- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਗਲੇ ਦੋ ਦਿਨ ਤੇਜ਼ ਝੱਖੜ ਤੇ ਮੀਂਹ ਦੀ ਸੰਭਾਵਨਾ, ਫ਼ਸਲ ਨੂੰ ਲੈ ਕੇ ਕਿਸਾਨਾਂ ਲਈ ਚਿੰਤਤ

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਜ਼ਿਲ੍ਹੇ ਅੰਦਰ ਅਗਲੇ ਦੋ ਦਿਨ ਮੌਸਮ ਦੇ ਮਿਜ਼ਾਜ ਵਿੱਚ ਤਬਦੀਲੀ ਦੇ ਆਸਾਰ ਹਨ। ਮੌਸਮ ਵਿਭਾਗ ਵੱਲੋਂ 18 ਅਤੇ 19 ਫਰਵਰੀ ਲਈ ਚਿਤਾਵਨੀ ਜਾਰੀ ਕੀਤੀ ਹੈ ਕਿ ਇਨ੍ਹਾਂ ਦਿਨਾਂ ਦੌਰਾਨ ਗਰਜ-ਚਮਕ ਨਾਲ ਤੇਜ਼ ਝੱਖੜ ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਵਿਭਾਗ ਅਨੁਸਾਰ ਕੁਝ ਥਾਵਾਂ ’ਤੇ ਹਵਾ ਦੀ ਰਫ਼ਤਾਰ ਵੀ ਤੇਜ਼ ਰਹਿ ਸਕਦੀ ਹੈ, ਜਿਸ ਕਾਰਨ ਖੇਤੀਬਾੜੀ ਖੇਤਰ ਵਿੱਚ ਖਾਸ ਤੌਰ ’ਤੇ ਕਣਕ ਦੀ ਫਸਲ ’ਤੇ ਅਸਰ ਪੈ ਸਕਦਾ ਹੈ। ਮੌਸਮ ਵਿਗਿਆਨੀਆਂ ਮੁਤਾਬਕ ਪੱਛਮੀ ਵਿਘਨ ਦੇ ਪ੍ਰਭਾਵ ਕਾਰਨ ਇਲਾਕੇ ਵਿੱਚ ਬੱਦਲ ਛਾਏ ਰਹਿਣ ਤੇ ਰੁਕ-ਰੁਕ ਕੇ ਮੀਂਹ ਪੈਣ ਦੀ ਸੰਭਾਵਨਾ ਹੈ। ਦਿਨ ਦੇ ਸਮੇਂ ਗਰਜ਼-ਚਮਕ ਨਾਲ ਹਲਕਾ ਮੀਂਹ ਪੈ ਸਕਦਾ ਹੈ, ਜਦਕਿ ਕੁਝ ਥਾਵਾਂ ’ਤੇ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਹਨ।
ਹਾਲਾਂਕਿ ਇਹ ਮੀਂਹ ਮੌਸਮੀ ਤੌਰ ’ਤੇ ਆਮ ਮੰਨਿਆ ਜਾ ਰਿਹਾ ਹੈ, ਪਰ ਝੱਖੜ ਦੀ ਸੰਭਾਵਨਾ ਕਿਸਾਨਾਂ ਲਈ ਚਿੰਤਾ ਦਾ ਕਾਰਨ ਬਣ ਸਕਦੀ ਹੈ। ਖੇਤੀਬਾੜੀ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਸਮੇਂ ਕਣਕ ਦੀ ਫਸਲ ਦਾਣਾ ਬਣਨ ਦੀ ਅਵਸਥਾ ਵੱਲ ਵੱਧ ਰਹੀ ਹੈ ਅਤੇ ਹਲਕੀ ਬਾਰਿਸ਼ ਇਸ ਲਈ ਲਾਹੇਵੰਦ ਸਾਬਤ ਹੋ ਸਕਦੀ ਹੈ। ਮੀਂਹ ਨਾਲ ਮਿੱਟੀ ਵਿੱਚ ਨਮੀ ਵਧੇਗੀ, ਜਿਸ ਨਾਲ ਫਸਲ ਨੂੰ ਕੁਦਰਤੀ ਤੌਰ ’ਤੇ ਪਾਣੀ ਮਿਲੇਗਾ ਤੇ ਸਿੰਚਾਈ ਦੀ ਲੋੜ ਘੱਟ ਪਵੇਗੀ। ਇਸ ਨਾਲ ਕਿਸਾਨਾਂ ਦੇ ਖਰਚੇ ’ਚ ਵੀ ਕਮੀ ਆ ਸਕਦੀ ਹੈ। ਪਰ ਜੇਕਰ ਤੇਜ਼ ਝੱਖੜ ਆਉਂਦਾ ਹੈ ਤਾਂ ਕਣਕ ਦੀ ਫਸਲ ਧਰਤੀ ’ਤੇ ਵਿਛ ਸਕਦੀ ਹੈ। ਇਸ ਹਾਲਤ ਵਿੱਚ ਫਸਲ ਨੂੰ ਵੱਡਾ ਨੁਕਸਾਨ ਹੋ ਸਕਦਾ ਹੈ ਅਤੇ ਉਤਪਾਦਨ ਘਟਣ ਦਾ ਖਤਰਾ ਬਣ ਜਾਂਦਾ ਹੈ। ਕਿਸਾਨਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਮੌਸਮ ਦੀ ਤਾਜ਼ਾ ਜਾਣਕਾਰੀ ’ਤੇ ਨਜ਼ਰ ਰੱਖਣ। ਜੇਕਰ ਖੇਤਾਂ ਵਿੱਚ ਪਾਣੀ ਖੜ੍ਹਨ ਦੀ ਸੰਭਾਵਨਾ ਹੋਵੇ ਤਾਂ ਨਿਕਾਸੀ ਦਾ ਯੋਗ ਪ੍ਰਬੰਧ ਪਹਿਲਾਂ ਹੀ ਕਰ ਲਿਆ ਜਾਵੇ। ਮੌਸਮ ਵਿਭਾਗ ਦੇ ਅਨੁਸਾਰ ਅਗਲੇ ਪੰਜ ਦਿਨਾਂ ਦੌਰਾਨ ਵੱਧ ਤੋਂ ਵੱਧ ਤਾਪਮਾਨ 27 ਤੋਂ 29 ਡਿਗਰੀ ਸੈਲਸੀਅਸ ਦਰਮਿਆਨ ਰਹਿਣ ਦੀ ਸੰਭਾਵਨਾ ਹੈ, ਜਦਕਿ ਘੱਟ ਤੋਂ ਘੱਟ ਤਾਪਮਾਨ 10 ਤੋਂ 12 ਡਿਗਰੀ ਸੈਲਸੀਅਸ ਰਹਿ ਸਕਦਾ ਹੈ। ਤਾਪਮਾਨ ਵਿੱਚ ਵੱਡੇ ਉਤਾਰ-ਚੜ੍ਹਾਅ ਦੀ ਸੰਭਾਵਨਾ ਨਹੀਂ ਹੈ, ਪਰ ਬੱਦਲਾਂ ਤੇ ਮੀਂਹ ਕਾਰਨ ਦਿਨ ਦੇ ਤਾਪਮਾਨ ’ਚ ਹਲਕੀ ਕਮੀ ਦਰਜ ਕੀਤੀ ਜਾ ਸਕਦੀ ਹੈ। ਵਿਭਾਗ ਅਨੁਸਾਰ 18 ਫਰਵਰੀ ਨੂੰ 3 ਮਿਲੀਮੀਟਰ ਤੇ 19 ਫਰਵਰੀ ਨੂੰ 2 ਮਿਲੀਮੀਟਰ ਮੀਂਹ ਪੈ ਸਕਦਾ ਹੈ। 22 ਫ਼ਰਵਰੀ ਤਕ ਹਵਾ ’ਚ ਨਮੀਂ ਦੀ ਮਾਤਰਾ 46 ਤੋਂ 90 ਫੀਸਦੀ ਰਹਿ ਸਕਦੀ ਹੈ। ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਗਰਜ-ਚਮਕ ਦੌਰਾਨ ਖੁੱਲ੍ਹੇ ਮੈਦਾਨਾਂ ਜਾਂ ਰੁੱਖਾਂ ਹੇਠਾਂ ਖੜ੍ਹੇ ਹੋਣ ਤੋਂ ਬਚਿਆ ਜਾਵੇ। ਬਿਜਲੀ ਕੜਕਣ ਸਮੇਂ ਮੋਬਾਈਲ ਫੋਨ ਅਤੇ ਬਿਜਲੀ ਦੇ ਉਪਕਰਣਾਂ ਦੀ ਵਰਤੋਂ ਵੀ ਸਾਵਧਾਨੀ ਨਾਲ ਕੀਤੀ ਜਾਵੇ।