਸਰ ਪਾਰਕਾਂ ’ਚ ਗੰਦਗੀ ਫੈਲਾਉਂਦੇ ਹਨ। ਕੁਝ ਇਲਾਕਿਆਂ ’ਚ ਤਾਂ ਅਸਮਾਜਿਕ ਤੱਤਾਂ ਵੱਲੋਂ ਪਾਰਕਾਂ ਨੂੰ ਗਲਤ ਕੰਮਾਂ ਲਈ ਵਰਤੇ ਜਾਣ ਦੀਆਂ ਸ਼ਿਕਾਇਤਾਂ ਵੀ ਸਾਹਮਣੇ ਆ ਰਹੀਆਂ ਹਨ, ਜਿਸ ਨਾਲ ਪਰਿਵਾਰਕ ਲੋਕ ਪਾਰਕਾਂ ’ਚ ਜਾਣ ਤੋਂ ਕਤਰਾਉਣ ਲੱਗ ਪਏ ਹਨ। ਸੁੰਦਰਤਾ ਦੇ ਨਾਂ ’ਤੇ ਪਾਰਕਾਂ ਵਿੱਚ ਕੁਝ ਵੀ ਖਾਸ ਨਜ਼ਰ ਨਹੀਂ ਆਉਂਦਾ। ਜਿਹੜੇ ਫੁੱਲਦਾਰ ਬੂਟੇ ਅਤੇ ਸਜਾਵਟੀ ਬੂਟੇ ਕਦੇ ਪਾਰਕਾਂ ਦੀ ਸ਼ਾਨ ਹੁੰਦੇ ਸਨ, ਉਹ ਹੁਣ ਜਾਂ ਤਾਂ ਸੁੱਕ ਚੁੱਕੇ ਹਨ ਜਾਂ ਫਿਰ ਪੂਰੀ ਤਰ੍ਹਾਂ ਗਾਇਬ ਹਨ। ਪਾਣੀ ਦੀ ਢੰਗ ਨਾਲ ਸਿੰਚਾਈ ਨਾ ਹੋਣ ਕਾਰਨ ਬੂਟਿਆਂ ਦੀ ਦੇਖਭਾਲ ਨਹੀਂ ਹੋ ਰਹੀ। ਕਈ ਪਾਰਕਾਂ ਵਿੱਚ ਬੈਂਚ ਟੁੱਟੇ ਹੋਏ ਹਨ, ਝੂਲੇ ਜੰਗ ਲੱਗਣ ਕਾਰਨ ਬੰਦ ਪਏ ਹਨ ਤੇ ਲਾਈਟਾਂ ਨਾ ਹੋਣ ਕਾਰਨ ਸ਼ਾਮ ਵੇਲੇ ਹਨੇਰਾ ਛਾਇਆ ਰਹਿੰਦਾ ਹੈ।
ਸਥਾਨਕ ਲੋਕਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਕਈ ਵਾਰ ਨਿਗਮ ਤੇ ਸਬੰਧਤ ਵਿਭਾਗਾਂ ਨੂੰ ਸ਼ਿਕਾਇਤਾਂ ਕੀਤੀਆਂ, ਪਰ ਹਾਲਾਤ ਵਿੱਚ ਕੋਈ ਖਾਸ ਸੁਧਾਰ ਨਹੀਂ ਹੋਇਆ। ਲੋਕਾਂ ਦਾ ਦੋਸ਼ ਹੈ ਕਿ ਪਾਰਕਾਂ ਦੀ ਸੰਭਾਲ ਲਈ ਹਰ ਸਾਲ ਬਜਟ ਤਾਂ ਜਾਰੀ ਕੀਤਾ ਜਾਂਦਾ ਹੈ, ਪਰ ਉਹ ਜ਼ਮੀਨੀ ਪੱਧਰ ’ਤੇ ਦਿਖਾਈ ਨਹੀਂ ਦਿੰਦਾ। ਸ਼ਹਿਰ ਦੇ ਸਮਾਜਿਕ ਤੇ ਵਾਤਾਵਰਣਕ ਸੰਤੁਲਨ ਲਈ ਪਾਰਕ ਬਹੁਤ ਮਹੱਤਵਪੂਰਨ ਹਨ। ਇਹ ਨਾ ਸਿਰਫ਼ ਹਰੇ-ਭਰੇ ਮਾਹੌਲ ਨੂੰ ਬਣਾਈ ਰੱਖਦੇ ਹਨ, ਸਗੋਂ ਲੋਕਾਂ ਨੂੰ ਤਾਜ਼ੀ ਹਵਾ ਤੇ ਮਾਨਸਿਕ ਸ਼ਾਂਤੀ ਵੀ ਪ੍ਰਦਾਨ ਕਰਦੇ ਹਨ।
ਸ਼ਹਿਰ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪਾਰਕਾਂ ਦੀ ਸਫ਼ਾਈ ਨਿਯਮਤ ਤੌਰ ’ਤੇ ਕਰਵਾਈ ਜਾਵੇ। ਟੁੱਟੀ ਹੋਈ ਚਾਰਦੀਵਾਰੀ ਦੀ ਮੁਰੰਮਤ ਹੋਵੇ ਤੇ ਫੁੱਲਦਾਰ ਬੂਟੇ ਲਾ ਕੇ ਪਾਰਕਾਂ ਦੀ ਖ਼ੂਬਸੂਰਤੀ ਮੁੜ ਬਹਾਲ ਕੀਤੀ ਜਾਵੇ। ਜੇਕਰ ਸਮੇਂ ਸਿਰ ਧਿਆਨ ਨਾ ਦਿੱਤਾ ਗਿਆ ਤਾਂ ਇਹ ਪਾਰਕ ਹਰੇ-ਭਰੇ ਸਥਾਨਾਂ ਦੀ ਬਜਾਏ ਗੰਦਗੀ ਤੇ ਬੇਪਰਵਾਹੀ ਦੀ ਨਿਸ਼ਾਨੀ ਬਣ ਕੇ ਰਹਿ ਜਾਣਗੇ। ਹੁਣ ਦੇਖਣਾ ਇਹ ਹੈ ਕਿ ਪ੍ਰਸ਼ਾਸਨ ਲੋਕਾਂ ਦੀਆਂ ਮੰਗਾਂ ’ਤੇ ਕਦੋਂ ਤੇ ਕਿੰਨਾ ਅਮਲ ਕਰਦਾ ਹੈ।