- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਗਰ ਨਿਗਮ ਚੋਣਾਂ ਦੇ ਨਤੀਜਿਆਂ ਨੇ ਸ਼ਹਿਰ ਦੀ ਸਿਆਸਤ ਦੀ ਤਸਵੀਰ ਬਦਲ ਕੇ ਰੱਖ ਦਿੱਤੀ ਹੈ। ਪਹਿਲੀ ਵਾਰ ਨਗਰ ਨਿਗਮ ਵਿੱਚ ਆਮ ਆਦਮੀ ਪਾਰਟੀ (ਆਪ) ਨੂੰ ਸਪੱਸ਼ਟ ਬਹੁਮਤ ਮਿਲਿਆ ਹੈ, ਜਿਸ ਨਾਲ ਨਿਗਮ ਹਾਊਸ ਵਿੱਚ ਪਾਰਟੀ ਦੀ ਪਕੜ ਪੂਰੀ ਤਰ੍ਹਾਂ ਮਜ਼ਬੂਤ ਹੋ ਗਈ ਹੈ।

ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਨਗਰ ਨਿਗਮ ਚੋਣਾਂ ਦੇ ਨਤੀਜਿਆਂ ਨੇ ਸ਼ਹਿਰ ਦੀ ਸਿਆਸਤ ਦੀ ਤਸਵੀਰ ਬਦਲ ਕੇ ਰੱਖ ਦਿੱਤੀ ਹੈ। ਪਹਿਲੀ ਵਾਰ ਨਗਰ ਨਿਗਮ ਵਿੱਚ ਆਮ ਆਦਮੀ ਪਾਰਟੀ (ਆਪ) ਨੂੰ ਸਪੱਸ਼ਟ ਬਹੁਮਤ ਮਿਲਿਆ ਹੈ, ਜਿਸ ਨਾਲ ਨਿਗਮ ਹਾਊਸ ਵਿੱਚ ਪਾਰਟੀ ਦੀ ਪਕੜ ਪੂਰੀ ਤਰ੍ਹਾਂ ਮਜ਼ਬੂਤ ਹੋ ਗਈ ਹੈ। 50 ਮੈਂਬਰੀ ਨਿਗਮ ਹਾਊਸ ਵਿੱਚ ਆਪ ਦੇ 35 ਕੌਂਸਲਰ ਜਿੱਤ ਕੇ ਪਹੁੰਚੇ ਹਨ, ਜਦਕਿ ਕਾਂਗਰਸ ਦੇ ਖਾਤੇ ਵਿੱਚ 5, ਸ਼੍ਰੋਮਣੀ ਅਕਾਲੀ ਦਲ (ਸ਼੍ਰੋਅਦ) ਦੇ 3, ਭਾਜਪਾ ਦਾ 1 ਅਤੇ 6 ਆਜ਼ਾਦ ਉਮੀਦਵਾਰ ਜੇਤੂ ਰਹੇ ਹਨ। ਬਹੁਮਤ ਲਈ ਲੋੜੀਂਦੇ ਅੰਕੜੇ ਤੋਂ ਕਾਫ਼ੀ ਅੱਗੇ ਨਿਕਲ ਚੁੱਕੀ ਆਪ ਹੁਣ ਨਿਗਮ ਦੀ ਸੱਤਾ ਅਤੇ ਨੀਤੀਗਤ ਫ਼ੈਸਲਿਆਂ ’ਤੇ ਪੂਰੀ ਤਰ੍ਹਾਂ ਪ੍ਰਭਾਵਸ਼ਾਲੀ ਭੂਮਿਕਾ ਵਿੱਚ ਹੋਵੇਗੀ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਨਿਗਮ ਚੋਣਾਂ ਦੇ ਨਤੀਜੇ ਸਿਰਫ਼ ਸਥਾਨਕ ਸਰਕਾਰ ਤਕ ਹੀ ਸੀਮਤ ਨਹੀਂ ਹਨ, ਸਗੋਂ ਇਹ ਸ਼ਹਿਰ ਵਿੱਚ ਬਦਲ ਰਹੇ ਸਿਆਸੀ ਸਮੀਕਰਨਾਂ ਦਾ ਵੀ ਸੰਕੇਤ ਹਨ। ਵਿਧਾਨ ਸਭਾ ਚੋਣਾਂ ਤੋਂ ਬਾਅਦ ਨਗਰ ਨਿਗਮ ਵਿੱਚ ਮਿਲੀ ਇਹ ਸਫ਼ਲਤਾ ਆਪ ਲਈ ਇੱਕ ਵੱਡੀ ਸਿਆਸੀ ਪ੍ਰਾਪਤੀ ਮੰਨੀ ਜਾ ਰਹੀ ਹੈ। -ਬਾਕਸ- -ਬਿਨਾਂ ਵਿਰੋਧ ਦੇ ਪਾਸ ਹੋ ਸਕਣਗੇ ਵਿਕਾਸ ਕਾਰਜਾਂ ਦੇ ਮਤੇ ਨਿਗਮ ਹਾਊਸ ਵਿੱਚ 35 ਕੌਂਸਲਰਾਂ ਦੇ ਨਾਲ ਆਪ ਕੋਲ ਮਜ਼ਬੂਤ ਬਹੁਮਤ ਹੈ। ਅਜਿਹੇ ਵਿੱਚ ਵਿਕਾਸ ਕਾਰਜਾਂ, ਬਜਟ, ਨਵੀਆਂ ਯੋਜਨਾਵਾਂ ਅਤੇ ਵੱਖ-ਵੱਖ ਪ੍ਰਾਜੈਕਟਾਂ ਨਾਲ ਸਬੰਧਤ ਮਤਿਆਂ ਨੂੰ ਪਾਸ ਕਰਵਾਉਣ ਵਿੱਚ ਪਾਰਟੀ ਨੂੰ ਕਿਸੇ ਤਰ੍ਹਾਂ ਦੀ ਸਿਆਸੀ ਰੁਕਾਵਟ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਪਿਛਲੇ ਕਾਰਜਕਾਲਾਂ ਦੌਰਾਨ ਅਕਸਰ ਸੱਤਾਧਾਰੀ ਧਿਰ ਅਤੇ ਵਿਰੋਧੀ ਧਿਰ ਵਿਚਾਲੇ ਟਕਰਾਅ ਕਾਰਨ ਕਈ ਮਤਿਆਂ ’ਤੇ ਬਹਿਸ ਅਤੇ ਵਿਰੋਧ ਦੀ ਸਥਿਤੀ ਬਣਦੀ ਰਹੀ ਸੀ, ਪਰ ਇਸ ਵਾਰ ਗਿਣਤੀ ਦੇ ਲਿਹਾਜ਼ ਨਾਲ ਅਜਿਹੇ ਹਾਲਾਤ ਬਣਨ ਦੀ ਸੰਭਾਵਨਾ ਕਾਫ਼ੀ ਘੱਟ ਹੈ। ਹਾਲਾਂਕਿ ਵਿਰੋਧੀ ਧਿਰਾਂ ਦਾ ਕਹਿਣਾ ਹੈ ਕਿ ਉਹ ਲੋਕਾਂ ਦੇ ਮੁੱਦਿਆਂ ’ਤੇ ਉਹ ਭੂਮਿਕਾ ਨਿਭਾਉਣਗੀਆਂ ਅਤੇ ਨਿਗਮ ਪ੍ਰਸ਼ਾਸਨ ਦੀ ਜਵਾਬਦੇਹੀ ਯਕੀਨੀ ਬਣਾਉਣ ਦਾ ਯਤਨ ਕਰਨਗੀਆਂ। ਇਸ ਦੇ ਬਾਵਜੂਦ ਸਦਨ ਵਿੱਚ ਗਿਣਤੀ ਦੇ ਲਿਹਾਜ਼ ਨਾਲ ਵਿਰੋਧੀ ਧਿਰ ਕਾਫ਼ੀ ਕਮਜ਼ੋਰ ਸਥਿਤੀ ਵਿੱਚ ਨਜ਼ਰ ਆ ਰਹੀ ਹੈ। -ਬਾਕਸ- -29 ਨਵੇਂ ਚਿਹਰੇ ਬਦਲਣਗੇ ਨਿਗਮ ਹਾਊਸ ਦੀ ਤਸਵੀਰ ਇਸ ਵਾਰ ਨਿਗਮ ਹਾਊਸ ਵਿੱਚ ਨਵੇਂ ਚਿਹਰਿਆਂ ਦਾ ਦਬਦਬਾ ਰਹੇਗਾ। ਚੁਣੇ ਗਏ 50 ਕੌਂਸਲਰਾਂ ਵਿੱਚੋਂ 29 ਪਹਿਲੀ ਵਾਰ ਸਦਨ ਦਾ ਹਿੱਸਾ ਬਣਨਗੇ। ਇਸ ਦੇ ਨਾਲ ਹੀ 17 ਕੌਂਸਲਰ ਦੂਜੀ ਵਾਰ ਨਿਗਮ ਹਾਊਸ ਵਿੱਚ ਪਹੁੰਚਣ ਵਿੱਚ ਸਫ਼ਲ ਰਹੇ ਹਨ। ਇਸ ਤੋਂ ਇਲਾਵਾ ਸਿਰਫ਼ 4 ਕੌਂਸਲਰ ਅਜਿਹੇ ਹਨ ਜੋ ਤੀਜੀ ਵਾਰ ਕੌਂਸਲਰ ਵਜੋਂ ਨਿਗਮ ਹਾਊਸ ਵਿੱਚ ਦਾਖ਼ਲ ਹੋਣਗੇ। ਸਿਆਸੀ ਵਿਸ਼ਲੇਸ਼ਕਾਂ ਅਨੁਸਾਰ ਨਵੇਂ ਕੌਂਸਲਰਾਂ ਦੀ ਵੱਡੀ ਗਿਣਤੀ ਨਿਗਮ ਦੀ ਕਾਰਜਸ਼ੈਲੀ ਅਤੇ ਤਰਜੀਹਾਂ ਵਿੱਚ ਬਦਲਾਅ ਲਿਆ ਸਕਦੀ ਹੈ। ਹਾਲਾਂਕਿ ਪਹਿਲੀ ਵਾਰ ਚੁਣੇ ਗਏ ਜਨ ਪ੍ਰਤੀਨਿਧੀਆਂ ਸਾਹਮਣੇ ਪ੍ਰਸ਼ਾਸਨਿਕ ਪ੍ਰਕਿਰਿਆਵਾਂ ਅਤੇ ਨਿਗਮ ਦੀ ਕਾਰਜਪ੍ਰਣਾਲੀ ਨੂੰ ਸਮਝਣ ਦੀ ਚੁਣੌਤੀ ਵੀ ਰਹੇਗੀ। -ਬਾਕਸ- -ਕਾਂਗਰਸ, ਸ਼੍ਰੋਅਦ ਅਤੇ ਭਾਜਪਾ ਲਈ ਆਤਮ-ਚਿੰਤਨ ਦਾ ਸਮਾਂ ਨਿਗਮ ਚੋਣਾਂ ਦੇ ਨਤੀਜੇ ਵਿਰੋਧੀ ਪਾਰਟੀਆਂ ਲਈ ਚਿੰਤਾ ਦਾ ਵਿਸ਼ਾ ਬਣ ਗਏ ਹਨ। ਕਦੇ ਸ਼ਹਿਰ ਦੀ ਸਿਆਸਤ ਵਿੱਚ ਮਜ਼ਬੂਤ ਪਕੜ ਰੱਖਣ ਵਾਲੀ ਕਾਂਗਰਸ ਸਿਰਫ਼ ਪੰਜ ਸੀਟਾਂ ਤਕ ਸਿਮਟ ਕੇ ਰਹਿ ਗਈ ਹੈ। ਸ਼੍ਰੋਅਦ ਨੂੰ ਤਿੰਨ ਸੀਟਾਂ ’ਤੇ ਹੀ ਸੰਤੋਖ ਕਰਨਾ ਪਿਆ, ਜਦਕਿ ਭਾਜਪਾ ਸਿਰਫ਼ ਇਕ ਸੀਟ ਜਿੱਤ ਸਕੀ। ਨਤੀਜਿਆਂ ਨੇ ਇਹ ਸੰਕੇਤ ਦਿੱਤਾ ਹੈ ਕਿ ਸਥਾਨਕ ਪੱਧਰ ’ਤੇ ਵਿਰੋਧੀ ਪਾਰਟੀਆਂ ਲੋਕਾਂ ਦਾ ਭਰੋਸਾ ਹਾਸਲ ਕਰਨ ਵਿੱਚ ਉਮੀਦ ਅਨੁਸਾਰ ਸਫ਼ਲ ਨਹੀਂ ਹੋ ਸਕੀਆਂ। ਆਉਣ ਵਾਲੀਆਂ ਚੋਣਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕਾਂਗਰਸ, ਸ਼੍ਰੋਅਦ ਅਤੇ ਭਾਜਪਾ ਨੂੰ ਆਪਣੇ ਸੰਗਠਨਾਤਮਕ ਢਾਂਚੇ ਅਤੇ ਜਨ ਸੰਪਰਕ ਰਣਨੀਤੀ ’ਤੇ ਗੰਭੀਰਤਾ ਨਾਲ ਕੰਮ ਕਰਨ ਦੀ ਲੋੜ ਹੋਵੇਗੀ। -ਬਾਕਸ- -ਆਜ਼ਾਦ ਉਮੀਦਵਾਰਾਂ ਦੀ ਭੂਮਿਕਾ ਵੀ ਰਹੇਗੀ ਅਹਿਮ ਹਾਲਾਂਕਿ ਆਪ ਨੂੰ ਸਪੱਸ਼ਟ ਬਹੁਮਤ ਮਿਲ ਚੁੱਕਾ ਹੈ, ਪਰ ਛੇ ਆਜ਼ਾਦ ਕੌਂਸਲਰ ਵੀ ਨਿਗਮ ਹਾਊਸ ਵਿੱਚ ਪਹੁੰਚੇ ਹਨ। ਵੱਖ-ਵੱਖ ਵਾਰਡਾਂ ਤੋਂ ਜਿੱਤ ਕੇ ਆਏ ਇਹ ਕੌਂਸਲਰ ਸਥਾਨਕ ਮੁੱਦਿਆਂ ਨੂੰ ਪ੍ਰਮੁੱਖਤਾ ਨਾਲ ਉਠਾਉਣ ਦੀ ਕੋਸ਼ਿਸ਼ ਕਰਨਗੇ। ਕਈ ਮਾਮਲਿਆਂ ਵਿੱਚ ਇਹ ਕੌਂਸਲਰ ਖੇਤਰੀ ਹਿੱਤਾਂ ਨਾਲ ਸਬੰਧਤ ਮਤਿਆਂ ਅਤੇ ਵਿਚਾਰ-ਚਰਚਾਵਾਂ ਵਿੱਚ ਪ੍ਰਭਾਵਸ਼ਾਲੀ ਭੂਮਿਕਾ ਨਿਭਾਅ ਸਕਦੇ ਹਨ। -ਲੋਕਾਂ ਦੀਆਂ ਉਮੀਦਾਂ ’ਤੇ ਖਰਾ ਉਤਰਨਾ ਹੋਵੇਗੀ ਸਭ ਤੋਂ ਵੱਡੀ ਚੁਣੌਤੀ ਸਪੱਸ਼ਟ ਬਹੁਮਤ ਮਿਲਣ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਲੋਕਾਂ ਦੀਆਂ ਉਮੀਦਾਂ ’ਤੇ ਖਰਾ ਉਤਰਨਾ ਹੋਵੇਗੀ। ਸ਼ਹਿਰ ਵਿੱਚ ਸਫ਼ਾਈ ਪ੍ਰਬੰਧ, ਪੀਣ ਵਾਲੇ ਪਾਣੀ ਦੀ ਸਪਲਾਈ, ਸੀਵਰੇਜ, ਸੜਕਾਂ ਦੀ ਮੁਰੰਮਤ, ਸਟਰੀਟ ਲਾਈਟਾਂ ਅਤੇ ਹੋਰ ਬੁਨਿਆਦੀ ਸਹੂਲਤਾਂ ਨਾਲ ਜੁੜੇ ਮੁੱਦਿਆਂ ਦੇ ਹੱਲ ਦੀ ਜ਼ਿੰਮੇਵਾਰੀ ਹੁਣ ਸਿੱਧੇ ਤੌਰ ’ਤੇ ਸੱਤਾਧਾਰੀ ਧਿਰ ’ਤੇ ਹੋਵੇਗੀ। ਚੋਣ ਨਤੀਜਿਆਂ ਨੇ ਜਿੱਥੇ ਆਪ ਨੂੰ ਮਜ਼ਬੂਤ ਜਨਾਦੇਸ਼ ਦਿੱਤਾ ਹੈ, ਉੱਥੇ ਇਹ ਸੁਨੇਹਾ ਵੀ ਦਿੱਤਾ ਹੈ ਕਿ ਲੋਕ ਵਿਕਾਸ ਕਾਰਜਾਂ ਅਤੇ ਬਿਹਤਰ ਨਗਰ ਪ੍ਰਸ਼ਾਸਨ ਦੀ ਉਮੀਦ ਕਰ ਰਹੇ ਹਨ। ਅਜਿਹੇ ਵਿੱਚ ਆਉਣ ਵਾਲਾ ਨਿਗਮ ਕਾਰਜਕਾਲ ਸ਼ਹਿਰ ਦੇ ਵਿਕਾਸ ਅਤੇ ਸਿਆਸੀ ਪੱਖੋਂ ਕਾਫ਼ੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।