- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੈਸ ਦੀ ਕਮੀ ਕਾਰਨ ਲੋਕ ਪਰੇਸ਼ਾਨ, ਸਿਲੰਡਰ ਨਾ ਮਿਲਣ ‘ਤੇ ਏਜੰਸੀ ਅੱਗੇ ਧਰਨਾ

-ਗੈਸ ਦੀ ਕਮੀ ਕਾਰਨ ਖਾਣ-ਪੀਣ ਦੀਆਂ ਚੀਜ਼ਾਂ ਦੇ ਵਧੇ ਭਾਅ, ਚਾਹ ਦਾ ਕੱਪ 5 ਰੁਪਏ ਤੇ ਕੁਲਚਾ 10 ਰੁਪਏ ਮਹਿੰਗਾ
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ
ਬਠਿੰਡਾ
ਸ਼ਹਿਰ ਵਿੱਚ ਰਸੋਈ ਗੈਸ ਦੀ ਕਮੀ ਨੇ ਆਮ ਲੋਕਾਂ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ। ਹਾਲਾਤ ਇਸ ਕਦਰ ਖਰਾਬ ਹੋ ਗਏ ਹਨ ਕਿ ਲੋਕਾਂ ਨੂੰ ਆਪਣੀਆਂ ਰੋਜ਼ਾਨਾ ਦੀਆਂ ਲੋੜਾਂ ਪੂਰੀਆਂ ਕਰਨ ਲਈ ਵੀ ਸੰਘਰਸ਼ ਕਰਨਾ ਪੈ ਰਿਹਾ ਹੈ। ਇਸੇ ਸਮੱਸਿਆ ਤੋਂ ਤੰਗ ਆ ਕੇ ਬੁੱਧਵਾਰ ਨੂੰ ਸ਼ਹਿਰ ਦੀ 100 ਫੁੱਟ ਰੋਡ ਸਥਿਤ ਇਕ ਗੈਸ ਏਜੰਸੀ ਦੇ ਬਾਹਰ ਲੋਕਾਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਗਾਇਆ ਕਿ ਗੈਸ ਸਿਲੰਡਰ ਦੀ ਬੁਕਿੰਗ ਕਰਵਾਉਣ ਦੇ ਬਾਵਜੂਦ ਉਨ੍ਹਾਂ ਨੂੰ ਸਮੇਂ ‘ਤੇ ਡਲਿਵਰੀ ਨਹੀਂ ਮਿਲ ਰਹੀ, ਜਿਸ ਕਾਰਨ ਉਨ੍ਹਾਂ ਦੇ ਘਰਾਂ ਵਿੱਚ ਚੁੱਲ੍ਹਾ ਤਕ ਨਹੀਂ ਤਪ ਰਿਹਾ। ਧਰਨੇ ਵਿੱਚ ਸ਼ਾਮਲ ਲੋਕਾਂ ਦੀ ਗਿਣਤੀ ਭਾਵੇਂ ਘੱਟ ਸੀ, ਪਰ ਉਨ੍ਹਾਂ ਦਾ ਗੁੱਸਾ ਅਤੇ ਨਾਰਾਜ਼ਗੀ ਸਪੱਸ਼ਟ ਤੌਰ ‘ਤੇ ਵੇਖੀ ਜਾ ਸਕਦੀ ਸੀ। ਲੋਕਾਂ ਨੇ ਏਜੰਸੀ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਆਪਣੀ ਸਮੱਸਿਆ ਦਾ ਤੁਰੰਤ ਹੱਲ ਕਰਨ ਦੀ ਮੰਗ ਕੀਤੀ। ਇਸ ਦੌਰਾਨ ਸੜਕ ‘ਤੇ ਜਾਮ ਵਰਗੀ ਸਥਿਤੀ ਬਣ ਗਈ ਅਤੇ ਟ੍ਰੈਫਿਕ ਵੀ ਪ੍ਰਭਾਵਿਤ ਹੋਇਆ।
ਰਾਹਗੀਰਾਂ ਤੇ ਪ੍ਰਦਰਸ਼ਨਕਾਰੀਆਂ ਵਿੱਚ ਬਹਿਸ ਵੀ ਹੋਈ, ਜਿਸ ਨਾਲ ਕੁਝ ਸਮੇਂ ਲਈ ਮਾਹੌਲ ਤਣਾਓਪੂਰਨ ਬਣ ਗਿਆ। ਸੂਚਨਾ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਸਥਿਤੀ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ, ਕਿਉਂਕਿ ਧਰਨੇ ਵਿੱਚ ਲੋਕਾਂ ਦੀ ਗਿਣਤੀ ਘੱਟ ਸੀ, ਇਸ ਲਈ ਪੁਲਿਸ ਨੇ ਸਮਝਾ-ਬੁਝਾ ਕੇ ਪ੍ਰਦਰਸ਼ਨਕਾਰੀਆਂ ਨੂੰ ਉਥੋਂ ਹਟਾ ਦਿੱਤਾ। ਹਾਲਾਂਕਿ ਲੋਕਾਂ ਦੀ ਨਾਰਾਜ਼ਗੀ ਘੱਟ ਨਹੀਂ ਹੋਈ ਅਤੇ ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀ ਸਮੱਸਿਆ ਦਾ ਹੱਲ ਨਾ ਹੋਇਆ ਤਾਂ ਉਹ ਮੁੜ ਵੱਡਾ ਅੰਦੋਲਨ ਕਰਨ ਲਈ ਮਜਬੂਰ ਹੋਣਗੇ। ਧਰਨੇ ਵਿੱਚ ਸ਼ਾਮਲ ਵਿਨੀਤਾ ਰਾਣੀ ਨੇ ਦੱਸਿਆ ਕਿ ਉਨ੍ਹਾਂ ਨੇ ਕਾਫੀ ਸਮਾਂ ਪਹਿਲਾਂ ਗੈਸ ਸਿਲੰਡਰ ਦੀ ਬੁਕਿੰਗ ਕਰਵਾਈ ਸੀ, ਪਰ ਅਜੇ ਤਕ ਉਨ੍ਹਾਂ ਨੂੰ ਸਿਲੰਡਰ ਦੀ ਡਲਿਵਰੀ ਨਹੀਂ ਮਿਲੀ।
ਉਨ੍ਹਾਂ ਕਿਹਾ ਕਿ ਵਾਰ-ਵਾਰ ਏਜੰਸੀ ਨਾਲ ਸੰਪਰਕ ਕਰਨ ਦੇ ਬਾਵਜੂਦ ਕੋਈ ਸੰਤੋਸ਼ਜਨਕ ਜਵਾਬ ਨਹੀਂ ਮਿਲ ਰਿਹਾ। ਉਨ੍ਹਾਂ ਦੇ ਮੁਤਾਬਕ ਘਰ ਵਿੱਚ ਛੋਟੇ ਬੱਚੇ ਹਨ ਅਤੇ ਗੈਸ ਨਾ ਹੋਣ ਕਾਰਨ ਖਾਣਾ ਬਣਾਉਣ ਵਿੱਚ ਭਾਰੀ ਦਿੱਕਤ ਆ ਰਹੀ ਹੈ। ਇਸੇ ਤਰ੍ਹਾਂ ਗੁਰਜੀਤ ਸਿੰਘ ਨੇ ਦੱਸਿਆ ਕਿ ਏਜੰਸੀ ਨਾਲ ਸੰਪਰਕ ਕਰਨ ‘ਤੇ ਹਰ ਵਾਰ ਇਹੀ ਕਿਹਾ ਜਾਂਦਾ ਹੈ ਕਿ ਸਿਲੰਡਰ ਡਲਿਵਰੀ ਲਈ ਨਿਕਲ ਚੁੱਕਾ ਹੈ, ਪਰ ਡਲਿਵਰੀ ਕਰਨ ਵਾਲਾ ਵਿਅਕਤੀ ਨਾ ਫੋਨ ਚੁੱਕਦਾ ਹੈ ਅਤੇ ਨਾ ਹੀ ਸਮੇਂ ’ਤੇ ਸਿਲੰਡਰ ਪਹੁੰਚਾਉਂਦਾ ਹੈ। ਉਨ੍ਹਾਂ ਕਿਹਾ ਕਿ ਇਸ ਲਾਪਰਵਾਹੀ ਕਾਰਨ ਲੋਕਾਂ ਨੂੰ ਬੇਵਜ੍ਹਾ ਪਰੇਸ਼ਾਨ ਹੋਣਾ ਪੈ ਰਿਹਾ ਹੈ। ਇਕ ਹੋਰ ਖ਼ਪਤਕਾਰ ਵਰਿੰਦਰ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਕਈ ਦਿਨਾਂ ਤੋਂ ਗੈਸ ਏਜੰਸੀ ਦੇ ਚੱਕਰ ਲਗਾ ਰਹੇ ਹਨ, ਪਰ ਹਰ ਵਾਰ ਉਨ੍ਹਾਂ ਨੂੰ ਕੋਈ ਨਾ ਕੋਈ ਬਹਾਨਾ ਬਣਾ ਕੇ ਟਾਲ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਹੁਣ ਮਜਬੂਰੀ ਵੱਸ ਉਨ੍ਹਾਂ ਨੂੰ ਧਰਨਾ ਦੇਣਾ ਪਿਆ ਤਾਂ ਜੋ ਉਨ੍ਹਾਂ ਦੀ ਆਵਾਜ਼ ਪ੍ਰਸ਼ਾਸਨ ਤਕ ਪਹੁੰਚ ਸਕੇ। ਲੋਕਾਂ ਨੇ ਕਿਹਾ ਕਿ ਗੈਸ ਵਰਗੀ ਜ਼ਰੂਰੀ ਸਹੂਲਤ ਵਿਚ ਇਸ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਜਾਂਚ ਕਰਕੇ ਏਜੰਸੀ ਖ਼ਿਲਾਫ਼ ਯੋਗ ਕਾਰਵਾਈ ਕੀਤੀ ਜਾਵੇ ਅਤੇ ਖ਼ਪਤਕਾਰਾਂ ਨੂੰ ਸਮੇਂ ‘ਤੇ ਗੈਸ ਸਿਲੰਡਰ ਉਪਲਬਧ ਕਰਵਾਏ ਜਾਣ।
-ਬਾਕਸ-
-ਗੈਸ ਦੀ ਕਮੀ ਦਾ ਅਸਰ: ਚਾਹ ਅਤੇ ਕੁਲਚਿਆਂ ਦੇ ਰੇਟ ਵਧੇ, ਲੋਕਾਂ ‘ਤੇ ਵਧਿਆ ਬੋਝ
ਸ਼ਹਿਰ ਵਿੱਚ ਚੱਲ ਰਹੀ ਰਸੋਈ ਗੈਸ ਦੀ ਕਮੀ ਦਾ ਅਸਰ ਹੁਣ ਰੋਜ਼ਾਨਾ ਦੀਆਂ ਖਾਣ-ਪੀਣ ਵਾਲੀਆਂ ਚੀਜ਼ਾਂ ’ਤੇ ਵੀ ਦਿਖਣ ਲੱਗ ਪਿਆ ਹੈ। ਗੈਸ ਸਿਲੰਡਰਾਂ ਦੀ ਘਾਟ ਕਾਰਨ ਚਾਹ ਅਤੇ ਕੁਲਚਿਆਂ ਦੇ ਭਾਅ ਵਿਚ ਵਾਧਾ ਕਰ ਦਿੱਤਾ ਗਿਆ ਹੈ, ਜਿਸ ਨਾਲ ਆਮ ਲੋਕਾਂ ਦੀ ਜੇਬ ’ਤੇ ਸਿੱਧਾ ਅਸਰ ਪੈ ਰਿਹਾ ਹੈ। ਜਾਣਕਾਰੀ ਮੁਤਾਬਕ ਪਹਿਲਾਂ 15 ਰੁਪਏ ਵਿੱਚ ਮਿਲਣ ਵਾਲੀ ਚਾਹ ਹੁਣ 20 ਰੁਪਏ ਪ੍ਰਤੀ ਕੱਪ ਵੇਚੀ ਜਾ ਰਹੀ ਹੈ। ਇਸਦੇ ਨਾਲ ਹੀ ਕੁਲਚਿਆਂ ਦੇ ਰੇਟ ਵੀ ਵਧਾ ਦਿੱਤੇ ਗਏ ਹਨ ਅਤੇ ਹੁਣ ਇਕ ਪਲੇਟ ਕੁਲਚਾ 40 ਰੁਪਏ ਵਿੱਚ ਮਿਲ ਰਿਹਾ ਹੈ। ਚਾਹ ਤੇ ਕੁਲਚੇ ਵੇਚਣ ਵਾਲੇ ਵਪਾਰੀਆਂ ਦਾ ਕਹਿਣਾ ਹੈ ਕਿ ਗੈਸ ਦੀ ਕਮੀ ਕਾਰਨ ਉਨ੍ਹਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਛੋਟੇ ਵਪਾਰੀਆਂ ਨੇ ਦੱਸਿਆ ਕਿ ਗੈਸ ਸਿਲੰਡਰ ਸਮੇਂ ‘ਤੇ ਨਾ ਮਿਲਣ ਕਾਰਨ ਉਨ੍ਹਾਂ ਨੂੰ ਕਈ ਵਾਰ ਬਲੈਕ ਵਿੱਚ ਮਹਿੰਗੀ ਗੈਸ ਖਰੀਦਣੀ ਪੈਂਦੀ ਹੈ ਜਾਂ ਫਿਰ ਹੋਰ ਮਹਿੰਗੇ ਵਿਕਲਪ ਵਰਤਣੇ ਪੈਂਦੇ ਹਨ। ਇਸ ਕਾਰਨ ਉਨ੍ਹਾਂ ਦੀ ਲਾਗਤ ਵੱਧ ਗਈ ਹੈ, ਜਿਸ ਕਰਕੇ ਉਹਨਾਂ ਨੂੰ ਮਜਬੂਰਨ ਆਪਣੇ ਸਮਾਨ ਦੇ ਰੇਟ ਵਧਾਉਣ ਪਏ ਹਨ।