- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਫਾਸਟੈਗ ਨੂੰ ਲੈ ਕੇ ਟਰੱਕ ਡਰਾਈਵਰਾਂ ਅਤੇ ਕਰਮਚਾਰੀਆਂ ਵਿਚਾਲੇ ਭਾਰੀ ਝੜਪ

-ਬਠਿੰਡਾ-ਡੱਬਵਾਲੀ ਰੋਡ ਜੱਸੀ ਟੋਲ ਪਲਾਜ਼ਾ ’ਤੇ ਬੁਰੀ ਤਰ੍ਹਾਂ ਭੰਨ-ਤੋੜ ਕਰਨ ਵਾਲੀ ਵੀਡੀਓ ਸੀਸੀਟੀਵੀ ’ਚ ਕੈਦ
ਧਰਮਪਾਲ ਸਿੰਘ, ਪੰਜਾਬੀ ਜਾਗਰਣ, ਸੰਗਤ ਮੰਡੀ : ਬਠਿੰਡਾ ਡੱਬਵਾਲੀ ਸੜਕ ’ਤੇ ਸਥਿਤ ਜੱਸੀ ਟੋਲ ਪਲਾਜ਼ਾ ਵਿਖੇ ਫਾਸਟਟੈਗ ਨੂੰ ਲੈ ਕੇ ਟਰੱਕ ਡਰਾਈਵਰਾਂ ਅਤੇ ਟੋਲ ਪਲਾਜ਼ਾ ਦੇ ਕਰਮਚਾਰੀਆਂ ਵਿਚਾਲੇ ਹੋਈ ਤਕਰਾਰ ਨੇ ਉਸ ਸਮੇਂ ਗੰਭੀਰ ਰੂਪ ਧਾਰ ਲਿਆ ਜਦੋਂ ਦੋਵੇਂ ਧਿਰਾਂ ਵਿਚਾਲੇ ਹੱਥੋਪਾਈ ਅਤੇ ਕੁੱਟਮਾਰ ਸ਼ੁਰੂ ਹੋ ਗਈ। ਜਾਣਕਾਰੀ ਅਨੁਸਾਰ ਪਹਿਲਾਂ ਕਿਸੇ ਗੱਲ ਨੂੰ ਲੈ ਕੇ ਟਰੱਕ ਡਰਾਈਵਰ ਅਤੇ ਟੋਲ ਮੁਲਾਜ਼ਮਾਂ ਵਿਚਾਲੇ ਬਹਿਸ ਹੋਈ, ਜੋ ਕੁਝ ਹੀ ਸਮੇਂ ਵਿੱਚ ਹਿੰਸਕ ਝੜਪ ਵਿੱਚ ਤਬਦੀਲ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਵੱਡੀ ਗਿਣਤੀ ਵਿਚ ਟਰੱਕ ਡਰਾਈਵਰ ਇਕੱਠੇ ਹੋ ਗਏ ਅਤੇ ਟੋਲ ਪਲਾਜ਼ਾ ਦੇ ਮੁਲਾਜ਼ਮਾਂ ਨਾਲ ਕੁੱਟਮਾਰ ਕੀਤੀ। ਝੜਪ ਦੌਰਾਨ ਕਈ ਵਿਅਕਤੀ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਬਠਿੰਡਾ ਵਿੱਚ ਦਾਖਲ ਕਰਵਾਇਆ ਗਿਆ ਹੈ। ਘਟਨਾ ਦੌਰਾਨ ਟੋਲ ਪਲਾਜ਼ਾ ਦੀ ਸੰਪਤੀ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ ਅਤੇ ਦਫ਼ਤਰ ਦੀ ਭੰਨ-ਤੋੜ ਕੀਤੇ ਜਾਣ ਦੀ ਸੂਚਨਾ ਮਿਲੀ ਹੈ।
ਮਾਮਲੇ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਹਰਕਤ ਵਿੱਚ ਆ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਹ ਮਾਮਲਾ ਹੁਣ ਪਥਰਾਲਾ ਪੁਲਿਸ ਚੌਕੀ ਤਕ ਪਹੁੰਚ ਗਿਆ ਹੈ, ਜਿੱਥੇ ਟੋਲ ਪਲਾਜ਼ਾ ਦੇ ਮੁਲਾਜ਼ਮਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਉਥੇ ਹੀ ਟਰੱਕ ਡਰਾਈਵਰ ਤੇ ਭੰਨ-ਤੋੜ ਕਰਕੇ ਮੌਕੇ ਤੇ ਫਰਾਰ ਹੋ ਗਏ ਅਤੇ ਇਸਦੀ ਵੀਡੀਓ ਸੀਸੀਟੀਵੀ ’ਚ ਕੈਦ ਹੋ ਗਈ, ਜਿਸ ਦੇ ਆਧਾਰ ’ਤੇ ਪੁਲਿਸ ਮੁਲਜ਼ਮਾਂ ਦੀ ਪਛਾਣ ਵਿ ਲੱਗੀ ਹੋਈ ਹੈ। ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਸਥਾਨਕ ਲੋਕਾਂ ਅਨੁਸਾਰ ਘਟਨਾ ਕਾਰਨ ਕੁਝ ਸਮੇਂ ਲਈ ਟੋਲ ਪਲਾਜ਼ਾ 'ਤੇ ਹਫੜਾ-ਦਫੜੀ ਦਾ ਮਾਹੌਲ ਬਣਿਆ ਰਿਹਾ ਅਤੇ ਆਵਾਜਾਈ ਵੀ ਪ੍ਰਭਾਵਿਤ ਹੋਈ। ਸੋਸ਼ਲ ਮੀਡੀਆ ’ਤੇ ਵਾਇਰਲ ਵੀਡੀਓ ’ਚ ਕੁੱਝ ਲੋਕ ਡਾਗਾਂ ਤੇ ਹੋਰ ਰਵਾਇਤੀ ਹਥਿਆਰ ਚੁੱਕੀ ਨਜ਼ਰ ਆ ਰਹੇ ਹਨ ਅਤੇ ਟੋਲ ਪਲਾਜ਼ਾ ਦੀ ਭੰਨ ਤੋੜ ਕਰ ਰਹੇ ਹਨ।
-ਬਾਕਸ-
-ਕੀ ਕਹਿੰਦੇ ਹਨ ਟੋਲ ਪਲਾਜ਼ਾ ਦੇ ਮੈਨੇਜਰ ਗੁਰਵਿੰਦਰ ਸਿੰਘ
ਜਦ ਇਸ ਮੌਕੇ ਟੋਲ ਪਲਾਜ਼ਾ ਦੇ ਮਨੈਜਰ ਗੁਰਵਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਅੱਜ ਸਵੇਰੇ ਇਕ ਟਰਾਲਾ ਟੋਲ ਪਲਾਜ਼ਾ ’ਤੇ ਆਇਆ, ਜਿਸ ਦਾ ਫਾਸਟਟੈਗ ਨੂੰ ਲੈ ਕੇ ਟੋਲ ਪਲਾਜ਼ਾ ਦੇ ਮੁਲਾਜ਼ਮਾਂ ਨਾਲ ਝਗੜਾ ਹੋ ਗਿਆ। ਝਗੜਾ ਹੋਣ ਤੋਂ ਬਾਅਦ ਟਰਾਲਾ ਡਰਾਈਵਰ ਨੇ ਹੋਰ ਬੰਦੇ ਬੁਲਾਅ ਲਏ, ਜਿੰਨ੍ਹਾਂ ਵਲੋਂ ਟੋਲ ਪਲਾਜ਼ਾ ਦੇ ਮੁਲਾਜ਼ਮਾਂ ਦੀ ਕੁੱਟ-ਮਾਰ ਕੀਤੀ ਤੇ ਜ਼ਖ਼ਮੀ ਕਰਨ ਤੋਂ ਬਾਅਦ ਪਲਾਜ਼ਾ ਦੇ ਕਮਰਿਆਂ ਦੇ ਸ਼ੀਸ਼ੇ ਅਤੇ ਬਾਰ ਬਾਰੀਆਂ ਦੀ ਭੰਨਤੋੜ ਕੀਤੀ ਗਈ। ਪਲਾਜ਼ਾ ਦੇ ਮੁਲਾਜ਼ਮਾਂ ਨੇ ਭੱਜ ਕੇ ਮਸਾਂ ਜਾਨ ਬਚਾਈ ਅਤੇ ਜ਼ਖਮੀਆਂ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਟਰਾਲਾ ਡਰਾਈਵਰ ਤੇ ਉਨ੍ਹਾਂ ਦੇ ਸਾਥੀ ਭੱਜਣ ਵਿਚ ਸਫ਼ਲ ਹੋ ਗਏ। ਉਧਰ ਜਦੋਂ ਪਥਰਾਲਾ ਚੌਂਕੀ ਇੰਚਾਰਜ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਟੋਲ ਪਲਾਜ਼ਾ ਦੇ ਸੀਸੀਟੀਵੀ ਚੈੱਕ ਕਰਨ ਤੋਂ ਬਾਅਦ ਪੀੜਤ ਮੁਲਾਜ਼ਮਾਂ ਦੇ ਬਿਆਨਾਂ ਦੇ ਅਧਾਰ ’ਤੇ ਪਰਚਾ ਦਰਜ਼ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ। ਕਿਸੇ ਵੀ ਸ਼ਰਾਰਤੀ ਅਨਸਰ ਨੂੰ ਕਾਨੂੰਨ ਆਪਣੇ ਹੱਥ ਨਹੀਂ ਲੈਣ ਦਿੱਤਾ ਜਾਵੇਗਾ।