ਡੇਰੇ ’ਤੇ ਸ਼ੈਲਰ ’ਚ ਚੋਰੀ, ਮੋਬਾਈਲ ਖੋਹਣ ਵਾਲੇ ਨਾਮਜ਼ਦ
ਡੇਰੇ ਤੇ ਸ਼ੈਲਰ ’ਚ ਚੋਰੀ, ਮੋਬਾਇਲ ਖੋਹਣ ਵਾਲੇ ਨਾਮਜ਼ਦ
Publish Date: Sun, 29 Mar 2026 04:45 PM (IST)
Updated Date: Mon, 30 Mar 2026 04:03 AM (IST)

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਜ਼ਿਲ੍ਹੇ ’ਚ ਚੋਰੀਆਂ ਤੇ ਝਪਟਮਾਰੀ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਅਣਪਛਾਤੇ ਚੋਰਾਂ ਨੇ ਜ਼ਿਲ੍ਹੇ ਦੇ ਇਕ ਡੇਰੇ ’ਚ ਦਾਖ਼ਲ ਹੋ ਕੇ ਗੋਲਕ ਵਿੱਚੋਂ ਹਜ਼ਾਰਾਂ ਦੀ ਨਕਦੀ ਚੋਰੀ ਕਰ ਲਈ, ਜਦਕਿ ਤਲਵੰਡੀ ਸਾਬੋ ਸਥਿਤ ਇਕ ਸ਼ੈਲਰ ’ਚੋਂ 175 ਕੁਇਟੰਲ ਚੌਲ ਚੋਰੀ ਕਰਕੇ ਫਰਾਰ ਹੋ ਗਏ। ਦੋਵੇਂ ਘਟਨਾਵਾਂ ਵਿਚ ਸਬੰਧਤ ਥਾਣਿਆਂ ਦੀ ਪੁਲਿਸ ਨੇ ਅਣਪਛਾਤੇ ਚੋਰਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਇਸੇ ਦੌਰਾਨ ਰਾਮਪੁਰਾ ਮੰਡੀ ਵਿਚ ਦੋ ਝਪਟਮਾਰ ਇਕ ਵਿਅਕਤੀ ਤੋਂ ਮੋਬਾਈਲ ਫੋਨ ਖੋਹ ਕੇ ਫਰਾਰ ਹੋ ਗਏ। ਪੁਲਿਸ ਨੇ ਦੋਹਾਂ ਝਪਟਮਾਰਾਂ ਨੂੰ ਨਾਮਜ਼ਦ ਕਰ ਕੇ ਉਨ੍ਹਾਂ ਖਿਲਾਫ਼ ਮਾਮਲਾ ਦਰਜ ਕਰ ਦਿੱਤਾ ਹੈ ਅਤੇ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਥਾਣਾ ਫੂਲ ਪੁਲਿਸ ਨੂੰ ਦਰਜ ਕਰਵਾਏ ਬਿਆਨਾਂ ਵਿਚ ਬਿਸਨਦਾਸ ਵਾਸੀ ਪਿੰਡ ਢਿਪਾਲੀ ਨੇ ਦੱਸਿਆ ਕਿ 27-28 ਮਾਰਚ ਦੀ ਦਰਮਿਆਨੀ ਰਾਤ ਨੂੰ ਅਣਪਛਾਤੇ ਚੋਰਾਂ ਨੇ ਡੇਰਾ ਬਾਬਾ ਧਿਆਨਦਾਸ ਵਿਚ ਦਾਖ਼ਲ ਹੋ ਕੇ ਗੋਲਕ ਤੋਂ ਲਗਭਗ 12 ਹਜ਼ਾਰ ਰੁਪਏ ਨਕਦੀ ਅਤੇ ਇਕ ਸਕੂਟਰੀ ਚੋਰੀ ਕਰ ਲਈ। ਪੁਲਿਸ ਨੇ ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸੇ ਤਰ੍ਹਾਂ ਥਾਣਾ ਤਲਵੰਡੀ ਸਾਬੋ ਪੁਲਿਸ ਨੂੰ ਦਰਜ ਕਰਵਾਏ ਬਿਆਨਾਂ ਵਿਚ ਸਤਪਾਲ ਸਿੰਗਲਾ ਵਾਸੀ ਰਾਮਾਂ ਮੰਡੀ ਨੇ ਦੱਸਿਆ ਕਿ 18 ਫ਼ਰਵਰੀ ਦੀ ਰਾਤ ਨੂੰ ਅਣਪਛਾਤੇ ਚੋਰਾਂ ਨੇ ਉਸਦੇ ਸ਼ੈਲੀ ਮਾਹੀਨੰਗਲ ਇੰਡਸਟ੍ਰੀਜ਼ ਦੇ ਗੋਦਾਮ ਦਾ ਤਾਲਾ ਤੋੜ ਕੇ ਲਗਭਗ 175 ਕੁਇੰਟਲ ਬਾਸਮਤੀ ਚੌਲ ਚੋਰੀ ਕਰ ਲਏ। ਜਿਸ ਦੀ ਕੀਮਤ ਲਗਭਗ 1 ਲੱਖ 15 ਹਜ਼ਾਰ ਰੁਪਏ ਦੱਸੀ ਗਈ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਇਲਾਵਾ ਥਾਣਾ ਸਿਟੀ ਰਾਮਪੁਰਾ ਪੁਲਿਸ ਨੂੰ ਦਰਜ ਕਰਵਾਏ ਬਿਆਨਾਂ ਵਿਚ ਰਾਜਨ ਵਾਸੀ ਭਗਤ ਸਿੰਘ ਕਾਲੋਨੀ, ਰਾਮਪੁਰਾ ਮੰਡੀ ਨੇ ਦੱਸਿਆ ਕਿ 28 ਮਾਰਚ ਨੂੰ ਗੁਰਮੁਖ ਸਿੰਘ ਤੇ ਮਹਕਦੀਪ ਸਿੰਘ ਪਿੰਡ ਲਹਿਰਾ ਮੁਹੱਬਤ ਨੇ ਉਸ ਤੋਂ ਮੋਬਾਈਲ ਫੋਨ ਖੋਹ ਲਿਆ ਅਤੇ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਨੇ ਦੋਹਾਂ ਝਪਟਮਾਰਾਂ ਖਿਲਾਫ਼ ਮਾਮਲਾ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ।