ਸਰਕਾਰ ਲੋਕਾਂ ਦੀ ਬਿਹਤਰੀ ਲਈ ਕਰ ਰਹੀ ਕੰਮ : ਸਪੀਕਰ ਸੰਧਵਾਂ
--ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ ਢੇਲਵਾਂ ਵਿਖੇ ਆਖੰਡ ਪਾਠ ਦੇ ਭੋਗ ਮੌਕੇ ਹੋਏ ਨਤਮਸਤਕ
Publish Date: Sat, 14 Feb 2026 05:02 PM (IST)
Updated Date: Sun, 15 Feb 2026 04:03 AM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ, ਬਠਿੰਡਾ
ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਿਕਾਸ ਲਈ ਆਮ ਲੋਕਾਂ ਨੂੰ ਮੁੱਢਲੀਆਂ ਬੁਨਿਆਦੀ ਸਹੂਲਤਾਂ ਦੇਣ ਤੋਂ ਇਲਾਵਾ ਅਹਿਮ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਸੂਬੇ ਨੂੰ ਹੋਰ ਤਰੱਕੀ ਵੱਲ ਲਿਜਾਇਆ ਜਾ ਸਕੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ ਨੇ ਜ਼ਿਲ੍ਹੇ ਦੇ ਪਿੰਡ ਢੇਲਵਾਂ ਵਿਖੇ ਸ੍ਰੀ ਆਖੰਡ ਪਾਠ ਦੇ ਭੋਗ ਮੌਕੇ ਨਤਮਸਤਕ ਹੋਣ ਤੋਂ ਬਾਅਦ ਕੀਤਾ। ਇਸ ਮੌਕੇ ਵਿਧਾਇਕ ਭੁੱਚੋ ਮਾਸਟਰ ਜਗਸੀਰ ਸਿੰਘ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ।
ਇਸ ਦੌਰਾਨ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਸਿਹਤ, ਸਿੱਖਿਆ ਤੋਂ ਇਲਾਵਾ ਖੇਡਾਂ ਆਦਿ ਵੱਲ ਵਿਸ਼ੇਸ਼ ਧਿਆਨ ਦਿੰਦਿਆਂ ਕ੍ਰਾਂਤੀਕਾਰੀ ਕਦਮ ਚੁੱਕੇ ਜਾ ਰਹੇ ਹਨ ਤਾਂ ਜੋ ਸੂਬੇ ਨੂੰ ਸਿਹਤ ਪੱਖੋਂ ਤੰਦਰੁਸਤ ਬਣਾਉਣ ਤੋਂ ਇਲਾਵਾ ਨੌਜਵਾਨਾਂ ਨੂੰ ਸਿੱਖਿਆ ਦੇ ਖੇਤਰ ਵਿੱਚ ਸਮੇਂ ਦਾ ਹਾਣੀ ਬਣਾਉਣ ਦੇ ਨਾਲ-ਨਾਲ ਖੇਡਾਂ ਨਾਲ ਵੀ ਜੋੜਿਆ ਜਾ ਸਕੇ। ਇਸ ਦੌਰਾਨ ਉਨ੍ਹਾਂ ਨੇ ਪਿੰਡ ਢੇਲਵਾਂ ਵਿਖੇ ਕਰਵਾਏ ਜਾਣ ਵਾਲੇ ਵੱਖ-ਵੱਖ ਤਰ੍ਹਾਂ ਦੇ ਵਿਕਾਸ ਕਾਰਜਾਂ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਲੋਕਾਂ ਦੀ ਸਹੂਲਤ ਲਈ ਆਮ ਆਦਮੀ ਕਲੀਨਿਕ ਸ਼ੁਰੂ ਹੋ ਚੁੱਕਾ ਹੈ ਅਤੇ ਓਪਨ ਜਿਮ ਵੀ ਸ਼ੁਰੂ ਹੋ ਚੁੱਕਾ ਹੈ, ਜਿਸ ਤੋਂ ਵੱਡੀ ਗਿਣਤੀ ’ਚ ਲੋਕ ਲਾਹਾ ਖੱਟ ਰਹੇ ਹਨ। ਇਸ ਤੋਂ ਇਲਾਵਾ 33 ਲੱਖ ਰੁਪਏ ਦੀ ਲਾਗਤ ਨਾਲ ਬੱਚਿਆਂ ਦੇ ਖੇਡਣ ਲਈ ਗਰਾਊਂਡ ਵੀ ਬਣਵਾਈ ਜਾ ਰਹੀ ਹੈ। ਇਸ ਦੇ ਨਾਲ-ਨਾਲ ਹੋਰ ਵਿਕਾਸ ਕੰਮਾਂ ਲਈ ਵੀ ਪਿੰਡ ਦੇ ਵਿਕਾਸ ਲਈ ਸਮੇਂ-ਸਮੇਂ ’ਤੇ ਹੋਰ ਵੀ ਗ੍ਰਾਂਟਾਂ ਮੁਹੱਈਆ ਕਰਵਾਈਆਂ ਜਾਣਗੀਆਂ। ਇਸ ਮੌਕੇ ਪਿੰਡ ਦੀ ਪੰਚਾਇਤ ਤੋਂ ਇਲਾਵਾ ਹੋਰ ਵੀ ਮੋਹਤਬਰ ਵਿਅਕਤੀ ਹਾਜ਼ਰ ਸਨ।
--