ਨਿਕਾਸੀ ਪਾਣੀ ਵਿਵਾਦ : ਬੀਡੀਪੀਓ ਦਫ਼ਤਰ ਅੱਗੇ ਸੜਕ ਜਾਮ ਕੇ ਦਿੱਤਾ ਧਰਨਾ
-- ਬੀਡੀਪੀਓ ‘ਤੇ ਅਪਸ਼ਬਦਾਂ ਨਾਲ ਭੜਕਿਆ ਗੁੱਸਾ, ਸੜਕ ਜਾਮ, ਧਰਨਾ ਜਾਰੀ
Publish Date: Fri, 27 Mar 2026 07:35 PM (IST)
Updated Date: Sat, 28 Mar 2026 04:09 AM (IST)
ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਰਾਮਪੁਰਾ ਫੂਲ
ਪਿੰਡ ਕੋਟੜਾ ਕੌੜਾ ਦੀ ਪੰਚਾਇਤ ਅਤੇ ਪਿੰਡ ਵਾਸੀਆਂ ਵੱਲੋਂ ਅੱਜ ਰਾਮਪੁਰਾ- ਕੋਟੜਾ ਰੋਡ ’ਤੇ ਬਣੀ ਨਿਕਾਸੀ ਸਬੰਧੀ ਗੰਭੀਰ ਸਮੱਸਿਆ ਨੂੰ ਲੈ ਕੇ ਤਿੱਖ਼ਾ ਵਿਰੋਧ ਪ੍ਰਗਟਾਇਆ ਗਿਆ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਅਤੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂਆਂ ਅਤੇ ਕਾਰਕੁਨਾਂ ਨੇ ਵੀ ਵੱਡੀ ਗਿਣਤੀ ’ਚ ਸ਼ਮੂਲੀਅਤ ਕੀਤੀ। ਜਾਣਕਾਰੀ ਅਨੁਸਾਰ ਪਿੰਡ ਕੋਟੜਾ ਕੌੜਾ ਦੇ ਵਾਸੀ ਰਾਮਪੁਰਾ ਕੋਟੜਾ ਰੋਡ ‘ਤੇ ਖੜ੍ਹੇ ਨਿਕਾਸੀ ਪਾਣੀ ਦੇ ਮਸਲੇ ਦੇ ਹੱਲ ਲਈ ਨਵੇਂ ਆਏ ਬੀਡੀਪੀਓ ਰਾਮਪੁਰਾ ਨਿਰਮਲ ਸਿੰਘ ਨੂੰ ਮਿਲਣ ਲਈ ਦਫ਼ਤਰ ਪਹੁੰਚੇ ਸਨ। ਇਸ ਦੌਰਾਨ ਪਿੰਡ ਦੇ ਸੀਨੀਅਰ ਕਿਸਾਨ ਆਗੂਆਂ ਕਾਕਾ ਸਿੰਘ ਕੋਟੜਾ ’ਤੇ ਮੋਠੂ ਸਿੰਘ ਨੇ ਦੋਸ਼ ਲਗਾਇਆ ਕਿ ਜਦੋਂ ਉਹ ਬੀਡੀਪੀਓ ਦੇ ਕਮਰੇ ਵਿਚ ਉਨ੍ਹਾਂ ਨੂੰ ਮਿਲਣ ਲਈ ਗਏ ਤਾਂ ਉਨ੍ਹਾਂ ਵੱਲੋਂ ਅਪਸ਼ਬਦ ਵਰਤੇ ਗਏ, ਜਿਸ ਨਾਲ ਜਥੇਬੰਦੀ ਅਤੇ ਪਿੰਡ ਵਾਸੀਆਂ ਵਿਚ ਗੁੱਸਾ ਫੈਲ ਗਿਆ। ਇਸ ਘਟਨਾ ਦੇ ਵਿਰੋਧ ਵਜੋਂ ਕਿਸਾਨ ਜਥੇਬੰਦੀਆਂ ਅਤੇ ਪਿੰਡ ਵਾਸੀਆਂ ਨੇ ਬੀਡੀਪੀਓ ਦਫ਼ਤਰ ਦਾ ਘਿਰਾਓ ਕਰ ਲਿਆ ਤੇ ਮੌੜ-ਰਾਮਪੁਰਾ ਰੋਡ ਨੂੰ ਜਾਮ ਕਰ ਦਿੱਤਾ। ਧਰਨੇ ਦੌਰਾਨ ਦਫ਼ਤਰ ਦੀ ਬਿਜਲੀ ਸਪਲਾਈ ਵੀ ਕੱਟ ਦਿੱਤੀ ਗਈ, ਜਿਸ ਕਾਰਨ ਮਾਹੌਲ ਤਣਾਅਪੂਰਨ ਬਣਿਆ ਰਿਹਾ। ਇਸ ਸਬੰਧੀ ਜਦੋਂ ਬੀਡੀਪੀਓ ਨਿਰਮਲ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀ ਕਿਸੇ ਗੱਲ ਨਾਲ ਜਥੇਬੰਦੀ ਦੇ ਆਗੂਆਂ ਨੂੰ ਠੇਸ ਪਹੁੰਚੀ ਹੈ ਤਾਂ ਉਹ ਮਾਫ਼ੀ ਮੰਗਣ ਲਈ ਤਿਆਰ ਹਨ ਪ੍ਰੰਤੂ ਜਥੇਬੰਦੀ ਦੇ ਆਗੂਆਂ ਅਤੇ ਪਿੰਡ ਵਾਸੀਆਂ ਨੇ ਸਪੱਸ਼ਟ ਕੀਤਾ ਕਿ ਜਦ ਤਕ ਸੰਬਧਤ ਅਧਿਕਾਰੀ ਖ਼ਿਲਾਫ਼ ਕਾਨੂੰਨੀ ਕਾਰਵਾਈ ਨਹੀਂ ਹੁੰਦੀ, ਧਰਨਾ ਲਗਾਤਾਰ ਜਾਰੀ ਰਹੇਗਾ।
ਇਸ ਸਬੰਧੀ ਖ਼ਬਰ ਲਿਖੇ ਜਾਣ ਤੱਕ ਧਰਨਾ ਜਾਰੀ ਸੀ ਅਤੇ ਪ੍ਰਸ਼ਾਸਨ ਵੱਲੋਂ ਹਾਲਾਤ ’ਤੇ ਨਜ਼ਰ ਰੱਖੀ ਜਾ ਰਹੀ ਸੀ। ਪਿੰਡ ਵਾਸੀਆਂ ਨੇ ਚੇਤਾਵਨੀ ਦਿੱਤੀ ਕਿ ਜੇ ਜਲਦ ਮਸਲੇ ਦਾ ਹੱਲ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤੇਜ ਕੀਤਾ ਜਾਵੇਗਾ।