ਨਸ਼ਾ ਤਸਕਰ ਦੇ ਮਕਾਨ ’ਤੇ ਚੱਲਿਆ ਪੀਲਾ ਪੰਜਾ
ਨਸ਼ੇ ਦਾ ਕਾਰੋਬਾਰ ਕਰਨ ਵਾਲੇ ਦੇ ਮਕਾਨ ’ਤੇ ਚੱਲਿਆ ਪੀਲਾ ਪੰਜਾ, ਹੁਣ ਤਕ ਜ਼ਿਲ੍ਹੇ ਅੰਦਰ ਢਾਹੀਆਂ ਜਾ ਚੁੱਕੀਆਂ 14 ਇਮਾਰਤਾਂ
Publish Date: Mon, 01 Jun 2026 04:38 PM (IST)
Updated Date: Tue, 02 Jun 2026 04:01 AM (IST)
-ਬਠਿੰਡਾ ਜ਼ਿਲ੍ਹੇ ’ਚ ਹੁਣ ਤਕ ਢਾਹੀਆਂ ਜਾ ਚੁੱਕੀਆਂ ਨੇ 14 ਇਮਾਰਤਾਂ
ਗੁਰਤੇਜ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ
ਜ਼ਿਲ੍ਹਾ ਪੁਲਿਸ ਤੇ ਸਿਵਲ ਪ੍ਰਸ਼ਾਸਨ ਨੇ ਸੋਮਵਾਰ ਸਵੇਰੇ ਨਸ਼ਾ ਤਸਕਰਾਂ ਤੇ ਸੰਗੀਨ ਜੁਰਮਾਂ ’ਚ ਸ਼ਾਮਲ ਅਨਸਰਾਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਇਕ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ ਹੈ। ਥਾਣਾ ਸਿਵਲ ਲਾਈਨ ਦੇ ਅਧੀਨ ਆਉਂਦੇ ਖੇਤਰ ਕੱਚਾ ਧੋਬੀਆਣਾ ਵਿਖੇ ਇਕ ਵਿਅਕਤੀ ਵੱਲੋਂ ਬਣਾਈ ਗ਼ੈਰ-ਕਾਨੂੰਨੀ ਇਮਾਰਤ ਨੂੰ ਪ੍ਰਸ਼ਾਸਨ ਨੇ ਪੂਰੀ ਤਰ੍ਹਾਂ ਢਾਹ ਦਿੱਤਾ ਹੈ। ਡਿਪਟੀ ਕਮਿਸ਼ਨਰ-ਕਮ-ਮੈਜਿਸਟ੍ਰੇਟ ਦੇ ਹੁਕਮਾਂ 'ਤੇ ਹੋਈ ਇਸ ਕਾਰਵਾਈ ਦੌਰਾਨ ਪੁਲਿਸ ਵੱਲੋਂ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ। ਵੱਡੀ ਗਿਣਤੀ ਪੁਲਿਸ ਧੋਬੀਆਣਾ ਬਸਤੀ ਵਿਚ ਤਾਇਨਾਤ ਕੀਤੀ ਗਈ ਸੀ। ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਨਾਜਾਇਜ਼ ਇਮਾਰਤ ਗੁਰਮਨ ਸਿੰਘ ਵਾਸੀ ਕੱਚਾ ਧੋਬੀਆਣਾ ਵੱਲੋਂ ਨਸ਼ੇ ਵੇਚ ਕੇ ਬਣਾਈ ਸੀ। ਉਕਤ ਕਬਜ਼ਾਧਾਰੀ ਨੂੰ ਜਗ੍ਹਾ ਖਾਲੀ ਕਰਨ ਲਈ ਕਈ ਵਾਰ ਸਰਕਾਰੀ ਨੋਟਿਸ ਦਿੱਤੇ ਗਏ ਸਨ, ਪਰ ਉਸ ਵੱਲੋਂ ਹੁਕਮਾਂ ਦੀ ਪਰਵਾਹ ਨਾ ਕਰਨ ’ਤੇ ਆਖ਼ਰਕਾਰ ਪੀਲੇ ਪੰਜੇ ਦੀ ਵਰਤੋਂ ਕਰਨੀ ਪਈ। ਬੁਲਾਰੇ ਨੇ ਦੱਸਿਆ ਕਿ ਕਥਿਤ ਦੋਸ਼ੀ ਖ਼ਿਲਾਫ਼ ਪਹਿਲਾਂ ਵੀ ਭਾਰਤੀ ਨਿਆਂ ਸੰਹਿਤਾ ਤਹਿਤ ਦੋ ਸੰਗੀਨ ਮੁਕੱਦਮੇ ਦਰਜ ਹਨ।
ਇਸ ਤੋਂ ਇਲਾਵਾ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਚੱਲ ਰਹੇ ਮਿਸ਼ਨ ਯੁੱਧ ਨਸ਼ਿਆਂ ਵਿਰੁੱਧ ਤਹਿਤ ਹੁਣ ਤਕ ਨਸ਼ਾ ਤਸਕਰਾਂ ਦੀਆਂ 14 ਗੈਰ-ਕਾਨੂੰਨੀ ਇਮਾਰਤਾਂ ਢਾਹੀਆਂ ਜਾ ਚੁੱਕੀਆਂ ਹਨ। ਪੁਲਿਸ ਅਧਿਕਾਰੀਆਂ ਮੁਤਾਬਕ ਜ਼ਿਲ੍ਹੇ ਅੰਦਰ ਪਹਿਲੀ ਮਾਰਚ 2025 ਤੋਂ ਹੁਣ ਤੱਕ 2564 ਮੁਕੱਦਮੇ ਦਰਜ ਕਰਕੇ 3628 ਵਿਅਕਤੀ ਗ੍ਰਿਫ਼ਤਾਰ ਕੀਤੇ ਗਏ ਹਨ, ਪ੍ਰਸ਼ਾਸਨਿਕ ਬੁਲਾਰੇ ਅਨੁਸਾਰ ਫੜੇ ਗਏ ਵਿਅਕਤੀਆਂ ਵਿਚ 96 ਵੱਡੇ ਨਸ਼ਾ ਤਸਕਰ ਸ਼ਾਮਲ ਹਨ।
ਬੁਲਾਰੇ ਅਨੁਸਾਰ ਸਾਲ 2023 ਤੋਂ ਸਾਲ ਹੁਣ ਤਕ 87 ਕਥਿਤ ਦੋਸ਼ੀਆਂ ਦੀ 14 ਕਰੋੜ 31 ਲੱਖ ਰੁਪਏ ਦੀ ਜਾਇਦਾਦ ਕੁਰਕ ਕਰਵਾਈ ਗਈ ਹੈ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਨਸ਼ਿਆਂ ਦੇ ਕੋਹੜ ਨੂੰ ਖ਼ਤਮ ਕਰਨ ਲਈ ਸਹਿਯੋਗ ਦਿੱਤਾ ਜਾਵੇ। ਜੇਕਰ ਆਸ-ਪਾਸ ਕੋਈ ਨਸ਼ਾ ਵੇਚਦਾ ਹੈ ਤਾਂ ਰਾਜ ਸਰਕਾਰ ਦੇ ਨੰਬਰ 97791-00200 ਜਾਂ ਬਠਿੰਡਾ ਪੁਲਿਸ ਦੇ ਨੰਬਰ 911 55-02252 'ਤੇ ਸੂਚਨਾ ਦਿੱਤੀ ਜਾਵੇ। ਜਾਣਕਾਰੀ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ।
ਦੂਜੇ ਪਾਸੇ ਲੋਕਾਂ ਦਾ ਕਹਿਣਾ ਸੀ ਕਿ ਸਾਰੀ ਧੋਬੀਆਣਾ ਬਸਤੀ ਹੀ ਨਾਜਾਇਜ਼ ਕਬਜ਼ਿਆਂ ’ਤੇ ਬਣੀ ਹੋਈ ਹੈ, ਪਰ ਪੁਲਿਸ ਪ੍ਰਸ਼ਾਸਨ ਸਰਕਾਰ ਦੀ ਮਸ਼ਹੂਰੀ ਖਾਤਰ ਇਹ ਕਾਰਵਾਈਆਂ ਕਰ ਰਿਹਾ ਹੈ। ਪੁਲਿਸ ਨੇ ਅਜੇ ਤਕ ਧਨਾਢ ਲੋਕਾਂ ਵੱਲੋਂ ਕੀਤੇ ਕਬਜ਼ਿਆਂ ’ਤੇ ਕੋਈ ਕਾਰਵਾਈ ਨਹੀਂ ਕੀਤੀ ਪਰ ਗਰੀਬ ਲੋਕਾਂ ਦੇ ਘਰਾਂ ਦੇ ਆਲੇ-ਦੁਆਲੇ ਹੋ ਜਾਂਦੇ ਹਨ।