- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਲਿਵ-ਇਨ ਸਬੰਧਾਂ ’ਚ ਰਹਿ ਰਹੇ ਨੌਜਵਾਨ ਨੇ ਕੀਤੀ ਖੁਦਕੁਸ਼ੀ,

-ਸਾਢੇ ਚਾਰ ਲੱਖ ਰੁਪਏ ਹੜੱਪਣ ਦੇ ਦੋਸ਼; ਮਾਮਲਾ ਦਰਜ, ਦੋ ਮੁਲਜ਼ਮ ਗ੍ਰਿਫ਼ਤਾਰ
ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਤਲਵੰਡੀ ਸਾਬੋ
ਬਰਨਾਲਾ ਦੀ ਇੱਕ ਔਰਤ ਨਾਲ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਰਹਿ ਰਹੇ ਫੂਸ ਮੰਡੀ ਦੇ ਇੱਕ ਨੌਜਵਾਨ ਵੱਲੋਂ ਕਥਿਤ ਤੌਰ 'ਤੇ ਔਰਤ ਤੇ ਉਸਦੇ ਪਰਿਵਾਰ 'ਤੇ ਪੈਸੇ ਹੜੱਪਣ ਅਤੇ ਤੰਗ-ਪ੍ਰੇਸ਼ਾਨ ਕਰਨ ਦੇ ਦੋਸ਼ ਲਗਾਉਂਦਿਆਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਮ੍ਰਿਤਕ ਦੇ ਭਰਾ ਦੇ ਬਿਆਨਾਂ ਦੇ ਆਧਾਰ 'ਤੇ ਚਾਰ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਦੋ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਥਾਣਾ ਤਲਵੰਡੀ ਸਾਬੋ ਵਿੱਚ ਦਰਜ ਕੇਸ ਅਨੁਸਾਰ ਚਰਨਜੀਤ ਸਿੰਘ ਵਾਸੀ ਫੂਸ ਮੰਡੀ ਨੇ ਦੱਸਿਆ ਕਿ ਉਹ ਅਤੇ ਉਸਦਾ ਭਰਾ ਚਰਨਪ੍ਰੀਤ ਸਿੰਘ ਬਚਪਨ ’ਚ ਹੀ ਆਪਣੇ ਮਾਤਾ-ਪਿਤਾ ਨੂੰ ਗੁਆ ਬੈਠੇ ਸਨ, ਜਿਸ ਤੋਂ ਬਾਅਦ ਉਨ੍ਹਾਂ ਦਾ ਪਾਲਣ-ਪੋਸ਼ਣ ਨਾਨਕੇ ਪਿੰਡ ਜਗਾ ਰਾਮ ਤੀਰਥ ਵਿਖੇ ਹੋਇਆ। ਉਸਨੇ ਦੱਸਿਆ ਕਿ ਚਰਨਪ੍ਰੀਤ ਸਿੰਘ ਡਰਾਈਵਰੀ ਦਾ ਕੰਮ ਕਰਦਾ ਸੀ ਅਤੇ ਪਿਛਲੇ ਕਰੀਬ ਚਾਰ ਸਾਲਾਂ ਤੋਂ ਬਰਨਾਲਾ ਦੀ ਰਹਿਣ ਵਾਲੀ ਜੋਤੀ ਬਾਂਸਲ ਨਾਲ ਲਿਵ-ਇਨ-ਰਿਲੇਸ਼ਨਸ਼ਿਪ ’ਚ ਰਹਿ ਰਿਹਾ ਸੀ। ਸ਼ਿਕਾਇਤਕਰਤਾ ਅਨੁਸਾਰ ਚਰਨਪ੍ਰੀਤ ਸਿੰਘ ਨੇ ਜੋਤੀ ਬਾਂਸਲ ਦੀ ਧੀ ਨੂੰ ਵਿਦੇਸ਼ ਭੇਜਣ ਲਈ ਕਰੀਬ ਸਾਢੇ ਚਾਰ ਲੱਖ ਰੁਪਏ ਦਿੱਤੇ ਸਨ। ਦੋਸ਼ ਹੈ ਕਿ ਬਾਅਦ ਵਿੱਚ ਪੈਸੇ ਵਾਪਸ ਮੰਗਣ 'ਤੇ ਜੋਤੀ ਬਾਂਸਲ ਤੇ ਉਸਦੇ ਪਰਿਵਾਰਕ ਮੈਂਬਰਾਂ ਨੇ ਰਕਮ ਵਾਪਸ ਕਰਨ ਤੋਂ ਇਨਕਾਰ ਕਰ ਦਿੱਤਾ ਤੇ ਉਸ ਨੂੰ ਕਥਿਤ ਤੌਰ 'ਤੇ ਧਮਕੀਆਂ ਦੇ ਕੇ ਤੰਗ-ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ।
ਚਰਨਜੀਤ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨਾਂ ’ਚ ਕਿਹਾ ਕਿ ਘਟਨਾ ਤੋਂ ਇੱਕ ਦਿਨ ਪਹਿਲਾਂ ਉਸਦਾ ਭਰਾ ਉਸ ਨੂੰ ਮਿਲਣ ਆਇਆ ਸੀ ਅਤੇ ਉਸਨੇ ਆਪਣੇ ਨਾਲ ਹੋ ਰਹੀ ਪਰੇਸ਼ਾਨੀ ਬਾਰੇ ਦੱਸਿਆ ਸੀ। ਇਸ ਤੋਂ ਬਾਅਦ ਉਹ ਆਪਣੇ ਨਾਨਕੇ ਪਿੰਡ ਜਗਾ ਰਾਮ ਤੀਰਥ ਚਲਾ ਗਿਆ। ਸ਼ਿਕਾਇਤਕਰਤਾ ਮੁਤਾਬਕ ਅਗਲੇ ਦਿਨ ਉਸਦੇ ਮੋਬਾਈਲ ਫੋਨ 'ਤੇ ਇੱਕ ਵੀਡੀਓ ਪ੍ਰਾਪਤ ਹੋਈ, ਜਿਸ ਵਿੱਚ ਚਰਨਪ੍ਰੀਤ ਸਿੰਘ ਨੇ ਆਪਣੀ ਕਾਰ ਨੂੰ ਅੱਗ ਲਗਾਉਣ ਤੋਂ ਬਾਅਦ ਜ਼ਹਿਰੀਲੀ ਵਸਤੂ ਨਿਗਲ ਕੇ ਖੁਦਕੁਸ਼ੀ ਕਰ ਲਈ। ਕਥਿਤ ਤੌਰ 'ਤੇ ਵੀਡੀਓ ਵਿੱਚ ਉਸਨੇ ਆਪਣੀ ਮੌਤ ਲਈ ਜੋਤੀ ਬਾਂਸਲ ਤੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਪੁਲਿਸ ਨੇ ਮ੍ਰਿਤਕ ਦੇ ਭਰਾ ਦੇ ਬਿਆਨਾਂ ਦੇ ਆਧਾਰ 'ਤੇ ਜੋਤੀ ਬਾਂਸਲ, ਉਸਦੇ ਪੁੱਤਰ ਨਿਖਲਾਜ ਬਾਂਸਲ ਵਾਸੀ ਬਰਨਾਲਾ, ਜੋਤੀ ਬਾਂਸਲ ਦੀ ਮਾਤਾ ਸਤਨਾਮ ਕੌਰ ਵਾਸੀ ਨਾਭਾ ਤੇ ਉਸਦੀ ਭੈਣ ਸ਼ੈਲੀ ਬਾਂਸਲ ਵਾਸੀ ਲੁਧਿਆਣਾ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਮੁਖੀ ਅਮਰੀਕ ਸਿੰਘ ਗਰੇਵਾਲ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਜੋਤੀ ਬਾਂਸਲ ਅਤੇ ਨਿਖਲਾਜ ਬਾਂਸਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਬਾਕੀ ਮੁਲਜ਼ਮਾਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਹਰ ਪੱਖ ਤੋਂ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।