ਜ਼ਿਲ੍ਹੇ ’ਚ 15 ਸਾਲਾਂ ਦੌਰਾਨ ਪਾਬੰਦੀਸ਼ੁਦਾ ਡੋਰ ਨਾਲ ਸਬੰਧਤ 141 ਕੇਸ ਦਰਜ
ਜ਼ਿਲ੍ਹੇ ਵਿਚ 15 ਸਾਲਾਂ ’ਚ ਪਾਬੰਦੀਸ਼ੁਦਾ ਚਾਈਨਾ ਡੋਰ ਨਾਲ ਸਬੰਧਤ 141 ਕੇਸ ਦਰਜ
Publish Date: Sun, 18 Jan 2026 04:50 PM (IST)
Updated Date: Mon, 19 Jan 2026 04:03 AM (IST)

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ ਪਾਬੰਦੀਸ਼ੁਦਾ ਚਾਈਨਾ ਡੋਰ, ਜਿਸਨੂੰ ਆਮ ਤੌਰ ’ਤੇ “ਮੌਤ ਦੀ ਡੋਰ” ਕਿਹਾ ਜਾਂਦਾ ਹੈ। ਜਿਸ ਕਾਰਨ ਹਰ ਸਾਲ ਪੰਜਾਬ ਵਿਚ ਸੈਂਕੜੇ ਲੋਕ ਜ਼ਖ਼ਮੀ ਹੁੰਦੇ ਹਨ ਅਤੇ ਕਈ ਲੋਕਾਂ ਦੀ ਮੌਤ ਹੋ ਜਾਂਦੀ ਹੈ। ਇਸ ਦੇ ਬਾਵਜੂਦ ਬਠਿੰਡਾ ਜ਼ਿਲ੍ਹੇ ’ਚ ਪਿਛਲੇ 15 ਸਾਲਾਂ ਦੌਰਾਨ ਇਸ ਗੈਰਕਾਨੂੰਨੀ ਡੋਰ ਖ਼ਿਲਾਫ ਸਿਰਫ਼ 141 ਮਾਮਲੇ ਦਰਜ ਕੀਤੇ ਹਨ, ਜੋ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਨੂੰ ਦਰਸਾਉਂਦਾ ਹੈ। ਆਰਟੀਆਈ ਰਾਹੀਂ ਮਿਲੀ ਜਾਣਕਾਰੀ ਅਨੁਸਾਰ ਇਸ ਡੋਰ ਨਾਲ ਨਾ ਸਿਰਫ਼ ਮਨੁੱਖ ਸਗੋਂ ਜਾਨਵਰ, ਪੰਛੀ ਵੀ ਜ਼ਖਮੀ ਹੋਏ ਹਨ, ਜਿਨ੍ਹਾਂ ਵਿੱਚੋਂ ਕਈਆਂ ਦੀ ਦਰਦਨਾਕ ਮੌਤ ਹੋਈ ਹੈ। ਸਰੀਰ ਦੇ ਵੱਖ-ਵੱਖ ਹਿੱਸਿਆਂ ਗਰਦਨ, ਹੱਥ, ਬਾਹਾਂ, ਕੰਨ, ਅੱਖਾਂ, ਨੱਕ ਤੇ ਉਂਗਲਾਂ ਆਦਿ ਵਿਚ ਡੂੰਘੇ ਕੱਟ ਲੱਗਣ ਦੀਆਂ ਘਟਨਾਵਾਂ ਅਕਸਰ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਖੁੱਲ੍ਹੇ ਅਸਮਾਨ ਵਿਚ ਉੱਡਦੇ ਪੰਛੀ ਇਸ ਡੋਰ ਵਿਚ ਫਸ ਜਾਂਦੇ ਹਨ ਤੇ ਤੜਫ-ਤੜਫ ਕੇ ਮਰ ਜਾਂਦੇ ਹਨ। 31 ਅਕਤੂਬਰ, 2025 ਨੂੰ ਸੂਚਨਾ ਅਧਿਕਾਰ ਐਕਟ 2005 ਤਹਿਤ ਬਠਿੰਡਾ ਦੇ ਸੀਨੀਅਰ ਸੁਪਰਡੈਂਟ ਆਫ਼ ਪੁਲਿਸ ਦੇ ਦਫ਼ਤਰ ਵਿਖੇ ਦਾਇਰ ਕੀਤੀ ਗਈ ਇਕ ਆਰਟੀਆਈ ਅਰਜ਼ੀ ਦੇ ਜਵਾਬ ਵਿਚ ਪੁਲਿਸ ਨੇ 18 ਦਸੰਬਰ, 2025 ਨੂੰ ਜਾਣਕਾਰੀ ਪ੍ਰਦਾਨ ਕੀਤੀ, ਜੋ ਜਨਵਰੀ 2026 ਵਿਚ ਪ੍ਰਾਪਤ ਹੋਈ ਸੀ। ਇਸ ਜਾਣਕਾਰੀ ਅਨੁਸਾਰ, 2011 ਤੋਂ 16 ਨਵੰਬਰ, 2025 ਤਕ ਬਠਿੰਡਾ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ਵਿਚ ਪਾਬੰਦੀਸ਼ੁਦਾ ਚਾਈਨਾ ਡੋਰ ਨਾਲ ਸਬੰਧਤ ਕੁੱਲ 141 ਐੱਫਆਈਆਰ ਦਰਜ ਕੀਤੀਆਂ ਗਈਆਂ ਸਨ। ਅੰਕੜਿਆਂ ਅਨੁਸਾਰ, ਸਭ ਤੋਂ ਵੱਧ 19 ਐੱਫਆਈਆਰ 2013 ਵਿਚ ਦਰਜ ਕੀਤੀਆਂ ਗਈਆਂ ਸਨ। ਇਸ ਤੋਂ ਬਾਅਦ 2015 ਅਤੇ 2025 ਵਿਚ 18-18 ਕੇਸ, 2022 ਵਿਚ 16 ਕੇਸ ਤੇ 2023 ਵਿਚ 13 ਕੇਸ ਦਰਜ ਕੀਤੇ ਗਏ ਸਨ। ਇਹ ਔਸਤਨ ਪ੍ਰਤੀ ਸਾਲ ਸਿਰਫ਼ 9.4 ਕੇਸ ਹੈ, ਜੋ ਕਿ ਇਸ ਜਾਨਲੇਵਾ ਡੋਰ ਦੀ ਵਿਆਪਕ ਵਿਕਰੀ ਅਤੇ ਵਰਤੋਂ ਨੂੰ ਰੋਕਣ ਲਈ ਨਾਕਾਫ਼ੀ ਮੰਨਿਆ ਜਾਂਦਾ ਹੈ। ਰਿਪੋਰਟਾਂ ਅਨੁਸਾਰ, 2020 ਤੋਂ ਪਹਿਲਾਂ, ਭਾਰਤੀ ਦੰਡ ਸੰਹਿਤਾ (IPC) ਦੀ ਧਾਰਾ 188 ਦੇ ਤਹਿਤ ਮਾਮਲੇ ਦਰਜ ਕੀਤੇ ਗਏ ਸਨ, ਪਰ ਬਾਅਦ ਵਿਚ ਵਾਤਾਵਰਣ ਸੁਰੱਖਿਆ ਐਕਟ 1986 ਸਮੇਤ ਹੋਰ ਧਾਰਾਵਾਂ ਵੀ ਜੋੜੀਆਂ ਗਈਆ। ਪ੍ਰਸ਼ਾਸਨ ਨੇ ਸਮੇਂ-ਸਮੇਂ ਤੇ ਪਾਬੰਦੀਸ਼ੁਦਾ ਡੋਰ ਦੀ ਵਿਕਰੀ ਅਤੇ ਖਰੀਦ ਤੇ ਪਾਬੰਦੀ ਲਗਾਉਣ ਦਾ ਦਾਅਵਾ ਕਰਦੇ ਹੋਏ ਆਦੇਸ਼ ਅਤੇ ਨੋਟੀਫਿਕੇਸ਼ਨ ਜਾਰੀ ਕੀਤੇ ਹਨ, ਪਰ ਇਸ ਪਾਬੰਦੀ ਨੂੰ ਜ਼ਮੀਨੀ ਪੱਧਰ ਤੇ ਪੂਰੀ ਤਰ੍ਹਾਂ ਲਾਗੂ ਨਹੀਂ ਕੀਤਾ ਗਿਆ ਹੈ। ਮੁਨਾਫ਼ੇ ਦੇ ਲਾਲਚ ਤੋਂ ਪ੍ਰੇਰਿਤ ਕੁਝ ਦੁਕਾਨਦਾਰ ਅਤੇ ਵਿਅਕਤੀ ਗੁਪਤ ਰੂਪ ਵਿਚ ਇਸ ਘਾਤਕ ਡੋਰ ਨੂੰ ਵੇਚਦੇ ਰਹਿੰਦੇ ਹਨ। ਆਰ.ਟੀ.ਆਈ. ਕਾਰਕੁਨ ਸੰਜੀਵ ਗੋਇਲ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਬਸੰਤ ਪੰਚਮੀ ਮਨਾਈ ਜਾਵੇ, ਪਤੰਗਬਾਜ਼ੀ ਦਾ ਆਨੰਦ ਲਿਆ ਜਾਵੇ, ਪ੍ਰੰਤੂ ਪਾਬੰਦੀਸ਼ੁਦਾ ਚਾਈਨਾ ਡੋਰ ਦਾ ਪੂਰਨ ਤੌਰ ’ਤੇ ਬਾਇਕਾਟ ਕਰੋ। ਸਾਧਾਰਣ ਅਤੇ ਸੁਰੱਖਿਅਤ ਡੋਰ ਦੀ ਵਰਤੋਂ ਨਾਲ ਨਾ ਸਿਰਫ਼ ਆਪਣੀ, ਬਲਕਿ ਹੋਰਾਂ, ਪਸ਼ੂਆਂ ਅਤੇ ਪੰਛੀਆਂ ਦੀ ਜਾਨ ਵੀ ਬਚਾਈ ਜਾ ਸਕਦੀ ਹੈ। ਕੁਝ ਘੰਟਿਆਂ ਦੇ ਸ਼ੌਂਕ ਲਈ ਕਿਸੇ ਦੀ ਜ਼ਿੰਦਗੀ ਨਾਲ ਖਿਲਵाੜ ਕਰਨਾ ਕਿਸੇ ਵੀ ਹਾਲਤ ਵਿਚ ਠੀਕ ਨਹੀਂ। -ਬਾਕਸ- 15 ਸਾਲ ਦੌਰਾਨ ਦਰਜ ਹੋਈਆਂ ਐੱਫਆਈਆਰਜ਼ 2011 – 0 2012 – 1 2013 – 19 2014 – 10 2015 – 18 2016 – 9 2017 – 9 2018 – 10 2019 – 3 2020 – 8 2021 – 1 2022 – 16 2023 – 13 2024 – 6 2025 (16 ਨਵੰਬਰ ਤਕ) 18 ਕੁੱਲ : 15 ਸਾਲਾਂ ’ਚ 141 ਐਫਆਈਆਰਜ਼•।