ਖੇਡਾਂ ਨਾਲ ਜੋੜਨ ਲਈ ਬਣਾਏ ਜਾ ਰਹੇ ਸਹੂਲਤਾਂ ਨਾਲ ਲੈਸ ਟੇਡੀਅਮ : ਮਾਈਸਰਖਾਨਾ
ਖੇਡਾਂ ਨਾਲ ਜੋੜਨ ਲਈ ਬਣਾਏ ਜਾ ਰਹੇ ਹਨ ਆਧੁਨਿਕ ਸਹੂਲਤਾਂ ਨਾਲ ਲੈਸ ਖੇਡ ਸਟੇਡੀਅਮ : ਮਾਈਸਰਖਾਨਾ
Publish Date: Sun, 05 Apr 2026 04:53 PM (IST)
Updated Date: Mon, 06 Apr 2026 04:02 AM (IST)

-ਵੱਖ-ਵੱਖ ਪਿੰਡਾਂ ’ਚ ਚੱਲ ਰਹੇ ਸਟੇਡੀਅਮਾਂ ਦੇ ਕੰਮਾਂ ਦਾ ਲਿਆ ਜਾਇਜ਼ਾ ਸੁਰੇਸ਼ ਕੁਮਾਰ ਹੈਪੀ, ਪੰਜਾਬੀ ਜਾਗਰਣ, ਮੌੜ ਮੰਡੀ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਸਿਹਤ, ਸਿੱਖਿਆ ਤੋਂ ਇਲਾਵਾ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਅਤੇ ਉਨ੍ਹਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਵਿਆਪਕ ਉਪਰਾਲੇ ਕੀਤੇ ਜਾ ਰਹੇ ਹਨ। ਇਸ ਤਹਿਤ ਸੂਬੇ ਵਿੱਚ ਆਧੁਨਿਕ ਸਹੂਲਤਾਂ ਨਾਲ ਲੈਸ 3000 ਤੋਂ ਵੱਧ ਨਵੇਂ ਖੇਡ ਮੈਦਾਨ ਬਣਾਏ ਜਾ ਰਹੇ ਹਨ। ਇਹਨਾਂ ਸ਼ਬਦਾਂ ਨਾਲ ਪ੍ਰਗਟਾਵਾ ਵਿਧਾਇਕ ਮੌੜ ਸ. ਸੁਖਵੀਰ ਸਿੰਘ ਮਾਈਸਰਖਾਨਾ ਨੇ ਵੱਖ-ਵੱਖ ਪਿੰਡਾਂ ਵਿੱਚ ਬਣਾਏ ਜਾ ਰਹੇ ਖੇਡ ਮੈਦਾਨਾਂ ਦੇ ਕੰਮ ਦਾ ਨਿਰੀਖਣ ਕਰਨ ਮੌਕੇ ਕੀਤਾ। ਇਸ ਦੌਰਾਨ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ਵੱਲੋਂ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਖੇਡ ਮੈਦਾਨਾਂ ਦੇ ਕੰਮ ਨੂੰ ਜਲਦ ਤੋਂ ਜਲਦ ਤੈਅ ਸਮੇਂ ਵਿੱਚ ਮੁਕੰਮਲ ਕੀਤਾ ਜਾਵੇ ਤਾਂ ਜੋ ਇਹ ਖੇਡ ਮੈਦਾਨ ਨੌਜਵਾਨਾਂ ਨੂੰ ਸਪੁਰਦ ਕੀਤੇ ਜਾ ਸਕਣ। ਵਿਧਾਇਕ ਨੇ ਅੱਜ ਪਿੰਡ ਕੋਟਲੀ ਖੁਰਦ ਵਿਖੇ 9.78 ਲੱਖ, ਕਮਾਲੂ ਵਿਖੇ 9.28 ਲੱਖ, ਬੁਰਜ 23.70 ਲੱਖ, ਸੰਦੋਹਾ 32.26, ਰਾਜਗੜ੍ਹ ਕੁਬੇ 23.35, ਮਾਨਸਾ ਕਲਾ 38.93, ਜੋਧਪੁਰ ਪਾਖਰ 20.54, ਭਾਈ ਬਖਤੌਰ 29.93, ਰਾਮਗੜ੍ਹ ਭੂੰਦੜ 13.15, ਕੋਟਭਾਰਾ 26.59, ਰਾਏਖਾਨਾ 54.56, ਗਹਿਰੀ ਬਾਰਾ ਸਿੰਘ 27.60, ਰਾਮਨਗਰ 53.33, ਕੁੱਤੀਵਾਲ ਕਲਾਂ 29.54, ਕੁੱਤੀਵਾਲ ਖੁਰਦ 23.79, ਥੰਮਣਗੜ੍ਹ 22.11 ਅਤੇ ਘੁੰਮਣ ਕਲਾਂ ਵਿਖੇ 43.67 ਲੱਖ ਦੀ ਲਾਗਤ ਨਾਲ ਬਣਾਏ ਜਾ ਰਹੇ ਖੇਡ ਮੈਦਾਨਾਂ ਦੇ ਕੰਮ ਦਾ ਨਿਰੀਖਣ ਕੀਤਾ। ਉਨ੍ਹਾਂ ਆਪਣੇ ਦੌਰੇ ਦੌਰਾਨ ਕਿਹਾ ਕਿ ਇਨ੍ਹਾਂ ਖੇਡ ਮੈਦਾਨਾਂ ਦਾ ਉਦੇਸ਼ ਪੰਜਾਬ ਦੇ ਨੌਜਵਾਨਾਂ ਨੂੰ ਤੰਦਰੁਸਤ ਬਣਾਉਣ ਦੇ ਨਾਲ ਨਾਲ ਵੱਧ ਤੋਂ ਵੱਧ ਖੇਡਾਂ ਨਾਲ ਜੋੜਨਾ ਹੈ। ਉਹਨਾਂ ਕਿਹਾ ਕਿ ਇਹ ਖੇਡ ਮੈਦਾਨ ਪਿੰਡ ਪੱਧਰ ਤੇ ਖੇਡ ਸੱਭਿਆਚਾਰ ਨੂੰ ਵੀ ਉਤਸ਼ਾਹਿਤ ਕਰਨਗੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਖੇਡ ਮੈਦਾਨਾਂ ਦੇ ਨਿਰਮਾਣ ਲਈ ਸੂਬਾ ਸਰਕਾਰ ਵੱਲੋਂ ਵਿਸ਼ਾਲ ਬਜਟ ਰੱਖਿਆ ਗਿਆ ਹੈ ਤਾਂ ਜੋ ਇਹਨਾਂ ਨੂੰ ਜਲਦ ਤੋਂ ਜਲਦ ਤਿਆਰ ਕਰ ਕੇ ਵੱਖ-ਵੱਖ ਖੇਡਾਂ ਖੇਡਣ ਲਈ ਨੌਜਵਾਨਾਂ ਦੇ ਸਪੁਰਦ ਕੀਤਾ ਜਾ ਸਕੇ। ਇਸ ਮੌਕੇ ਵੱਖ-ਵੱਖ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਤੋਂ ਇਲਾਵਾ ਪਿੰਡਾਂ ਦੇ ਸਰਪੰਚ, ਪੰਚ, ਹੋਰ ਅਹੁਦੇਦਾਰਾਂ ਤੋਂ ਇਲਾਵਾ ਹੋਰ ਲੋਕ ਆਦਿ ਹਾਜ਼ਰ ਸਨ।