- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
1 ਤੋਂ 7 ਅਗਸਤ ਤਕ ਦਮਦਮੀ ਟਕਸਾਲ ਵੱਲੋਂ ਤਖਤ ਸਾਹਿਬ ’ਤੇ ਗੁਰਮਿਤ ਸਮਾਗਮ

1) ਜਾਣਕਾਰੀ ਦੇਣ ਸਮੇਂ ਦਮਦਮੀ ਟਕਸਾਲ ਦੇ ਮੁੱਖ ਬੁਲਾਰੇ ਬਾਬਾ ਸੁਖਦੇਵ ਸਿੰਘ ਅਨੰਦਪੁਰ ਸਾਹਿਬ ਵਾਲੇ ਤੇ ਨਾਲ ਹੋਰ।
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ 1 ਤੋਂ 7 ਅਗਸਤ ਤੱਕ ਦਮਦਮੀ ਟਕਸਾਲ ਜਥਾ ਭਿੰਡਰਾਂ ਮਹਿਤਾ ਚੌਂਕ ਦੀ ਅਗਵਾਈ ਹੇਠ ਗੁਰਮਤਿ ਸਮਾਗਮ ਕਰਵਾਇਆ ਜਾਵੇਗਾ। ਇਸ ਸਬੰਧੀ ਅੱਜ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਦਮਦਮੀ ਟਕਸਾਲ ਦੇ ਮੁੱਖ ਬੁਲਾਰੇ ਜਥੇਦਾਰ ਬਾਬਾ ਸੁਖਦੇਵ ਸਿੰਘ ਅਨੰਦਪੁਰ ਵਾਲਿਆਂ ਨੇ ਦੱਸਿਆ ਕਿ ਇਹ ਸਮਾਗਮ ਸੰਤ ਬਾਬਾ ਹਰਨਾਮ ਸਿੰਘ ਖਾਲਸਾ, ਮੁਖੀ ਦਮਦਮੀ ਟਕਸਾਲ ਜਥਾ ਭਿੰਡਰਾਂ ਮਹਿਤਾ ਚੌਕ ਦੀ ਰਹਿਨੁਮਾਈ ਹੇਠ ਕੀਤਾ ਜਾ ਰਿਹਾ ਹੈ। ਇਸ ਧਾਰਮਿਕ ਸਮਾਗਮ ਦਾ ਉਦੇਸ਼ ਗੁਰਬਾਣੀ ਦੇ ਸਿਧਾਂਤਾਂ ਦਾ ਪ੍ਰਚਾਰ-ਪ੍ਰਸਾਰ ਕਰਨਾ, ਸੰਗਤਾਂ ਨੂੰ ਗੁਰਮਤਿ ਨਾਲ ਜੋੜਨਾ ਤੇ ਸਿੱਖੀ ਜੀਵਨ ਮੁੱਲਾਂ ਨੂੰ ਮਜ਼ਬੂਤ ਕਰਨਾ ਹੈ। ਜਥੇਦਾਰ ਬਾਬਾ ਸੁਖਦੇਵ ਸਿੰਘ ਨੇ ਦੱਸਿਆ ਕਿ ਸਮਾਗਮ ਦੌਰਾਨ 1 ਤੋਂ 6 ਅਗਸਤ ਤਕ ਹਰ ਰੋਜ਼ ਦਮਦਮੀ ਟਕਸਾਲ ਦੇ ਗਿਆਨੀ ਸਿੰਘ ਸਾਹਿਬਾਨ, ਪ੍ਰਸਿੱਧ ਕਥਾਵਾਚਕ, ਰਾਗੀ ਜਥੇ, ਢਾਡੀ ਜਥੇ ਤੇ ਹੋਰ ਵਿਦਵਾਨ ਗੁਰਬਾਣੀ ਦੀ ਕਥਾ, ਕੀਰਤਨ ਤੇ ਗੁਰਮਤਿ ਵਿਚਾਰਾਂ ਰਾਹੀਂ ਸੰਗਤ ਨੂੰ ਆਤਮਿਕ ਰਸ ਨਾਲ ਜੋੜਣਗੇ।
ਉਨ੍ਹਾਂ ਕਿਹਾ ਕਿ ਇਨ੍ਹਾਂ ਸਮਾਗਮਾਂ ਵਿੱਚ ਗੁਰਬਾਣੀ ਦੇ ਡੂੰਘੇ ਅਰਥਾਂ, ਸਿੱਖ ਇਤਿਹਾਸ ਅਤੇ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਨੂੰ ਸੌਖੇ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਸੰਗਤਾਂ ਤੱਕ ਪਹੁੰਚਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ 7 ਅਗਸਤ ਨੂੰ ਹੋਣ ਵਾਲਾ ਮੁੱਖ ਸਮਾਗਮ ਵਿਸ਼ੇਸ਼ ਮਹੱਤਵ ਰੱਖੇਗਾ, ਜਿਸ ਵਿੱਚ ਸੰਤ ਬਾਬਾ ਹਰਨਾਮ ਸਿੰਘ ਖਾਲਸਾ ਖੁਦ ਗੁਰਬਾਣੀ ਦੀ ਕਥਾ ਵਿਚਾਰ ਕਰਕੇ ਸੰਗਤ ਨੂੰ ਨਿਹਾਲ ਕਰਨਗੇ। ਉਨ੍ਹਾਂ ਕਿਹਾ ਕਿ ਵੱਡੀ ਗਿਣਤੀ ਵਿੱਚ ਦੇਸ਼-ਵਿਦੇਸ਼ ਤੋਂ ਸੰਗਤਾਂ ਦੇ ਇਸ ਸਮਾਗਮ ਵਿੱਚ ਸ਼ਾਮਲ ਹੋਣ ਦੀ ਉਮੀਦ ਹੈ।
ਇਸ ਮੌਕੇ ਜਥੇਦਾਰ ਬਾਬਾ ਸੁਖਦੇਵ ਸਿੰਘ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਸੰਤ ਬਾਬਾ ਹਰਨਾਮ ਸਿੰਘ ਖਾਲਸਾ ਦੀ ਰਹਿਨੁਮਾਈ ਹੇਠ ਚੱਲ ਰਹੇ ਦਮਦਮੀ ਟਕਸਾਲ ਦੇ ਸੇਵਕ ਜਥੇ ਦੇ ਵਿਸਥਾਰ ਲਈ ਤਲਵੰਡੀ ਸਾਬੋ ਇਲਾਕੇ ’ਚ ਇਕ ਵਿਸ਼ੇਸ਼ ਇਕੱਤਰਤਾ ਵੀ ਕੀਤੀ ਗਈ। ਇਸ ਦੌਰਾਨ ਸੰਗਤਾਂ ਅਤੇ ਸੇਵਾਦਾਰਾਂ ਨਾਲ ਵਿਚਾਰ-ਵਟਾਂਦਰਾ ਕਰਕੇ ਜਥੇ ਦੇ ਵਿਸਥਾਰ ਲਈ ਨਵੇਂ ਅਹੁਦੇਦਾਰਾਂ ਦੀ ਨਿਯੁਕਤੀ ਕੀਤੀ। ਨਿਯੁਕਤ ਕੀਤੇ ਅਹੁਦੇਦਾਰਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਗੁਰਮਤਿ ਪ੍ਰਚਾਰ, ਪੰਥਕ ਸੇਵਾ ਤੇ ਸੰਗਤ ਨਾਲ ਨਿਰੰਤਰ ਜੁੜ ਕੇ ਕੰਮ ਕਰਨ ਦੀ ਪ੍ਰੇਰਣਾ ਦਿੱਤੀ। ਉਨ੍ਹਾਂ ਕਿਹਾ ਕਿ ਦਮਦਮੀ ਟਕਸਾਲ ਹਮੇਸ਼ਾ ਗੁਰਬਾਣੀ ਦੇ ਪ੍ਰਚਾਰ, ਸਿੱਖੀ ਸਿਧਾਂਤਾਂ ਦੀ ਸੰਭਾਲ ਤੇ ਨੌਜਵਾਨ ਪੀੜ੍ਹੀ ਨੂੰ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਨਾਲ ਜੋੜਨ ਲਈ ਯਤਨਸ਼ੀਲ ਰਹੀ ਹੈ। ਇਸੇ ਮੰਤਵ ਨਾਲ ਸਮੇਂ-ਸਮੇਂ 'ਤੇ ਗੁਰਮਤਿ ਸਮਾਗਮ ਅਤੇ ਸੇਵਕ ਜਥਿਆਂ ਦਾ ਵਿਸਥਾਰ ਕੀਤਾ ਜਾਂਦਾ ਹੈ ਤਾਂ ਜੋ ਵੱਧ ਤੋਂ ਵੱਧ ਲੋਕ ਧਾਰਮਿਕ ਤੇ ਸਮਾਜਿਕ ਸੇਵਾ ਨਾਲ ਜੁੜ ਸਕਣ।
ਅੰਤ ਵਿੱਚ ਜਥੇਦਾਰ ਬਾਬਾ ਸੁਖਦੇਵ ਸਿੰਘ ਨੇ ਅੱਜ ਪੁੱਜੀਆਂ ਸਮੂਹ ਸੰਗਤਾਂ ਦਾ ਧੰਨਵਾਦ ਕਰਦਿਆਂ ਸਮੂਹ ਗੁਰੂ ਨਾਨਕ ਨਾਮਲੇਵਾ ਸੰਗਤ ਨੂੰ ਅਪੀਲ ਕੀਤੀ ਕਿ ਉਹ 1 ਤੋਂ 7 ਅਗਸਤ ਤੱਕ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਹੋਣ ਵਾਲੇ ਮਹਾਨ ਗੁਰਮਤਿ ਸਮਾਗਮ ’ਚ ਪਰਿਵਾਰਾਂ ਸਮੇਤ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ, ਗੁਰਬਾਣੀ ਕਥਾ-ਕੀਰਤਨ ਦਾ ਲਾਹਾ ਪ੍ਰਾਪਤ ਕਰਨ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਦੇ ਭਾਗੀ ਬਣਨ। ਇਸ ਮੌਕੇ ਬਾਬਾ ਕਾਕਾ ਸਿੰਘ ਤੇ ਦਮਦਮੀ ਟਕਸਾਲ ਦੇ ਸੇਵਕ ਜਥੇ ਦੇ ਮਾਲਵਾ ਜ਼ੋਨ ਦੇ ਮੁਖੀ ਬਾਬਾ ਆਤਮਾ ਸਿੰਘ ਚਹਿਲ ਵੀ ਹਾਜ਼ਰ ਸਨ।