ਪਾਣੀ ਦੀ ਕਮੀ ਨੂੰ ਲੈ ਕੇ ਲੋਕਾਂ ਵੱਲੋਂ ਈਓ ਨੂੰ ਮੰਗ-ਪੱਤਰ
ਪੀਣ ਵਾਲੇ ਪਾਣੀ ਦੀ ਕਿਲਤ, ਲੋਕਾਂ ਨੇ ਦਿੱਤਾ ਮੰਗ ਪੱਤਰ
Publish Date: Mon, 01 Jun 2026 05:40 PM (IST)
Updated Date: Tue, 02 Jun 2026 04:04 AM (IST)
ਦਵਿੰਦਰ ਸਿੰਘ ਮਾਨ, ਪੰਜਾਬੀ ਜਾਗਰਣ, ਕੋਟਫੱਤਾ : ਨਗਰ ਕੋਟ ਸ਼ਮੀਰ ਵਿੱਚ ਕਰੀਬ 20 ਕਰੋੜ ਰੁਪਏ ਦੀ ਲਾਗਤ ਨਾਲ ਚੱਲ ਰਹੇ ਸੀਵਰੇਜ ਅਤੇ ਛੱਪੜ ਸੁਧਾਰ ਪ੍ਰੋਜੈਕਟ ਕਾਰਨ ਨਗਰ ਵਾਸੀਆਂ ਨੂੰ ਪੀਣ ਵਾਲੇ ਪਾਣੀ ਦੀ ਭਾਰੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪ੍ਰੋਜੈਕਟ ਤਹਿਤ ਫਿਰਨੀ ਉੱਪਰ ਸੀਵਰੇਜ ਪਾਈਪਾਂ ਵਿਛਾਉਣ ਦੌਰਾਨ ਵਾਟਰ ਵਰਕਸ ਦੀਆਂ ਪਾਈਪ ਲਾਈਨਾਂ ਪ੍ਰਭਾਵਿਤ ਹੋਣ ਕਾਰਨ ਕਈ ਇਲਾਕਿਆਂ ਵਿੱਚ ਪਾਣੀ ਦੀ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ।
ਕਿਸਾਨ ਯੂਨੀਅਨ ਮਾਲਵਾ ਦੇ ਸੂਬਾ ਕਮੇਟੀ ਮੈਂਬਰ ਜਗਜੀਤ ਸਿੰਘ ਜੱਗਾ ਨੇ ਦੱਸਿਆ ਕਿ ਪਿਛਲੇ ਸਾਢੇ ਤਿੰਨ ਮਹੀਨਿਆਂ ਤੋਂ ਨਗਰ ਵਾਸੀ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਹਨ। ਲੋਕਾਂ ਨੇ ਧੀਰਜ ਨਾਲ ਇਹ ਸਮਾਂ ਕੱਟਿਆ, ਪਰ ਹਾਲਾਤ ਅਜੇ ਵੀ ਪੂਰੀ ਤਰ੍ਹਾਂ ਨਹੀਂ ਸੁਧਰੇ। ਭਾਵੇਂ ਠੇਕੇਦਾਰ ਵੱਲੋਂ ਕੁਝ ਇਲਾਕਿਆਂ ਵਿੱਚ ਪਾਣੀ ਦੀ ਸਪਲਾਈ ਬਹਾਲ ਕਰ ਦਿੱਤੀ ਗਈ ਹੈ, ਪਰ ਵਾਰਡ ਨੰਬਰ 4 ਸਮੇਤ ਕਈ ਖੇਤਰ ਅਜੇ ਵੀ ਪਾਣੀ ਦੀ ਉਡੀਕ ਕਰ ਰਹੇ ਹਨ। ਲੋਕਾਂ ਦਾ ਦੋਸ਼ ਹੈ ਕਿ ਕੁਝ ਥਾਵਾਂ 'ਤੇ ਠੇਕੇਦਾਰ ਦੀ ਅਣਗਹਿਲੀ ਕਾਰਨ ਸਮੱਸਿਆ ਜਿਉਂ ਦੀ ਤਿਉਂ ਬਣੀ ਹੋਈ ਹੈ। ਕਈ ਥਾਵਾਂ 'ਤੇ ਪਾਈਪਲਾਈਨਾਂ ਵਿਚ ਲੀਕੇਜ ਹੋਣ ਕਾਰਨ ਘਰਾਂ ਤੱਕ ਸਹੀ ਤਰੀਕੇ ਨਾਲ ਪਾਣੀ ਨਹੀਂ ਪਹੁੰਚ ਰਿਹਾ। ਇਸ ਮਸਲੇ ਸਬੰਧੀ ਅੱਜ ਕਿਸਾਨ ਯੂਨੀਅਨ ਮਾਲਵਾ ਦੇ ਸੂਬਾ ਕਮੇਟੀ ਮੈਂਬਰ ਜਗਜੀਤ ਸਿੰਘ ਜੱਗਾ ਦੀ ਅਗਵਾਈ ਹੇਠ ਵਾਰਡ ਵਾਸੀ ਨਗਰ ਪੰਚਾਇਤ ਦਫ਼ਤਰ ਪਹੁੰਚੇ ਤੇ ਈ.ਓ ਨਗਰ ਪੰਚਾਇਤ ਕੋਟ ਸ਼ਮੀਰ ਦੇ ਨਾਮ ਮੰਗ ਪੱਤਰ ਸੌਂਪਿਆ।
ਜਗਜੀਤ ਸਿੰਘ ਜੱਗਾ ਨੇ ਦੱਸਿਆ ਕਿ ਕੋਟ ਸ਼ਮੀਰ ਤੋਂ ਨਸੀਬਪੁਰਾ ਜਾਣ ਵਾਲੀ ਸੜਕ ਉੱਪਰ ਸਥਿਤ ਰਾਹਗੀਰਾਂ ਲਈ ਬਣਾਈ ਗਈ ਪਾਣੀ ਦੀ ਟੈਂਕੀ ਨੂੰ ਲੰਬੇ ਸਮੇਂ ਤੱਕ ਪਾਣੀ ਦੀ ਸਪਲਾਈ ਨਾ ਮਿਲਣ ਕਾਰਨ ਤਰੇੜਾਂ ਪੈ ਗਈਆਂ ਹਨ। ਇਸ ਕਾਰਨ ਰਾਹਗੀਰਾਂ ਅਤੇ ਆਮ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਸਹੂਲਤ ਤੋਂ ਵਾਂਝੇ ਰਹਿਣਾ ਪੈ ਰਿਹਾ ਹੈ।ਉਨ੍ਹਾਂ ਮੰਗ ਕੀਤੀ ਕਿ ਪ੍ਰਭਾਵਿਤ ਇਲਾਕਿਆਂ ਵਿੱਚ ਜਲਦ ਤੋਂ ਜਲਦ ਪਾਣੀ ਦੀ ਸਪਲਾਈ ਬਹਾਲ ਕੀਤੀ ਜਾਵੇ, ਟੁੱਟੀਆਂ ਪਾਈਪਲਾਈਨਾਂ ਦੀ ਮੁਰੰਮਤ ਕਰਵਾਈ ਜਾਵੇ ਅਤੇ ਖਰਾਬ ਹੋ ਚੁੱਕੀ ਪਾਣੀ ਦੀ ਟੈਂਕੀ ਨੂੰ ਵੀ ਠੀਕ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ।ਇਸ ਮੌਕੇ ਸੁਖਪਾਲ ਸਿੰਘ, ਬਲਜੀਤ ਸਿੰਘ, ਮੰਗਜੀਤ ਸਿੰਘ, ਨਾਇਬ ਸਿੰਘ, ਗੁਰਵਿੰਦਰ ਸਿੰਘ, ਰਾਜ ਸਿੰਘ, ਸੁਰਜੀਤ ਸਿੰਘ, ਮਾਸ਼ਾ ਸਿੰਘ, ਹਰਜਿੰਦਰ ਸਿੰਘ ਅਤੇ ਮਨਜੀਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਹਾਜ਼ਰ ਸਨ।