- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਫਰਵਰੀ ’ਚ ਸ਼ੁਰੂ ਹੋਵੇਗਾ ਉੜੀਆ ਬਸਤੀ ਦੇ ਨਵੇਂ ਪੁਲ ਦਾ ਨਿਰਮਾਣ, 25 ਫੁੱਟ ਚੌੜਾਈ ਨਾਲ ਭਾਰੀ ਵਾਹਨਾਂ ਦੀ ਆਵਾਜਾਈ ਹੋਵੇਗੀ ਆਸਾਨ

-25 ਫੁੱਟ ਚੌੜਾਈ ਨਾਲ ਭਾਰੀ ਵਾਹਨਾਂ ਦੀ ਆਵਾਜਾਈ ਹੋਵੇਗੀ ਅਸਾਨ
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਸਰਹਿੰਦ ਨਹਿਰ ’ਤੇ ਵਸੀ ਹੋਈ ਉੜੀਆ ਬਸਤੀ ਖੇਤਰ ਦੇ ਲੋਕਾਂ ਲਈ ਰਾਹਤ ਭਰੀ ਖ਼ਬਰ ਹੈ। ਲੰਮੇ ਸਮੇਂ ਤੋਂ ਪ੍ਰਸਤਾਵਿਤ 25 ਫੁੱਟ ਚੌੜੇ ਨਵੇਂ ਉੜੀਆ ਪੁਲ ਦਾ ਨਿਰਮਾਣ ਫਰਵਰੀ ਮਹੀਨੇ ’ਚ ਸ਼ੁਰੂ ਹੋਣ ਦੀ ਸੰਭਾਵਨਾ ਹੈ। ਪੁਰਾਣੇ ਬਹੁਤ ਭੀੜੇ ਪੁਲ ਦੀ ਥਾਂ ਬਣਨ ਵਾਲਾ ਇਹ ਨਵਾਂ ਪੁਲ 7.5 ਮੀਟਰ ਚੌੜਾ ਹੋਵੇਗਾ, ਜਿਸ ਨਾਲ ਭਾਰੀ ਵਾਹਨਾਂ ਦੀ ਆਵਾਜਾਈ ਵੀ ਸੁਚਾਰੂ ਢੰਗ ਨਾਲ ਹੋ ਸਕੇਗੀ। ਵਿਧਾਇਕ ਜਗਰੂਪ ਸਿੰਘ ਗਿੱਲ ਨੇ 23 ਅਕਤੂਬਰ 2025 ਨੂੰ ਰਾਜੀਵ ਗਾਂਧੀ ਕਾਲੋਨੀ ਨੂੰ ਜਾਣ ਵਾਲੀ ਸੜਕ ਦੇ ਸਾਹਮਣੇ ਸਰਹਿੰਦ ਨਹਿਰ ਦੇ ਕੰਢੇ ਇਸ ਨਵੇਂ ਪੁਲ ਦਾ ਨੀਂਹ ਪੱਥਰ ਰੱਖਿਆ ਸੀ। 20 ਜਨਵਰੀ ਨੂੰ ਵਿਸ਼ੇਸ਼ ਨਹਿਰਬੰਦੀ ਕਰਕੇ ਕਰੀਬ 20 ਤੋਂ 21 ਦਿਨਾਂ ਵਿੱਚ ਨਹਿਰ ਉੱਤੇ ਪੁਲ਼ ਦਾ ਮੁੱਖ ਢਾਂਚਾ ਤਿਆਰ ਕਰ ਲਿਆ ਜਾਵੇ। ਹਾਲਾਂਕਿ ਸਿੰਚਾਈ ਵਿਭਾਗ ਵੱਲੋਂ ਖੇਤਾਂ ਵਿੱਚ ਪਾਣੀ ਦੀ ਲੋੜ ਦਾ ਹਵਾਲਾ ਦਿੰਦਿਆਂ ਨਹਿਰਬੰਦੀ ਕਰਨ ਤੋਂ ਅਸਮਰੱਥਤਾ ਜਤਾਈ ਗਈ, ਜਿਸ ਕਾਰਨ ਪੁਲ ਨਿਰਮਾਣ ਦਾ ਕੰਮ ਫਰਵਰੀ ਤਕ ਟਾਲਣਾ ਪਿਆ। ਇਸ ਤੋਂ ਪਹਿਲਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਦਿੱਤੀ ਗਈ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਨਵੰਬਰ-ਦਸੰਬਰ 2025 ਤਕ ਪੁਲ ਦਾ ਨਿਰਮਾਣ ਪੂਰਾ ਕਰ ਲਿਆ ਜਾਵੇਗਾ।
ਮਨੁੱਖੀ ਅਧਿਕਾਰ ਕਮਿਸ਼ਨ ਨੇ ਮਾਮਲੇ ਵਿਚ ਸਖ਼ਤੀ ਦਿਖਾਉਂਦਿਆਂ 26 ਦਸੰਬਰ ਤੋਂ ਇਕ ਹਫ਼ਤਾ ਪਹਿਲਾਂ ਤਕ ਪ੍ਰੋਜੈਕਟ ਦੀ ਕੰਪਲੀਸ਼ਨ ਰਿਪੋਰਟ ਡੀਸੀ ਦਫ਼ਤਰ ਤੋਂ ਤਲਬ ਕੀਤੀ ਸੀ, ਪਰ ਨਿਰਧਾਰਤ ਸਮੇਂ ਵਿੱਚ ਕੰਮ ਪੂਰਾ ਨਹੀਂ ਹੋ ਸਕਿਆ। ਮਾਰਚ ਮਹੀਨੇ ਵਿਚ ਪੰਜਾਬ ਸਰਕਾਰ ਵੱਲੋਂ ਨਵੇਂ ਪੁਲ ਦੇ ਨਿਰਮਾਣ ਲਈ 95.69 ਲੱਖ ਰੁਪਏ ਦੀ ਰਕਮ ਜਾਰੀ ਕਰਦਿਆਂ ਜਲ ਸਰੋਤ ਵਿਭਾਗ ਨੂੰ ਉੜੀਆ ਬਸਤੀ ਪੁਲ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਸਨ। ਜ਼ਿਲ੍ਹਾ ਪ੍ਰਸ਼ਾਸਨ ਦਾ ਕਹਿਣਾ ਸੀ ਕਿ ਮਈ ਮਹੀਨੇ ਵਿਚ ਕੰਮ ਸ਼ੁਰੂ ਕਰਕੇ ਦੋ ਤੋਂ ਢਾਈ ਮਹੀਨਿਆਂ ’ਚ ਪੁਲ ਮੁਕੰਮਲ ਕਰ ਦਿੱਤਾ ਜਾਵੇਗਾ। ਯੋਜਨਾ ਅਨੁਸਾਰ ਮਈ ਵਿੱਚ 20 ਤੋਂ 25 ਦਿਨਾਂ ਦੀ ਨਹਿਰਬੰਦੀ ਕਰਕੇ ਫਾਊਂਡੇਸ਼ਨ ਅਤੇ ਨਹਿਰ ਅੰਦਰਲਾ ਕੰਮ ਪੂਰਾ ਕੀਤਾ ਜਾਣਾ ਸੀ, ਜਦਕਿ ਬਾਹਰੀ ਕੰਮ ਬਾਅਦ ਵਿੱਚ ਜਾਰੀ ਰਹਿਣਾ ਸੀ।
ਹਾਲਾਂਕਿ ਮਈ ਵਿੱਚ ਨਹਿਰਬੰਦੀ ਉਮੀਦ ਤੋਂ ਵੱਧ ਸਮੇਂ ਲਈ ਚੱਲੀ, ਫਿਰ ਵੀ ਪੁਲ ਨਿਰਮਾਣ ਸ਼ੁਰੂ ਨਹੀਂ ਹੋ ਸਕਿਆ। ਮਨੁੱਖੀ ਅਧਿਕਾਰ ਕਮਿਸ਼ਨ ਦੀ ਸਖ਼ਤ ਹਦਾਇਤ ਤੋਂ ਬਾਅਦ ਪ੍ਰਸ਼ਾਸਨ ਨੂੰ ਆਨਨ-ਫਾਨਨ ਵਿੱਚ ਪੁਲ ਨਿਰਮਾਣ ਦੀ ਪ੍ਰਕਿਰਿਆ ਅੱਗੇ ਵਧਾਉਣੀ ਪਈ। 27 ਨਵੰਬਰ 2024 ਨੂੰ ਜਾਰੀ ਕਮਿਸ਼ਨ ਦੇ ਹੁਕਮਾਂ ਦੇ ਸੰਦਰਭ ਵਿੱਚ ਬਠਿੰਡਾ ਦੇ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ 2 ਫਰਵਰੀ 2025 ਨੂੰ ਦਲੀਲ ਦਿੱਤੀ ਸੀ ਕਿ ਨਿਗਮ ਕੋਲ ਲੁੜੀਦੇ ਫੰਡ ਉਪਲੱਬਧ ਨਹੀਂ ਹਨ ਤੇ ਜਲ ਸਰੋਤ ਵਿਭਾਗ ਤੋਂ ਰਕਮ ਜਾਰੀ ਕਰਨ ਦੀ ਬੇਨਤੀ ਕੀਤੀ ਗਈ ਹੈ। ਇਹ ਨਵਾਂ ਪੁਲ ਰਾਜੀਵ ਗਾਂਧੀ ਕਾਲੋਨੀ ਨੂੰ ਜਾਣ ਵਾਲੀ ਸੜਕ ਦੇ ਸਾਹਮਣੇ ਬਣੇਗਾ। ਕਰੀਬ 95.69 ਲੱਖ ਦੀ ਲਾਗਤ ਨਾਲ ਬਣਨ ਵਾਲਾ ਇਹ ਪੁਲ ਪਰਸਰਾਮ ਨਗਰ ਤੋਂ ਗੁਰੁਕੁਲ ਰੋਡ ਰਾਹੀਂ ਸਰਹਿੰਦ ਨਹਿਰ ਪਾਰ ਕਰਕੇ ਥਰਮਲ ਦੀ ਰਾਖ ਵਾਲੀ ਥਾਂ ਤੋਂ ਮਲੋਟ ਰੋਡ ਤਕ ਇਕ ਨਵਾਂ ਰਸਤਾ ਮੁਹੱਈਆ ਕਰਵਾਏਗਾ। ਇਸ ਨਾਲ ਖੇਤਰ ਦੇ ਲੋਕਾਂ ਨੂੰ ਲੰਮਾ ਚੱਕਰ ਨਹੀਂ ਲਗਾਉਣਾ ਪਵੇਗਾ ਤੇ ਟ੍ਰੈਫਿਕ ਦਾ ਦਬਾਅ ਵੀ ਘਟੇਗਾ। ਲਗਭਗ 600 ਮੀਟਰ ਦੂਰ ਪਹਿਲਾਂ ਤੋਂ ਮੌਜੂਦ ਪੁਰਾਣਾ ਪੁਲ ਵੀ ਰਹੇਗਾ, ਜਿਸਦੀ ਵਰਤੋਂ ਮੁੱਖ ਤੌਰ ’ਤੇ ਦੋਪਹੀਆ ਵਾਹਨਾਂ ਲਈ ਕੀਤੀ ਜਾਵੇਗੀ। ਨਵਾਂ ਪੁਲ ਉੜੀਆ ਕਾਲੋਨੀ ਦੇ ਬੈਕਸਾਈਡ ਵੱਲੋਂ ਕੱਢਿਆ ਗਿਆ ਹੈ, ਜਿਸ ਨਾਲ ਵੱਡੇ ਤੇ ਭਾਰੀ ਵਾਹਨਾਂ ਦੀ ਆਵਾਜਾਈ ਆਸਾਨੀ ਨਾਲ ਸੰਭਵ ਹੋਵੇਗੀ। ਖੇਤਰ ਵਾਸੀਆਂ ਨੂੰ ਹੁਣ ਆਸ ਹੈ ਕਿ ਫਰਵਰੀ ਵਿੱਚ ਕੰਮ ਸ਼ੁਰੂ ਹੋਣ ਨਾਲ ਇਹ ਸਾਲਾਂ ਪੁਰਾਣੀ ਮੰਗ ਜਲਦ ਹੀ ਪੂਰੀ ਹੋਵੇਗੀ।
ਇੱਥੇ ਜਿਰਕਯੋਗ ਹੈ ਕਿ ਇਸ ਕਾਲੋਨੀ ਨੂੰ ਜਾਣ ਵਾਲੇ ਪੁਲ਼ ਉੱਪਰ ਦੀ ਸਿਰਫ਼ ਦੋ ਪਹੀਆਂ ਵਾਹਨ ਹੀ ਗੁਜਰ ਸਕਦੇ ਹਨ। ਇੱਥੇ ਕੁੱਝ ਸਮਾਂ ਪਹਿਲਾਂ ਅੱਗ ਲੱਗਣ ਕਾਰਨ ਝੁੱਗੀ ਝੌਂਪੜੀ ਵਿਚ ਰਹਿ ਰਹੀਆਂ ਦੋ ਮਾਸੂਮ ਕੁੜੀਆਂ ਸੜ ਗਈਆਂ ਸਨ, ਜਿਸ ਤੋਂ ਬਾਅਦ ਮਨੁੱਖੀ ਅਧਿਕਾਰੀ ਕਮਿਸ਼ਨ ਨੇ ਸਖਤ ਨੋਟਿਸ ਲਿਆ ਸੀ।