ਚਾਰ ਸਾਲ ਬਾਅਦ ਟੁੱਟਿਆ ਠੰਢ ਦਾ ਰਿਕਾਰਡ, ਜਨ-ਜੀਵਨ ਪ੍ਰਭਾਵਿਤ
ਬਠਿੰਡਾ ’ਚ ਚਾਰ ਸਾਲ ਬਾਅਦ ਟੁੱਟਿਆ ਠੰਢ ਦਾ ਰਿਕਾਰਡ, ਕੜਾਕੇ ਦੀ ਸਰਦੀ ਨਾਲ ਜਨ ਜੀਵਨ ਪ੍ਰਭਾਵਿਤ
Publish Date: Fri, 16 Jan 2026 05:14 PM (IST)
Updated Date: Sat, 17 Jan 2026 04:07 AM (IST)

-ਮੌਸਮ ਮਾਹਿਰਾਂ ਅਨੁਸਾਰ ਪੈ ਰਹੀ ਜ਼ਿਆਦਾ ਠੰਢ ਕਣਕ ਦੀ ਫ਼ਸਲ ਲਈ ਲਾਹੇਵੰਦ ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ ਸਥਾਨਕ ਜ਼ਿਲ੍ਹੇ ’ਚ ਇਸ ਵਾਰ ਪੈ ਰਹੀ ਕੜਾਕੇ ਦੀ ਸਰਦੀ ਨੇ ਪਿਛਲੇ ਚਾਰ ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ। ਜਨਵਰੀ ਮਹੀਨੇ ਦੌਰਾਨ ਤਾਪਮਾਨ ’ਚ ਲਗਾਤਾਰ ਆ ਰਹੀ ਗਿਰਾਵਟ ਕਾਰਨ ਚਾਰ ਦਿਨ ਪਹਿਲਾਂ ਘੱਟੋ-ਘੱਟ ਤਾਪਮਾਨ 0.6 ਡਿਗਰੀ ਸੈਲਸੀਅਸ ਤਕ ਪਹੁੰਚ ਗਿਆ, ਜਿਸ ਨਾਲ ਲੋਕਾਂ ਨੂੰ ਭਿਆਨਕ ਠੰਢ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਪਹਿਲਾਂ ਸਾਲ 2022 ਵਿੱਚ ਬਠਿੰਡਾ ’ਚ ਘੱਟੋ-ਘੱਟ ਤਾਪਮਾਨ ਮਾਇਨਸ 1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। ਮੌਸਮ ਵਿਗਿਆਨੀਆਂ ਅਨੁਸਾਰ ਇਸ ਵਾਰ ਵੀ ਠੰਢ ਦਾ ਅਸਰ ਲੰਮੇ ਸਮੇਂ ਤਕ ਬਣੇ ਰਹਿਣ ਦੀ ਸੰਭਾਵਨਾ ਹੈ। ਤਾਪਮਾਨ ਵਿੱਚ ਲਗਾਤਾਰ ਕਮੀ ਦੇ ਨਾਲ-ਨਾਲ ਸਵੇਰੇ ਤੇ ਸ਼ਾਮ ਦੇ ਸਮੇਂ ਸੰਘਣਾ ਕੋਹਰਾ ਵੀ ਲੋਕਾਂ ਲਈ ਵੱਡੀ ਮੁਸ਼ਕਲ ਬਣਿਆ ਹੋਇਆ ਹੈ। ਧੁੰਦ ਕਾਰਨ ਦ੍ਰਿਸ਼ਟਤਾ ਕਾਫ਼ੀ ਘੱਟ ਰਹਿ ਰਹੀ ਹੈ, ਜਿਸ ਨਾਲ ਸੜਕ ਅਤੇ ਰੇਲ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ। ਸਵੇਰੇ ਕਈ ਇਲਾਕਿਆਂ ਵਿੱਚ ਸਿਰਫ਼ 10 ਤੋਂ 20 ਮੀਟਰ ਤਕ ਹੀ ਦਿਖਾਈ ਦੇ ਰਿਹਾ ਹੈ। ਇਸ ਕਾਰਨ ਵਾਹਨ ਚਾਲਕਾਂ ਨੂੰ ਹੈੱਡਲਾਈਟਾਂ ਜਗਾ ਕੇ ਹੌਲੀ ਰਫ਼ਤਾਰ ਨਾਲ ਵਾਹਨ ਚਲਾਉਣੇ ਪੈ ਰਹੇ ਹਨ। ਕਈ ਥਾਵਾਂ ’ਤੇ ਛੋਟੇ-ਮੋਟੇ ਹਾਦਸਿਆਂ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਹਨ। ਕੜਾਕੇ ਦੀ ਠੰਢ ਦਾ ਅਸਰ ਆਮ ਜਨ ਜੀਵਨ ’ਤੇ ਸਾਫ਼ ਨਜ਼ਰ ਆ ਰਿਹਾ ਹੈ। ਲੋਕ ਸਵੇਰੇ ਤੇ ਸ਼ਾਮ ਦੇ ਸਮੇਂ ਘਰਾਂ ਤੋਂ ਨਿਕਲਣ ਤੋਂ ਪਰਹੇਜ਼ ਕਰ ਰਹੇ ਹਨ। ਬਾਜ਼ਾਰਾਂ ’ਚ ਰੌਣਕ ਘੱਟ ਹੋ ਗਈ ਹੈ ਤੇ ਸੜਕਾਂ ’ਤੇ ਆਵਾਜਾਈ ਵੀ ਕਾਫ਼ੀ ਘੱਟ ਰਹੀ ਹੈ। ਗਰੀਬ ਤੇ ਬੇਸਹਾਰਾ ਲੋਕਾਂ ਲਈ ਇਹ ਸਰਦੀ ਹੋਰ ਵੀ ਜ਼ਿਆਦਾ ਮੁਸ਼ਕਲ ਸਾਬਤ ਹੋ ਰਹੀ ਹੈ। ਰੈਣ ਬਸੇਰਿਆਂ ਤੇ ਜਨਤਕ ਥਾਵਾਂ ’ਤੇ ਲੋਕ ਸਹਾਰਾ ਲੈਂਦੇ ਦਿਖ ਰਹੇ ਹਨ। ਜ਼ਿਲ੍ਹਾ ਪ੍ਰਸ਼ਾਸਨ ਤੇ ਸਮਾਜ-ਸੇਵੀ ਸੰਸਥਾਵਾਂ ਵੱਲੋਂ ਲੋੜਵੰਦਾਂ ਨੂੰ ਕੰਬਲ ਤੇ ਗਰਮ ਕੱਪੜੇ ਵੀ ਵੰਡੇ ਜਾ ਰਹੇ ਹਨ। ਸਿਹਤ ਮਾਹਿਰਾਂ ਅਨੁਸਾਰ ਬੇਹੱਦ ਠੰਢ ਕਾਰਨ ਬਜ਼ੁਰਗਾਂ, ਬੱਚਿਆਂ ਅਤੇ ਪਹਿਲਾਂ ਤੋਂ ਬਿਮਾਰ ਲੋਕਾਂ ਨੂੰ ਵਿਸ਼ੇਸ਼ ਸਾਵਧਾਨੀ ਵਰਤਣ ਦੀ ਲੋੜ ਹੈ। ਠੰਢ ਦੇ ਮੱਦੇਨਜ਼ਰ ਜ਼ੁਕਾਮ, ਖੰਘ, ਬੁਖ਼ਾਰ ਅਤੇ ਸਾਹ ਸਬੰਧੀ ਬਿਮਾਰੀਆਂ ਦੇ ਮਰੀਜ਼ਾਂ ਦੀ ਗਿਣਤੀ ’ਚ ਵੀ ਵਾਧਾ ਹੋ ਰਿਹਾ ਹੈ। ਡਾਕਟਰਾਂ ਨੇ ਲੋਕਾਂ ਨੂੰ ਗਰਮ ਕੱਪੜੇ ਪਹਿਨਣ, ਠੰਢੇ ਪਦਾਰਥਾਂ ਤੋਂ ਦੂਰ ਰਹਿਣ ਅਤੇ ਸਮੇਂ-ਸਮੇਂ ’ਤੇ ਗਰਮ ਤਰਲ ਪਦਾਰਥ ਲੈਣ ਦੀ ਸਲਾਹ ਦਿੱਤੀ ਹੈ। ਹਾਲਾਂਕਿ ਇੱਕ ਪਾਸੇ ਕੜਾਕੇ ਦੀ ਸਰਦੀ ਆਮ ਲੋਕਾਂ ਲਈ ਮੁਸ਼ਕਲਾਂ ਖੜੀਆਂ ਕਰ ਰਹੀ ਹੈ, ਦੂਜੇ ਪਾਸੇ ਇਹ ਸਰਦੀ ਕਿਸਾਨਾਂ ਲਈ ਰਾਹਤ ਭਰੀ ਖ਼ਬਰ ਸਾਬਤ ਹੋ ਰਹੀ ਹੈ। ਖੇਤੀਬਾੜੀ ਮਾਹਿਰਾਂ ਅਨੁਸਾਰ ਇਸ ਤਰ੍ਹਾਂ ਦੀ ਠੰਢ ਕਣਕ ਫ਼ਸਲ ਲਈ ਬਹੁਤ ਲਾਭਦਾਇਕ ਮੰਨੀ ਜਾਂਦੀ ਹੈ। ਘੱਟ ਤਾਪਮਾਨ ਨਾਲ ਕਣਕ ਦੀ ਫਸਲ ਦਾ ਵਾਧਾ ਚੰਗੀ ਤਰ੍ਹਾਂ ਹੁੰਦਾ ਹੈ ਅਤੇ ਉਤਪਾਦਨ ਵਿੱਚ ਵਾਧੇ ਦੀ ਆਸ ਬਣਦੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਜੇ ਇਸੇ ਤਰ੍ਹਾਂ ਠੰਢ ਬਣੀ ਰਹੀ ਤਾਂ ਇਸ ਸਾਲ ਕਣਕ ਦੀ ਪੈਦਾਵਾਰ ਚੰਗੀ ਰਹਿਣ ਦੀ ਪੂਰੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਵਿੱਚ ਤਾਪਮਾਨ ’ਚ ਵਾਧੇ ਦੀ ਸੰਭਾਵਨਾ ਤੋਂ ਇਨਕਾਰ ਕੀਤਾ ਹੈ। ਵਿਭਾਗ ਮੁਤਾਬਕ ਠੰਢ ਤੇ ਕੋਹਰਾ ਹਾਲੇ ਵੀ ਜਾਰੀ ਰਹਿ ਸਕਦਾ ਹੈ। ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਮੌਸਮ ਨੂੰ ਦੇਖਦੇ ਹੋਏ ਸਾਵਧਾਨ ਰਹਿਣ ਤੇ ਬਿਨਾਂ ਲੋੜ ਸਵੇਰੇ ਤੇ ਸ਼ਾਮ ਦੇ ਸਮੇਂ ਯਾਤਰਾ ਕਰਨ ਤੋਂ ਬਚਣ। -ਬਾਕਸ- ਸ਼ੁੱਕਰਵਾਰ ਨੂੰ ਭਾਵੇਂ ਧੁੱਪ ਨਿਕਲੀ ਤੇ ਤਾਪਮਾਨ ਵਿਚ ਕੁੱਝ ਵਾਧਾ ਦਰਜ ਕੀਤਾ ਗਿਆ ਪਰ ਲੋਕਾਂ ਨੂੰ ਠੰਢ ਤੋਂ ਕੋਈ ਬਹੁਤੀ ਰਾਹਤ ਨਹੀਂ ਮਿਲੀ। ਸ਼ੁੱਕਰਵਾਰ ਨੂੰ ਜ਼ਿਲ੍ਹੇ ਅੰਦਰ ਘੱਟ ਤੋਂ ਘੱਟ ਤਾਪਮਾਨ 3 ਡਿਗਰੀ ਸੈਲਸੀਅਸ ਦਰਜ ਕੀਤਾ ਹੈ, ਜਿਹੜਾ ਕਿ ਵੀਰਵਾਰ ਦੇ ਮੁਕਾਬਲੇ 1.4 ਡਿਗਰੀ ਸੈਲਸੀਅਸ ਵੱਧ ਹੈ। ਜੇਕਰ ਦੇਖਿਆ ਜਾਵੇ ਤਾਂ ਲੋਹੜੀ ਵਾਲੇ ਦਿਨ ਜ਼ਿਲ੍ਹੇ ਅੰਦਰ ਘੱਟ ਤੋਂ ਘੱਟ ਤਾਪਮਾਨ 1.6 ਡਿਗਰੀ ਸੈਲਸੀਅਸ ਅਤੇ ਵੱਧ ਤੋਂ ਵੱਧ ਤਾਪਮਾਨ 13.4 ਡਿਗਰੀ ਸੈਲਸੀਅਸ ਰਿਹਾ ਜਦਕਿ 14 ਜਨਵਰੀ ਨੂੰ ਮਾਘੀ ਵਾਲੇ ਦਿਨ ਘੱਟ ਤੋਂ ਘੱਟ ਤਾਪਮਾਨ 3.2 ਡਿਗਰੀ ਤੇ ਵੱਧ ਤੋਂ ਵੱਧ ਤਾਪਮਾਨ 13.5 ਡਿਗਰੀ ਸੈਲਸੀਅਸ ਦਰਜ ਕੀਤ ਗਿਆ। 15 ਜਨਵਰੀ ਨੂੰ ਫਿਰ ਤਾਪਮਾਨ ਘਟ ਕੇ 1.6 ਡਿਗਰੀ ਸੈਲਸੀਅਸ ਤਕ ਪਹੁੰਚ ਗਿਆ।