- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਚਾਰ ਲੇਬਰ ਕੋਡਾਂ ਖ਼ਿਲਾਫ਼ ਕਾਲਾ ਦਿਵਸ ਮਨਾਇਆ, ਮਜ਼ਦੂਰ-ਮੁਲਾਜ਼ਮਾਂ ਨੇ ਕੀਤਾ ਜ਼ੋਰਦਾਰ ਪ੍ਰਦਰਸ਼ਨ

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ
ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਚਾਰ ਲੇਬਰ ਕੋਡਾਂ ਦੇ ਵਿਰੋਧ ਵਿੱਚ 1 ਅਪ੍ਰੈਲ 2026 ਨੂੰ ਜ਼ਿਲ੍ਹੇ ਭਰ ਵਿੱਚ ਟਰੇਡ ਯੂਨੀਅਨਾਂ ਦੇ ਸੱਦੇ ’ਤੇ “ਕਾਲਾ ਦਿਵਸ” ਮਨਾਇਆ ਗਿਆ। ਇਸ ਤਹਿਤ ਪੀਆਰਟੀਸੀ ਬਠਿੰਡਾ ਡਿਪੂ ਦੇ ਗੇਟ ਅੱਗੇ ਪੰਜਾਬ ਰੋਡਵੇਜ਼, ਪਨਬੱਸ ਅਤੇ ਪੀਆਰਟੀਸੀ ਦੀਆਂ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਅਤੇ ਵਰਕਰਾਂ ਵੱਲੋਂ ਕਾਲੇ ਝੰਡੇ ਲਹਿਰਾ ਕੇ ਕੇਂਦਰ ਅਤੇ ਸੂਬਾ ਸਰਕਾਰ ਵਿਰੁੱਧ ਤਿੱਖਾ ਰੋਸ ਪ੍ਰਗਟਾਇਆ ਗਿਆ। ਰੋਸ ਮੁਜ਼ਾਹਰੇ ਦੌਰਾਨ ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਵੱਲੋਂ ਇਹ ਲੇਬਰ ਕੋਡ ਲਾਗੂ ਕੀਤੇ ਗਏ ਤਾਂ ਮਜ਼ਦੂਰਾਂ ਅਤੇ ਮੁਲਾਜ਼ਮਾਂ ਦਾ ਸਿੱਧਾ ਮਾਨਸਿਕ ਅਤੇ ਸਰੀਰਕ ਸ਼ੋਸ਼ਣ ਹੋਵੇਗਾ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਲਗਾਤਾਰ ਮਜ਼ਦੂਰ ਵਿਰੋਧੀ ਨੀਤੀਆਂ ਲਾਗੂ ਕਰ ਰਹੀ ਹੈ ਅਤੇ ਤਾਨਾਸ਼ਾਹੀ ਢੰਗ ਨਾਲ ਫ਼ੈਸਲੇ ਲੈ ਰਹੀ ਹੈ।
ਆਗੂਆਂ ਨੇ ਦੱਸਿਆ ਕਿ 12 ਫਰਵਰੀ 2026 ਨੂੰ ਦੇਸ਼ ਪੱਧਰੀ ਹੜਤਾਲ ਕਰਕੇ ਪਹਿਲਾਂ ਵੀ ਇਨ੍ਹਾਂ ਲੇਬਰ ਕੋਡਾਂ ਦਾ ਵਿਰੋਧ ਕੀਤਾ ਗਿਆ ਸੀ, ਪਰ ਇਸ ਦੇ ਬਾਵਜੂਦ ਸਰਕਾਰ ਆਪਣੀ ਜ਼ਿੱਦ ’ਤੇ ਅੜੀ ਹੋਈ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਅਦਾਰਿਆਂ ਵਿੱਚ ਠੇਕੇਦਾਰੀ ਪ੍ਰਥਾ ਨੂੰ ਵਧਾਵਾ ਦਿੱਤਾ ਜਾ ਰਿਹਾ ਹੈ, ਘੱਟ ਤਨਖ਼ਾਹਾਂ ’ਤੇ ਮੁਲਾਜ਼ਮਾਂ ਦਾ ਸ਼ੋਸ਼ਣ ਹੋ ਰਿਹਾ ਹੈ ਅਤੇ ਰੈਗੂਲਰ ਭਰਤੀਆਂ ’ਤੇ ਰੋਕ ਲਗਾ ਕੇ ਸਰਕਾਰੀ ਸਿਸਟਮ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ। ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਟਰਾਂਸਪੋਰਟ ਵਿਭਾਗ ਵਿੱਚ ਕਿਲੋਮੀਟਰ ਸਕੀਮ ਰਾਹੀਂ ਨਿੱਜੀ ਬੱਸਾਂ ਨੂੰ ਤਰਜੀਹ ਦੇ ਕੇ ਸਰਕਾਰੀ ਸੰਸਥਾਵਾਂ ਦਾ ਨਿੱਜੀਕਰਨ ਕੀਤਾ ਜਾ ਰਿਹਾ ਹੈ, ਜਿਸ ਨਾਲ ਰੋਜ਼ਗਾਰ ਦੇ ਮੌਕੇ ਘੱਟ ਰਹੇ ਹਨ ਤੇ ਕੁਰੱਪਸ਼ਨ ਨੂੰ ਵਾਧਾ ਮਿਲ ਰਿਹਾ ਹੈ। ਆਗੂਆਂ ਮੁਤਾਬਕ ਇਹ ਸਾਰੇ ਕਦਮ ਸਿੱਧੇ ਤੌਰ ’ਤੇ ਮਜ਼ਦੂਰ ਵਰਗ ਦੇ ਹੱਕਾਂ ’ਤੇ ਹਮਲਾ ਹਨ। ਜਥੇਬੰਦੀ ਆਗੂਆਂ ਨੇ ਗੇਟ ਰੈਲੀ ਨੂੰ ਸੰਬੋਧਨ ਕਰਦਿਆਂ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਮਜ਼ਦੂਰ-ਮੁਲਾਜ਼ਮ ਵਿਰੋਧੀ ਫ਼ੈਸਲੇ ਵਾਪਸ ਨਾ ਲਏ ਗਏ ਜਾਂ ਲੇਬਰ ਕੋਡ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਟਰੇਡ ਯੂਨੀਅਨਾਂ ਵੱਲੋਂ ਵੱਡੇ ਪੱਧਰ ’ਤੇ ਸੰਘਰਸ਼ ਛੇੜਿਆ ਜਾਵੇਗਾ। ਇਸ ਮੌਕੇ ਸੂਬਾ ਆਗੂ ਸਰਬਜੀਤ ਸਿੰਘ ਭੂੱਲਰ, ਹਰਤਾਰ ਸ਼ਰਮਾ (ਪ੍ਰਧਾਨ, ਪੰਜਾਬ ਰੋਡਵੇਜ਼ ਪਨਬਸ/ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ), ਮੋਹਕਮ ਸਿੰਘ (ਪ੍ਰਧਾਨ), ਸੂਰਜ ਸਿੰਘ (ਟਰਾਂਸਪੋਰਟ ਵਰਕਰਜ਼ ਯੂਨੀਅਨ ਏਟਕ), ਗੰਡਾ ਸਿੰਘ (ਇੰਟਕ), ਸੁਖਜਿੰਦਰ ਸਿੰਘ (ਕਰਮਚਾਰੀ ਦਲ ਯੂਨੀਅਨ), ਸੁਖਵਿੰਦਰ ਸਿੰਘ (ਸੀਟੂ ਯੂਨੀਅਨ), ਕੁਲਵਿੰਦਰ ਸਿੰਘ (ਪੀਆਰਟੀਸੀ. ਪਨਬਸ ਕੰਟਰੈਕਟ ਵਰਕਰ ਯੂਨੀਅਨ 25/11), ਅਵਤਾਰ ਸਿੰਘ (ਐਸਸੀ-ਬੀਸੀ ਯੂਨੀਅਨ) ਅਤੇ ਗੁਲਾਬ ਸਿੰਘ (ਰਿਟਾਇਰ ਭਾਈਚਾਰਾ) ਸਮੇਤ ਹੋਰ ਆਗੂ ਹਾਜ਼ਰ ਰਹੇ। ਪ੍ਰਦਰਸ਼ਨ ਦੌਰਾਨ ਆਗੂਆਂ ਨੇ ਇੱਕ ਸੁਰ ਵਿੱਚ ਕਿਹਾ ਕਿ ਮਜ਼ਦੂਰ ਵਰਗ ਦੇ ਹੱਕਾਂ ਦੀ ਰੱਖਿਆ ਲਈ ਇਹ ਸੰਘਰਸ਼ ਜਾਰੀ ਰਹੇਗਾ ਤੇ ਜੇ ਲੋੜ ਪਈ ਤਾਂ ਇਸਨੂੰ ਹੋਰ ਤੇਜ਼ ਕੀਤਾ ਜਾਵੇਗਾ