- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਠਿੰਡਾ ਲਾਅ ਕਾਲਜ ਦੇ ਸਾਹਮਣੇ ਗ੍ਰੀਨ ਪਾਕੇਟ ਬਣਿਆ ਕੂੜਾਘਰ, ਵਿਦਿਆਰਥੀਆਂ ਦਾ ਆਉਣਾ-ਜਾਣਾ ਹੋਇਆ ਮੁਸ਼ਕਲ

-ਮਰੇ ਹੋਏ ਪਸ਼ੂ ਸੁੱਟਣ ’ਤੇ ਫੈਲੀ ਬਦਬੂ, ਨਿਗਮ ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਦੱਸਣ ਦੇ ਬਾਵਜੂਦ ਨਹੀਂ ਹੋਈ ਕਾਰਵਾਈ
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ
ਬਾਦਲ ਰੋਡ ਅਤੇ ਰਿੰਗ ਰੋਡ 'ਤੇ ਓਵਰਬ੍ਰਿਜ਼ ਦੇ ਨੇੜੇ ਸਥਿਤ ਬਠਿੰਡਾ ਲਾਅ ਕਾਲਜ ਦੇ ਸਾਹਮਣੇ ਬੀਡੀਏ ਦੇ ਗ੍ਰੀਨ ਪਾਕੇਟ ਵਿੱਚ ਲਗਾਤਾਰ ਸੁੱਟੇ ਜਾ ਰਹੇ ਕੂੜੇ, ਮਲਬੇ ਅਤੇ ਮਰੇ ਹੋਏ ਪਸ਼ੂਆਂ ਕਾਰਨ ਵਿਦਿਆਰਥੀਆਂ ਅਤੇ ਕਾਲਜ ਸਟਾਫ਼ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਤ ਇਹ ਹਨ ਕਿ ਸੜਕ ਕਿਨਾਰੇ ਕੂੜੇ ਦੇ ਢੇਰ ਫੈਲ ਜਾਣ ਕਾਰਨ ਕਾਲਜ ਆਉਣ-ਜਾਣ ਦਾ ਰਸਤਾ ਪ੍ਰਭਾਵਿਤ ਹੋ ਗਿਆ ਹੈ। ਉੱਥੇ ਹੀ ਮਰੇ ਹੋਏ ਪਸ਼ੂ ਸੁੱਟੇ ਜਾਣ ਨਾਲ ਫੈਲ ਰਹੀ ਗੰਦੀ ਬਦਬੂ ਕਾਰਨ ਆਲੇ-ਦੁਆਲੇ ਦਾ ਮਾਹੌਲ ਅਸਹਿਣਯੋਗ ਬਣ ਗਿਆ ਹੈ ਤੇ ਬਿਮਾਰੀਆਂ ਫੈਲਣ ਦਾ ਖ਼ਤਰਾ ਵੀ ਵੱਧ ਗਿਆ ਹੈ। ਕਾਲਜ ਦੇ ਚੇਅਰਮੈਨ ਐਡਵੋਕੇਟ ਮੋਹਨ ਲਾਲ ਗਰਗ ਨੇ ਦੱਸਿਆ ਕਿ ਇਸ ਗੰਭੀਰ ਸਮੱਸਿਆ ਸਬੰਧੀ ਨਿਗਮ ਕਮਿਸ਼ਨਰ ਤੋਂ ਲੈ ਕੇ ਡਿਪਟੀ ਕਮਿਸ਼ਨਰ ਤੱਕ ਨੂੰ ਕਈ ਵਾਰ ਲਿਖਤੀ ਸ਼ਿਕਾਇਤਾਂ ਭੇਜੀਆਂ ਜਾ ਚੁੱਕੀਆਂ ਹਨ।
ਸ਼ਿਕਾਇਤਾਂ ਵਿੱਚ ਗ੍ਰੀਨ ਪਾਕੇਟ ਵਿੱਚ ਕੂੜਾ ਸੁੱਟਣ 'ਤੇ ਤੁਰੰਤ ਰੋਕ ਲਗਾਉਣ ਅਤੇ ਪਹਿਲਾਂ ਤੋਂ ਪਿਆ ਕੂੜਾ ਤੁਰੰਤ ਹਟਾਉਣ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸ਼ਿਕਾਇਤ ਤੋਂ ਬਾਅਦ ਨਗਰ ਨਿਗਮ ਦੇ ਸੈਨੇਟਰੀ ਇੰਸਪੈਕਟਰ ਨੇ ਮੌਕੇ ਦਾ ਨਿਰੀਖਣ ਵੀ ਕੀਤਾ, ਪਰ ਇਸ ਤੋਂ ਬਾਅਦ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ। ਕਾਲਜ ਦੇ ਵਿਦਿਆਰਥੀਆਂ ਗੁਰਪ੍ਰੀਤ ਸਿੰਘ, ਜਸਮੇਲ ਸਿੰਘ, ਪ੍ਰੀਤੀ ਅਤੇ ਮੋਨਿਕਾ ਸਮੇਤ ਹੋਰ ਵਿਦਿਆਰਥੀਆਂ ਨੇ ਦੱਸਿਆ ਕਿ ਜਿਸ ਥਾਂ ਨੂੰ ਹਰਿਆ-ਭਰਿਆ ਖੇਤਰ ਵਜੋਂ ਵਿਕਸਤ ਕੀਤਾ ਜਾਣਾ ਸੀ, ਉਹ ਹੁਣ ਗੈਰ-ਕਾਨੂੰਨੀ ਡੰਪਿੰਗ ਸਥਾਨ ਬਣ ਚੁੱਕਾ ਹੈ। ਲੋਕ ਦਿਨ-ਰਾਤ ਇੱਥੇ ਕੂੜਾ ਅਤੇ ਉਸਾਰੀ ਦਾ ਮਲਬਾ ਸੁੱਟ ਰਹੇ ਹਨ, ਜਦਕਿ ਰਾਤ ਸਮੇਂ ਮਰੇ ਹੋਏ ਪਸ਼ੂ ਵੀ ਇੱਥੇ ਸੁੱਟ ਦਿੱਤੇ ਜਾਂਦੇ ਹਨ। ਇਸ ਕਾਰਨ ਇੰਨੀ ਭਿਆਨਕ ਬਦਬੂ ਫੈਲਦੀ ਹੈ ਕਿ ਦੋਪਹੀਆ ਵਾਹਨਾਂ 'ਤੇ ਲੰਘਣਾ ਵੀ ਔਖਾ ਹੋ ਜਾਂਦਾ ਹੈ। ਵਿਦਿਆਰਥੀਆਂ ਨੇ ਕਿਹਾ ਕਿ ਲੰਬੇ ਸਮੇਂ ਤੋਂ ਬਣੀ ਇਸ ਸਮੱਸਿਆ ਕਾਰਨ ਨਾ ਸਿਰਫ਼ ਪੜ੍ਹਾਈ ਦਾ ਮਾਹੌਲ ਪ੍ਰਭਾਵਿਤ ਹੋ ਰਿਹਾ ਹੈ, ਸਗੋਂ ਸਿਹਤ ਸਬੰਧੀ ਖ਼ਤਰੇ ਵੀ ਲਗਾਤਾਰ ਵੱਧ ਰਹੇ ਹਨ। ਉਨ੍ਹਾਂ ਨਿਗਮ ਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਗ੍ਰੀਨ ਪਾਕੇਟ ਦੀ ਤੁਰੰਤ ਸਫ਼ਾਈ ਕਰਵਾਈ ਜਾਵੇ, ਇੱਥੇ ਕੂੜਾ ਸੁੱਟਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਤੇ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਪ੍ਰਭਾਵਸ਼ਾਲੀ ਨਿਗਰਾਨੀ ਪ੍ਰਬੰਧ ਯਕੀਨੀ ਬਣਾਇਆ ਜਾਵੇ।