- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜੇਕਰ ਭਰਤੀ ਨਾਂ ਕੀਤੀ ਤਾਂ ਈਟੀਟੀ ਅਧਿਆਪਕ ਵਿੱਢਣਗੇ ਤਿੱਖਾ ਸੰਘਰਸ਼

-ਜਥੇਬੰਦੀ ਦੇ ਵਿਸਥਾਰ ਦਾ ਫ਼ੈਸਲਾ; ਬਠਿੰਡਾ ਚ ਮੁੜ ਮੀਟਿੰਗ 20 ਅਪ੍ਰੈਲ ਨੂੰ
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਪੰਜਾਬ ਦੇ ਈਟੀਟੀ ਟੈੱਟ ਪਾਸ ਅਧਿਆਪਕਾਂ/ ਅਧਿਆਪਕਾਵਾਂ ਨੇ ਆਪਣੀ ਜਥੇਬੰਦੀ ਦੇ ਵਿਸਥਾਰ ਲਈ ਜ਼ਮੀਨੀ ਪੱਧਰ ਤੇ ਮੈਂਬਰਸ਼ਿਪ ਵਧਾਉਣ ਦਾ ਫੈਸਲਾ ਕੀਤਾ ਹੈ, ਜਿਸ ਲਈ ਮੀਟਿੰਗ ਨੇ ਹਰ ਸੰਭਵ ਤਰੀਕੇ ਨਾਲ ਐਲੀਮੈਂਟਰੀ ਟੀਚਰਜ਼ ਟ੍ਰੇਨਿੰਗ ਕੋਰਸ (ਈਟੀਟੀ) ਅਤੇ ਅਧਿਆਪਕ ਯੋਗਤਾ ਟੈਸਟ ( ਟੈੱਟ) ਪਾਸ ਹਰ ਬੇਰੁਜ਼ਗਾਰ ਅਧਿਆਪਕ ਨਾਲ ਤਾਲਮੇਲ ਕਰਨ ਦਾ ਨਿਰਣਾ ਲਿਆ ਹੈ। ਅਜਿਹੇ ਫੈਸਲੇ ਇੱਥੋਂ ਦੇ 'ਚਿਲਡਰਨ ਪਾਰਕ' ਵਿਖੇ ਹੋਈ ਮੀਟਿੰਗ ’ਚ ਸ਼ਾਮਲ ਬੇਰੁਜ਼ਗਾਰ ਅਧਿਆਪਕਾਂ ਨੇ ਲਏ। ਮੀਟਿੰਗ ਨੇ ਚਿੰਤਾ ਅਤੇ ਰੋਸ ਪ੍ਰਗਟ ਕੀਤਾ ਕਿ ਸੂਬੇ ਦੇ ਹਜ਼ਾਰਾਂ ਸਰਕਾਰੀ ਸਕੂਲਾਂ ਦੇ ਨੰਨ੍ਹੇ ਮੁੰਨੇ ਬੱਚੇ ਅਧਿਆਪਕਾਂ ਨੂੰ ਤਰਸ ਰਹੇ ਹਨ, ਜਦਕਿ ਈਟੀਟੀ ਅਤੇ ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਨੌਕਰੀਆਂ ਲਈ ਤਰਲੇ ਕੱਢ ਰਹੇ ਹਨ।
ਆਗੂਆਂ ਨੇ ਕਿਹਾ ਕਿ ਆਖਿਰ ਇਹ ਕਿਹੜੀ ਸਿੱਖਿਆ ਕ੍ਰਾਂਤੀ ਹੈ? ਮੀਟਿੰਗ ਉਪਰੰਤ ਜਥੇਬੰਦੀ ਦੇ ਸੂਬਾ ਆਗੂਆਂ ਰਾਹੁਲ ਕੰਬੋਜ, ਲਵਿਸ਼ ਫਾਜ਼ਿਲਕਾ, ਪਰਮਜੀਤ ਮਾਨਸਾ, ਬਲਵੰਤ ਪਟਿਆਲਾ, ਗੁਰਪ੍ਰੀਤ ਸਿੰਘ, ਤਕਦੀਰ ਸਿੰਘ, ਹਰਪ੍ਰੀਤ ਕੌਰ ਅਤੇ ਨਵਦੀਪ ਬੱਲੀ ਨੇ ਜਾਰੀ ਸਾਂਝੇ ਪ੍ਰੈੱਸ ਬਿਆਨ ਰਾਹੀਂ ਦੱਸਿਆ ਕਿ ਬੇਰੁਜ਼ਗਾਰਾਂ ਨੂੰ ਇਸ ਗੱਲੋਂ ਸਰਕਾਰ ਅਤੇ ਵਿਭਾਗ ਖ਼ਿਲਾਫ਼ ਭਾਰੀ ਰੋਸ ਹੈ ਕਿ ਮੌਜੂਦਾ ਸਰਕਾਰ ਪੰਜਵੇਂ ਸਾਲ ਵਿੱਚ ਦਾਖਲ ਹੋ ਗਈ ਹੈ, ਪ੍ਰੰਤੂ ਅਧਿਆਪਕਾਂ ਦੀ ਭਾਰੀ ਕਮੀ ਦੀ ਬਾਵਜੂਦ ਪ੍ਰਾਇਮਰੀ ਅਧਿਆਪਕ ਭਰਤੀ ਕਰਨ ਲਈ ਉਸਨੇ ਇਕ ਵੀ ਭਰਤੀ ਇਸ਼ਤਿਹਾਰ ਨਹੀਂ ਕੱਢਿਆ।
ਆਗੂਆਂ ਬੇਰੁਜ਼ਗਾਰਾਂ ਦੀ ਹੱਡ-ਬੀਤੀ ਬਿਆਨਦਿਆਂ ਦੱਸਿਆ ਕਿ ਉਨ੍ਹਾਂ ਨੇ ਆਪਣੀ ਜਵਾਨੀ ਦਾ ਕੀਮਤੀ ਸਮਾਂ ਦਸਵੀਂ, ਬਾਰ੍ਹਵੀਂ ਤੇ ਗ੍ਰੈਜੂਏਸ਼ਨ ਕਰਨ, ਉਪਰੰਤ ਦੋ ਸਾਲਾ ਟੀਚਰਜ਼ ਟ੍ਰੇਨਿੰਗ ਕੋਰਸ (ਈਟੀਟੀ) ਕਰਨ ਵਿਚ ਖਪਤ ਕਰ ਦਿੱਤਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਸਿੱਖਿਆ ਵਿਭਾਗ ਵੱਲੋਂ ਆਏ ਸਾਲ ਲਈ ਜਾਂਦੀ ਮੁਕਾਬਲਾ ਪ੍ਰੀਖਿਆ 'ਟੈੱਟ' ਇਕ ਨਹੀਂ ਬਲਕਿ ਦੋ ਦੋ ਤਿੰਨ ਵਾਰ ਵੀ ਪਾਸ ਕਰ ਲਈ ਹੈ। ਇਹ ਵੀ ਕਿ ਉਨ੍ਹਾਂ ਵਿੱਚ ਕਾਫੀ ਬੇਰੁਜ਼ਗਾਰ ਤਾਂ ਵੱਖ-ਵੱਖ ਵਿਸ਼ਿਆਂ ਦੀ ਪੋਸਟ ਗ੍ਰੈਜੂਏਸ਼ਨ ਵੀ ਹਾਸਲ ਕਰ ਚੁੱਕੇ ਹਨ। ਬੇਰੁਜ਼ਗਾਰ ਅਧਿਆਪਕਾਂ ਨੇ ਕਿਹਾ ਕਿ ਹੁਣ ਜਦੋਂ ਉਹ ਆਪਣੇ ਮਾਪਿਆਂ ਦਾ ਲੱਖਾਂ ਰੁਪਇਆ ਅਤੇ ਆਪਣੀ ਜਵਾਨੀ ਦਾ ਕੀਮਤੀ ਸਰਮਾਇਆ ਅਧਿਆਪਕ ਲੱਗਣ ਦੀ ਯੋਗਤਾ ਪੂਰੀ ਕਰਨ ਤੇ ਖਰਚ ਚੁੱਕੇ ਹਨ ਤਾਂ ਸਰਕਾਰ ਈਟੀਟੀ ਅਧਿਆਪਕ ਨਿਯੁਕਤ ਕਰਨ ਤੋਂ ਘੇਸਲ ਵੱਟ ਗਈ ਹੈ। ਆਗੂਆਂ ਕਿਹਾ ਕਿ ਸਰਕਾਰ ਦੀ ਬੇਰੁਜ਼ਗਾਰਾਂ ਪ੍ਰਤੀ ਲਾਪਰਵਾਹੀ ਦਾ ਅੰਦਾਜ਼ਾ ਇਸ ਗੱਲੋਂ ਲਗਾਇਆ ਜਾ ਸਕਦਾ ਹੈ ਕਿ ਉਸਨੇ ਭਰਤੀ ਇਸ਼ਤਿਹਾਰ ਜਾਰੀ ਕਰਕੇ ਬੇਰੁਜ਼ਗਾਰਾਂ ਨੂੰ ਬਿਨੇ ਕਰਨ ਦਾ ਮੌਕਾ ਹੀ ਨਹੀਂ ਦਿੱਤਾ। ਜਥੇਬੰਦੀ ਨੇ ਇਹ ਨੁਕਤਾ ਵੀ ਧਿਆਨ ਵਿੱਚ ਲਿਆਂਦਾ ਕਿ ਜੇਕਰ ਸਰਕਾਰ ਨੇ ਤੁਰੰਤ ਭਰਤੀ ਇਸ਼ਤਿਹਾਰ ਜਾਰੀ ਨਾ ਕੀਤਾ ਤਾਂ ਉਹ ਅਧਿਆਪਕ ਲੱਗਣ ਲਈ ਬਿਨੈ ਪੱਤਰ ਦੇਣ ਦੀ ਉਮਰ ਹੀ ਲੰਘਾ ਚੁੱਕੇ ਹੋਣਗੇ, ਜਿਸਦੀ ਜ਼ਿੰਮੇਵਾਰ ਇਹ ਸਰਕਾਰ ਖਾਸ ਤੌਰ ’ਤੇ ਹੋਵੇਗੀ। ਮੀਟਿੰਗ ਨੇ ਇਹ ਫੈਸਲਾ ਵੀ ਕੀਤਾ ਕਿ 20 ਅਪ੍ਰੈਲ ਨੂੰ ਬਠਿੰਡਾ ਦੇ ਚਿਲਡਰਨ ਪਾਰਕ ਵਿਖੇ ਸਵੇਰੇ 11 ਵਜੇ ਮੁੜ ਮੀਟਿੰਗ ਸੱਦੀ ਹੈ, ਜਿਸ ਵਿਚ ਸਬੰਧਤ ਬੇਰੁਜ਼ਗਾਰਾਂ ਨੂੰ ਵੱਡੀ ਗਿਣਤੀ ਚ ਪੁੱਜਣ ਦਾ ਸੱਦਾ ਦਿੱਤਾ ਗਿਆ ਹੈ। ਜਥੇਬੰਦੀ ਨੇ ਸਖ਼ਤ ਲਹਿਜੇ ਵਿਚ ਕਿਹਾ ਹੈ ਕਿ ਜੇਕਰ ਸਰਕਾਰ ਨੇ ਉਹਨਾਂ ਦੇ ਭਵਿੱਖ ਨਾਲ ਖਿਲਵਾੜ ਕੀਤਾ ਤਾਂ ਉਹ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।