ਆਪ੍ਰੇਸ਼ਨ ਪ੍ਰਹਾਰ ਤਹਿਤ 25 ਬਾਈਕਾਂ ਸਮੇਤ ਚੋਰੀ ਦਾ ਸਾਮਾਨ ਵੀ ਬਰਾਮਦ ਆਪ੍ਰੇਸ਼ਨ ਪ੍ਰਹਾਰ: ਪੁਲਿਸ ਦਾ ਚੋਰ ਗਿਰੋਹਾਂ 'ਤੇ ਵੱਡਾ ਵਾਰ, 25 ਮੋਟਰਸਾਈਕਲ ਸਮੇਤ ਚੋਰੀ ਦਾ ਸਾਮਾਨ ਬਰਾਮਦ
Publish Date: Sat, 11 Jul 2026 05:00 PM (IST)
Updated Date: Sun, 12 Jul 2026 04:03 AM (IST)
-ਮੱਛੀ ਚੌਕ ’ਚ ਹਥਿਆਰਾਂ ਨਾਲ ਹੰਗਾਮਾ ਕਰਨ ਵਾਲਿਆਂ ਤੇ ਕੀਤੀ ਕਾਰਵਾਈ ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ ਜ਼ਿਲ੍ਹੇ ’ਚ ਅਪਰਾਧੀਆਂ ਖ਼ਿਲਾਫ਼ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਆਪ੍ਰੇਸ਼ਨ ਪ੍ਰਹਾਰ ਤਹਿਤ ਸ਼ੁੱਕਰਵਾਰ ਨੂੰ ਬਠਿੰਡਾ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਵਾਹਨ ਚੋਰੀ ਅਤੇ ਸੰਨ੍ਹਮਾਰੀ ਦੀਆਂ ਵਾਰਦਾਤਾਂ ’ਚ ਸ਼ਾਮਲ 20 ਤੋਂ ਵੱਧ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ। ਜ਼ਿਲ੍ਹੇ ਦੇ ਵੱਖ-ਵੱਖ ਥਾਣਾ ਖੇਤਰਾਂ ਵਿੱਚ ਇੱਕੋ ਸਮੇਂ ਚਲਾਏ ਗਏ ਇਸ ਅਭਿਆਨ ਦੌਰਾਨ ਪੁਲਿਸ ਨੇ 25 ਚੋਰੀਸ਼ੁਦਾ ਮੋਟਰਸਾਈਕਲ, ਇਕ ਸਕੂਟੀ, ਖੇਤਾਂ ਵਿੱਚੋਂ ਚੋਰੀ ਕੀਤੀਆਂ ਕੇਬਲ ਤਾਰਾਂ, ਐਲਈਡੀ, ਪਲਾਸਟਿਕ ਪਾਈਪ, ਬਿਜਲੀ ਦਾ ਸਾਮਾਨ ਤੇ ਹੋਰ ਕੀਮਤੀ ਚੋਰੀਸ਼ੁਦਾ ਵਸਤਾਂ ਬਰਾਮਦ ਕੀਤੀਆਂ। ਮੱਛੀ ਚੌਕ ਵਿੱਚ ਹਥਿਆਰਾਂ ਨਾਲ ਹੰਗਾਮਾ ਕਰਕੇ ਦਹਿਸ਼ਤ ਫੈਲਾਉਣ ਦੇ ਦੋਸ਼ ਹੇਠ ਨੌਂ ਵਿਅਕਤੀਆਂ ਖ਼ਿਲਾਫ਼ ਵੀ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਆਪ੍ਰੇਸ਼ਨ ਪ੍ਰਹਾਰ ਦਾ ਉਦੇਸ਼ ਜ਼ਿਲ੍ਹੇ ਵਿੱਚ ਸਰਗਰਮ ਅਪਰਾਧਿਕ ਗਿਰੋਹਾਂ, ਵਾਹਨ ਚੋਰਾਂ, ਨਸ਼ਾ ਤਸਕਰਾਂ ਤੇ ਹੋਰ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਕੇ ਕਾਨੂੰਨ-ਵਿਵਸਥਾ ਨੂੰ ਹੋਰ ਮਜ਼ਬੂਤ ਕਰਨਾ ਹੈ। ਉਨ੍ਹਾਂ ਕਿਹਾ ਕਿ ਇਹ ਮੁਹਿੰਮ ਭਵਿੱਖ ’ਚ ਵੀ ਲਗਾਤਾਰ ਜਾਰੀ ਰਹੇਗੀ ਅਤੇ ਅਪਰਾਧੀਆਂ ਨੂੰ ਕਿਸੇ ਵੀ ਕੀਮਤ ਤੇ ਬਖ਼ਸ਼ਿਆ ਨਹੀਂ ਜਾਵੇਗਾ। -ਬਾਕਸ- -ਵਾਹਨ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਇਸ ਅਭਿਆਨ ਦੀ ਸਭ ਤੋਂ ਵੱਡੀ ਸਫ਼ਲਤਾ ਸੀਆਈਏ-1 ਅਤੇ ਥਾਣਾ ਸਦਰ ਬਠਿੰਡਾ ਪੁਲਿਸ ਨੂੰ ਮਿਲੀ। ਸਾਂਝੀ ਕਾਰਵਾਈ ਦੌਰਾਨ ਪੁਲਿਸ ਨੇ ਵਾਹਨ ਚੋਰੀ ਕਰਨ ਵਾਲੇ ਇੱਕ ਸਰਗਰਮ ਗਿਰੋਹ ਦੇ ਦੋ ਮੈਂਬਰਾਂ ਜਸਪਾਲ ਸਿੰਘ ਵਾਸੀ ਕ੍ਰਿਸ਼ਨਾ ਕਲੋਨੀ ਅਤੇ ਰਣਜੀਤ ਸਿੰਘ ਵਾਸੀ ਰਾਮਪੁਰਾ ਮੰਡੀ ਨੂੰ ਗ੍ਰਿਫ਼ਤਾਰ ਕੀਤਾ। ਉਨ੍ਹਾਂ ਦੇ ਕਬਜ਼ੇ ਵਿੱਚੋਂ 19 ਮੋਟਰਸਾਈਕਲ ਅਤੇ ਇੱਕ ਸਕੂਟੀ ਬਰਾਮਦ ਕੀਤੀ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਤੋਂ ਪੁੱਛਗਿੱਛ ਦੌਰਾਨ ਵਾਹਨ ਚੋਰੀ ਦੇ ਵੱਡੇ ਨੈੱਟਵਰਕ ਨਾਲ ਜੁੜੇ ਕਈ ਮਹੱਤਵਪੂਰਨ ਸੁਰਾਗ ਮਿਲੇ ਹਨ। ਹੁਣ ਗਿਰੋਹ ਦੇ ਹੋਰ ਮੈਂਬਰਾਂ ਦੀ ਪਛਾਣ ਕਰਕੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਪੁਛਗਿੱਛ ਕਰ ਰਹੀ ਹੈ ਕਿ ਉਨ੍ਹਾਂ ਇਹ ਮੋਟਰਸਾਈਕਲ ਕਿਹੜੇ ਖੇਤਰਾਂ ਵਿੱਚੋਂ ਚੋਰੀ ਕੀਤਾ ਹੈ। -ਬਾਕਸ- -ਵੱਖ-ਵੱਖ ਥਾਣਿਆਂ ਦੀ ਕਾਰਵਾਈ ’ਚ ਕਈ ਹੋਰ ਗ੍ਰਿਫ਼ਤਾਰ ਥਾਣਾ ਸਿਵਲ ਲਾਈਨ ਪੁਲਿਸ ਨੇ ਚੋਰੀਸ਼ੁਦਾ ਮੋਟਰਸਾਈਕਲ ਵੇਚਣ ਦੀ ਫਿਰਾਕ ਵਿੱਚ ਘੁੰਮ ਰਹੇ ਸਤਨਾਮ ਸਿੰਘ ਅਤੇ ਨਾਨਕ ਨੂੰ ਬਿਨਾਂ ਨੰਬਰ ਵਾਲੇ ਮੋਟਰਸਾਈਕਲ ਸਮੇਤ ਕਾਬੂ ਕੀਤਾ। ਪੁਲਿਸ ਉਕਤ ਮੁਲਜ਼ਮਾਂ ਕੋਲੋ ਪੁਛਗਿੱਛ ਕਰ ਰਹੀ ਹੈ। ਥਾਣਾ ਕੈਨਾਲ ਕਲੋਨੀ ਪੁਲਿਸ ਨੇ ਵਿਸ਼ਾਲ ਕੁਮਾਰ ਅਤੇ ਵੀਰੂ ਕੁਮਾਰ ਨੂੰ ਚੋਰੀ ਦੇ ਮੋਟਰਸਾਈਕਲ ਸਮੇਤ ਗ੍ਰਿਫ਼ਤਾਰ ਕੀਤਾ। ਪੁਲਿਸ ਮੁਲਜ਼ਮ ਕੋਲੋ ਹੋਰ ਪੁਛਗਿੱਛ ਕਰ ਰਹੀ ਹੈ ਕਿ ਉਸ ਨੇ ਹੋਰ ਕਿੰਨੀਆਂ ਚੋਰੀਆਂ ਕੀਤੀਆਂ ਹਨ। ਥਾਣਾ ਨਥਾਣਾ ਦੀ ਪੁਲਿਸ ਨੇ ਦੋ ਵੱਖ-ਵੱਖ ਮਾਮਲਿਆਂ ਵਿੱਚ ਸਿਮਰਨ ਸਿੰਘ ਅਤੇ ਗੁਰਨੇਜ ਸਿੰਘ ਨੂੰ ਚੋਰੀ ਦੇ ਮੋਟਰਸਾਈਕਲ ਵੇਚਣ ਦੀ ਤਿਆਰੀ ਕਰਦੇ ਸਮੇਂ ਕਾਬੂ ਕੀਤਾ। ਪੁਲਿਸ ਕਥਿਤ ਮੁਲਜ਼ਮਾਂ ਤੋਂ ਪੁੱਛ ਪੜਤਾਲ ਕਰ ਰਹੀ ਹੈ। ਇਕ ਹੋਰ ਮਾਮਲੇ ਵਿੱਚ ਮਿੱਠਣ ਪੰਡਿਤ ਨੂੰ ਵੀ ਚੋਰੀ ਦੇ ਮੋਟਰਸਾਈਕਲ ਸਮੇਤ ਗ੍ਰਿਫ਼ਤਾਰ ਕੀਤਾ ਗਿਆ। ਥਾਣਾ ਫੂਲ ਪੁਲਿਸ ਨੇ ਨਾਕਾਬੰਦੀ ਦੌਰਾਨ ਗੁਰਦਿੱਤ ਸਿੰਘ, ਮਨਪ੍ਰੀਤ ਸਿੰਘ ਅਤੇ ਗੁਲਾਬ ਸਿੰਘ ਨੂੰ ਬਿਨਾਂ ਨੰਬਰ ਵਾਲੇ ਚੋਰੀਸ਼ੁਦਾ ਮੋਟਰਸਾਈਕਲ ਸਮੇਤ ਕਾਬੂ ਕੀਤਾ। ਇਸੇ ਤਰ੍ਹਾਂ ਥਾਣਾ ਸਿਟੀ ਰਾਮਪੁਰਾ ਪੁਲਿਸ ਨੇ ਵਿੱਕੀ ਅਤੇ ਜਸਪ੍ਰੀਤ ਸਿੰਘ, ਜਦਕਿ ਥਾਣਾ ਬਾਲਿਆਂਵਾਲੀ ਪੁਲਿਸ ਨੇ ਗੁਰਪ੍ਰੀਤ ਸਿੰਘ ਅਤੇ ਤਰਸੇਮ ਸਿੰਘ ਨੂੰ ਚੋਰੀ ਦੇ ਮੋਟਰਸਾਈਕਲਾਂ ਸਮੇਤ ਗ੍ਰਿਫ਼ਤਾਰ ਕੀਤਾ। ਜ਼ਿਆਦਾਤਰ ਗ੍ਰਿਫ਼ਤਾਰੀਆਂ ਮੁਖ਼ਬਰਾਂ ਦੀ ਸੂਚਨਾ ਅਤੇ ਵਿਸ਼ੇਸ਼ ਨਾਕਾਬੰਦੀ ਦੌਰਾਨ ਕੀਤੀਆਂ ਗਈਆਂ। -ਬਾਕਸ- -ਚੋਰੀ ਦੇ ਹੋਰ ਮਾਮਲਿਆਂ ਵਿੱਚ ਵੀ ਵੱਡੀ ਸਫ਼ਲਤਾ ਪੁਲਿਸ ਨੇ ਸੰਪਤੀ ਨਾਲ ਸਬੰਧਤ ਹੋਰ ਅਪਰਾਧਾਂ ਵਿੱਚ ਵੀ ਮਹੱਤਵਪੂਰਨ ਸਫ਼ਲਤਾ ਹਾਸਲ ਕੀਤੀ। ਥਾਣਾ ਸੰਗਤ ਪੁਲਿਸ ਨੇ ਖੇਤ ਵਿੱਚੋਂ ਲੋਹੇ ਦੀ ਪੁਲੀ ਚੋਰੀ ਕਰਨ ਦੇ ਮਾਮਲੇ ਵਿੱਚ ਗੁਰਪ੍ਰੀਤ ਸਿੰਘ ਅਤੇ ਹਰਨਾਮ ਰਾਮ ਨੂੰ ਗ੍ਰਿਫ਼ਤਾਰ ਕੀਤਾ। ਪੁਲਿਸ ਅਨੁਸਾਰ ਮੁਲਜ਼ਮ ਪੁਲੀ ਨੂੰ ਇੱਕ ਕਬਾੜੀਏ ਕੋਲ ਵੇਚ ਚੁੱਕੇ ਹਨ ਅਤੇ ਉਸ ਦੀ ਬਰਾਮਦਗੀ ਲਈ ਯਤਨ ਜਾਰੀ ਹਨ। ਪੁਲਿਸ ਕਬਾੜੀਏ ਦੀ ਭਾਲ ਵਿਚ ਲੱਗੀ ਹੋਈ ਹੈ। ਥਾਣਾ ਭਗਤਾ ਭਾਈਕਾ ਪੁਲਿਸ ਨੇ ਖੇਤਾਂ ਵਿੱਚ ਲੱਗੀਆਂ ਮੋਟਰਾਂ ਤੋਂ ਕੇਬਲ ਤਾਰਾਂ ਚੋਰੀ ਕਰਨ ਵਾਲੇ ਗਿਰੋਹ ਦੇ ਚਾਰ ਮੈਂਬਰਾਂ ਗੁਰਪ੍ਰੀਤ ਸਿੰਘ, ਲਵਜੀਤ ਸਿੰਘ, ਬਲਵੀਰ ਸਿੰਘ ਅਤੇ ਦਾਰਾ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁਲਜ਼ਮਾਂ ਨੇ ਵੱਖ-ਵੱਖ ਖੇਤਾਂ ਵਿੱਚੋਂ ਕਰੀਬ 170 ਤੋਂ 180 ਫੁੱਟ ਕੇਬਲ ਤਾਰ ਚੋਰੀ ਕੀਤੀ ਸੀ। ਪੁਲਿਸ ਹੁਣ ਉਨ੍ਹਾਂ ਤੋਂ ਹੋਰ ਚੋਰੀ ਦੀਆਂ ਵਾਰਦਾਤਾਂ ਬਾਰੇ ਪੁੱਛਗਿੱਛ ਕਰ ਰਹੀ ਹੈ। ਥਾਣਾ ਥਰਮਲ ਪੁਲਿਸ ਨੇ ਗੌਰਵ ਕੁਮਾਰ ਅਤੇ ਸਾਹਿਲ ਕੁਮਾਰ ਨੂੰ ਚੋਰੀ ਦੀ ਐਲਈਡੀ ਸਮੇਤ ਗ੍ਰਿਫ਼ਤਾਰ ਕੀਤਾ। ਪੁਲਿਸ ਅਨੁਸਾਰ ਮੁੱਢਲੀ ਜਾਂਚ ਵਿੱਚ ਦੋਵਾਂ ਦੇ ਘਰਾਂ ਵਿੱਚ ਹੋਈਆਂ ਚੋਰੀਆਂ ਨਾਲ ਸਬੰਧ ਸਾਹਮਣੇ ਆਏ ਹਨ। ਇਸੇ ਤਰ੍ਹਾਂ ਥਾਣਾ ਕੈਂਟ ਪੁਲਿਸ ਨੇ ਮਿੱਠੂ ਸਿੰਘ ਪਾਸਵਾਨ ਨੂੰ ਗ੍ਰਿਫ਼ਤਾਰ ਕਰਕੇ ਉਸ ਦੇ ਕਬਜ਼ੇ ਵਿੱਚੋਂ ਪਲਾਸਟਿਕ ਪਾਈਪ, ਬਿਜਲੀ ਦੀਆਂ ਤਾਰਾਂ, ਬਾਲਟੀ ਅਤੇ ਹੋਰ ਚੋਰੀਸ਼ੁਦਾ ਸਾਮਾਨ ਬਰਾਮਦ ਕੀਤਾ ਹੈ। ਪੁਲਿਸ ਬਰਾਮਦ ਕੀਤੇ ਸਾਮਾਨ ਦੇ ਅਸਲ ਮਾਲਕਾਂ ਦੀ ਪਛਾਣ ਕਰਨ ਵਿੱਚ ਜੁਟੀ ਹੋਈ ਹੈ। -ਬਾਕਸ- -ਮੱਛੀ ਚੌਕ ’ਚ ਹਥਿਆਰਾਂ ਨਾਲ ਹੰਗਾਮਾ ਕਰਨ ਵਾਲਿਆਂ ਤੇ ਵੀ ਕਾਰਵਾਈ ਆਪ੍ਰੇਸ਼ਨ ਪ੍ਰਹਾਰ ਦੌਰਾਨ ਪੁਲਿਸ ਨੇ ਕਾਨੂੰਨ-ਵਿਵਸਥਾ ਭੰਗ ਕਰਨ ਵਾਲੇ ਅਨਸਰਾਂ ਖ਼ਿਲਾਫ਼ ਵੀ ਸਖ਼ਤ ਰੁਖ਼ ਅਪਣਾਇਆ। ਥਾਣਾ ਸਿਵਲ ਲਾਈਨ ਪੁਲਿਸ ਨੇ ਮੱਛੀ ਚੌਕ ਵਿੱਚ ਡੰਡਿਆਂ ਅਤੇ ਹੋਰ ਹਥਿਆਰਾਂ ਨਾਲ ਹੰਗਾਮਾ ਕਰਕੇ ਲੋਕਾਂ ਵਿੱਚ ਦਹਿਸ਼ਤ ਫੈਲਾਉਣ ਦੇ ਦੋਸ਼ ਹੇਠ ਨੌਂ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਅਨੁਸਾਰ ਸੂਚਨਾ ਮਿਲਦੇ ਹੀ ਟੀਮ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਨੂੰ ਕਾਬੂ ਕੀਤਾ ਅਤੇ ਦੋਸ਼ੀਆਂ ਖ਼ਿਲਾਫ਼ ਤੁਰੰਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ। ਇਸ ਮਾਮਲੇ ਵਿੱਚ ਵੀ ਪੁੱਛਗਿੱਛ ਜਾਰੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਘਟਨਾ ਪਿੱਛੇ ਹੋਰ ਕੌਣ-ਕੌਣ ਸ਼ਾਮਲ ਸੀ। -ਬਾਕਸ- -ਮੁਲਜ਼ਮਾਂ ਦੇ ਅਪਰਾਧਕ ਰਿਕਾਰਡ ਦੀ ਹੋ ਰਹੀ ਜਾਂਚ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਸਾਰੇ ਮੁਲਜ਼ਮਾਂ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਬਰਾਮਦ ਕੀਤੇ ਗਏ ਵਾਹਨਾਂ ਅਤੇ ਹੋਰ ਸਾਮਾਨ ਸਬੰਧੀ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਇਨ੍ਹਾਂ ਦੀ ਵਰਤੋਂ ਕਿਹੜੀਆਂ-ਕਿਹੜੀਆਂ ਵਾਰਦਾਤਾਂ ਵਿੱਚ ਕੀਤੀ ਗਈ ਅਤੇ ਇਨ੍ਹਾਂ ਦੇ ਸੰਬੰਧ ਹੋਰ ਕਿਹੜੇ ਅਪਰਾਧਕ ਗਿਰੋਹਾਂ ਨਾਲ ਹਨ। ਇਸ ਦੇ ਨਾਲ ਹੀ ਸਾਰੇ ਮੁਲਜ਼ਮਾਂ ਦਾ ਅਪਰਾਧਕ ਰਿਕਾਰਡ ਵੀ ਖੰਗਾਲਿਆ ਜਾ ਰਿਹਾ ਹੈ। ਬਠਿੰਡਾ ਪੁਲਿਸ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਵੀ ਤਰ੍ਹਾਂ ਦੀ ਸ਼ੱਕੀ ਗਤੀਵਿਧੀ ਜਾਂ ਅਪਰਾਧਕ ਸਰਗਰਮੀ ਬਾਰੇ ਜਾਣਕਾਰੀ ਮਿਲਦੀ ਹੈ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ। ਪੁਲਿਸ ਨੇ ਭਰੋਸਾ ਦਿੱਤਾ ਕਿ ਆਪ੍ਰੇਸ਼ਨ ਪ੍ਰਹਾਰ ਤਹਿਤ ਅਪਰਾਧੀਆਂ, ਵਾਹਨ ਚੋਰਾਂ, ਨਸ਼ਾ ਤਸਕਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਇਹ ਵਿਸ਼ੇਸ਼ ਮੁਹਿੰਮ ਆਉਣ ਵਾਲੇ ਦਿਨਾਂ ਵਿੱਚ ਵੀ ਇਸੇ ਤਰ੍ਹਾਂ ਜਾਰੀ ਰਹੇਗੀ।