ਸੜਕ ਹਾਦਸੇ ’ਚ ਮਾਂ-ਪੁੱਤ ਸਮੇਤ ਤਿੰਨ ਜਣਿਆਂ ਦੀ ਮੌਤ
ਸੜਕ ਹਾਦਸੇ ’ਚ ਮਾਂ ਪੁੱਤ ਸਮੇਤ ਤਿੰਨ ਵਿਅਕਤੀਆਂ ਦੀ ਮੌਤ
Publish Date: Sun, 29 Mar 2026 05:47 PM (IST)
Updated Date: Mon, 30 Mar 2026 04:06 AM (IST)
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਹਰਿਆਣਾ ਦੇ ਫਤਿਹਾਬਾਦ ਨੇੜੇ ਇਕ ਦਰਦਨਾਕ ਸੜਕ ਹਾਦਸੇ ਵਿਚ ਬਠਿੰਡਾ ਜ਼ਿਲ੍ਹੇ ਦੇ ਪਿੰਡ ਪੱਕਾ ਕਲਾਂ ਦੇ ਵਸਨੀਕ ਮਾਂ, ਪੁੱਤਰ ਤੇ ਪੰਜ ਮਹੀਨਿਆਂ ਦੇ ਬੱਚੇ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਧੀ ਗੰਭੀਰ ਜ਼ਖਮੀ ਹੋ ਗਈ। ਜ਼ਖਮੀ ਲੜਕੀ ਨੂੰ ਇਲਾਜ ਲਈ ਹਰਿਆਣਾ ਦੇ ਇਕ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਮ੍ਰਿਤਕਾਂ ਦੀ ਪਛਾਣ ਅਮਰ (22), ਪੁੱਤਰ ਰਾਜਿੰਦਰ ਕੁਮਾਰ ਉਰਫ਼ ਪੱਪੂ, ਉਸਦੀ ਮਾਂ ਨਿਰਮਲਾ ਦੇਵੀ (50) ਅਤੇ ਇਕ ਪੰਜ ਮਹੀਨਿਆਂ ਦੇ ਬੱਚੇ ਵਜੋਂ ਹੋਈ ਹੈ।
ਜਾਣਕਾਰੀ ਅਨੁਸਰ ਬਠਿੰਡਾ ਦੇ ਪੱਕਾ ਕਲਾਂ ਪਿੰਡ ਦਾ ਵਸਨੀਕ ਰਜਿੰਦਰ ਕੁਮਾਰ ਆਪਣੇ ਪੂਰੇ ਪਰਿਵਾਰ ਨਾਲ ਹਰਿਆਣਾ ਵਿਚ ਆਪਣੀ ਧੀ ਦੇ ਸਹੁਰੇ ਘਰ ਨਵਜੰਮੇ ਬੱਚੇ ਦੇ ਜਨਮ ਦਿਨ ਦਾ ਜਸ਼ਨ ਮਨਾਉਣ ਲਈ ਕਰਵਾਏ ਜਗਰਾਤੇ ’ਚ ਸ਼ਾਮਲ ਹੋਣ ਲਈ ਗਿਆ ਸੀ।
ਸਮਾਗਮ ਤੋਂ ਬਾਅਦ ਉਹ ਕਾਰ ’ਚ ਸਵਾਰ ਹੋ ਕੇ ਆਪਣੇ ਪਿੰਡ ਵਾਪਸ ਆ ਰਹੇ ਸਨ ਜਦੋਂ ਇਹ ਹਾਦਸਾ ਵਾਪਰਿਆ। ਜਿਵੇਂ ਉਹ ਫਤਿਹਾਬਾਦ ਦੇ ਨੇੜੇ ਪਹੁੰਚੇ ਤਾਂ ਸਾਹਮਣੇ ਤੋਂ ਆ ਰਹੇ ਟੈਂਪੋ ਟਰੈਵਲਰ ਨਾਲ ਉਨ੍ਹਾਂ ਦੀ ਕਾਰ ਦੀ ਟੱਕਰ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਮਾਂ, ਪੁੱਤਰ ਅਤੇ ਬੱਚੇ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸੇ ਵਿਚ ਅਮਰ ਦੀ ਭੈਣ ਗੰਭੀਰ ਜ਼ਖਮੀ ਹੋ ਗਈ। ਘਟਨਾ ਦੀ ਖ਼ਬਰ ਮਿਲਦੇ ਹੀ ਬਠਿੰਡਾ ਜ਼ਿਲ੍ਹੇ ਦੇ ਪੱਕਾ ਕਲਾਂ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ। ਪਿੰਡ ਦੇ ਸਰਪੰਚ ਬਲਕਰਨ ਸਿੰਘ ਨੇ ਇਸ ਘਟਨਾ 'ਤੇ ਡੂੰਘਾ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਇਸ ਦੁਖਾਂਤ ਨੇ ਪੂਰੇ ਪਿੰਡ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਪਿੰਡ ਵਾਸੀਆਂ ਦੇ ਅਨੁਸਾਰ ਅਮਰ ਇਕ ਹੋਣਹਾਰ ਅਤੇ ਮਿਹਨਤੀ ਨੌਜਵਾਨ ਸੀ,ਜੋ ਆਪਣੇ ਪਰਿਵਾਰ ਦੀ ਜ਼ਿੰਮੇਵਾਰੀ ਸੰਭਾਲ ਰਿਹਾ ਸੀ। ਉਸਦੀ ਮਾਂ ਨਿਰਮਲਾ ਦੇਵੀ ਨੂੰ ਪਰਿਵਾਰ ਦਾ ਥੰਮ੍ਹ ਮੰਨਿਆ ਜਾਂਦਾ ਸੀ। ਸਭ ਤੋਂ ਦਿਲ ਦਹਿਲਾਉਣ ਵਾਲੀ ਗੱਲ ਇਕ ਮਾਸੂਮ ਬੱਚੇ ਦੀ ਮੌਤ ਹੈ, ਜਿਸਨੇ ਦੁਨੀਆਂ ਨੂੰ ਚੰਗੀ ਤਰ੍ਹਾਂ ਨਹੀਂ ਦੇਖਿਆ ਸੀ।