ਡੇਅਰੀ ਕਿੱਤੇ ਸਬੰਧੀ ਐੱਸਸੀ ਕੈਟੇਗਰੀ ਲਈ ਚੱਲੇਗਾ ਸਪੈਸ਼ਲ ਬੈਚ
ਡੇਅਰੀ ਕਿੱਤੇ ਸਬੰਧੀ ਐਸਸੀ ਕੈਟਾਗਰੀ ਲਈ ਚਲਾਇਆ ਜਾਵੇਗਾ ਸਪੈਸ਼ਲ ਬੈਚ
Publish Date: Sat, 21 Feb 2026 05:04 PM (IST)
Updated Date: Sun, 22 Feb 2026 04:04 AM (IST)

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਪਸ਼ੂ ਪਾਲਣ, ਮੱਛੀ ਪਾਲਣ ਤੇ ਡੇਅਰੀ ਵਿਕਾਸ ਵਿਭਾਗ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡਿਆਂ ਦੇ ਦਿਸ਼ਾ-ਨਿਰਦੇਸ਼ਾਂ ’ਤੇ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਪੰਜਾਬ ਵਰਿਆਮ ਸਿੰਘ ਗਿੱਲ ਦੀ ਅਗਵਾਈ ਹੇਠ ਡੇਅਰੀ ਵਿਕਾਸ ਵਿਭਾਗ/ ਪੰਜਾਬ ਡੇਅਰੀ ਵਿਕਾਸ ਬੋਰਡ ਵੱਲੋਂ ਅਨੁਸੂਚਿਤ ਜਾਤੀ (ਐੱਸਸੀ) ਲਾਭਪਾਤਰੀਆਂ ਲਈ 4 ਹਫਤਿਆਂ ਦੀ ਡੇਅਰੀ ਸਿਖਲਾਈ ਦਾ ਵਿਸ਼ੇਸ਼ ਬੈਚ 23 ਫ਼ਰਵਰੀ ਤੋਂ ਡੇਅਰੀ ਸਿਖਲਾਈ ਤੇ ਵਿਸਥਾਰ ਕੇਂਦਰ, ਸਰਦੂਲਗੜ੍ਹ ਵਿਖੇ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਸਬੰਧੀ ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਗੁਰਵਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਸਿਖਲਾਈ ਸਕੀਮ ਤਹਿਤ ਕੇਵਲ ਉਹ ਵਿਅਕਤੀ ਯੋਗ ਹੋਣਗੇ ਜੋ ਅਨੁਸੂਚਿਤ ਜਾਤੀ ਨਾਲ ਸਬੰਧਿਤ ਹੋਣ, ਉਮਰ 18 ਤੋਂ 50 ਸਾਲ ਦੇ ਦਰਮਿਆਨ ਹੋਵੇ, ਦਿਹਾਤੀ ਖੇਤਰ ਦੇ ਨਿਵਾਸੀ ਹੋਣ ਅਤੇ ਘੱਟੋ-ਘੱਟ ਦਸਵੀਂ ਪਾਸ ਹੋਣ। ਸਿਖਿਆਰਥੀਆਂ ਲਈ ਚਾਹ-ਪਾਣੀ ਦਾ ਪ੍ਰਬੰਧ ਵੀ ਕੀਤਾ ਜਾਵੇਗਾ। ਟ੍ਰੇਨਿੰਗ ਪ੍ਰਾਪਤ ਕਰਨ ਲਈ ਸਿਖਿਆਰਥੀ ਵੱਲੋਂ 4000 ਰੁਪਏ ਫੀਸ ਜਮ੍ਹਾ ਕਰਵਾਈ ਜਾਵੇਗੀ, ਜੋ ਟ੍ਰੇਨਿੰਗ ਸਫਲਤਾਪੂਰਵਕ ਪੂਰੀ ਕਰਨ ਉਪਰੰਤ ਵਾਪਸ ਕੀਤੀ ਜਾਵੇਗੀ। ਇਸ ਸਿਖਲਾਈ ਦੌਰਾਨ ਸਿਖਿਆਰਥੀਆਂ ਨੂੰ 2 ਤੋਂ 10 ਦੁਧਾਰੂ ਪਸ਼ੂ ਰੱਖ ਕੇ ਡੇਅਰੀ ਯੂਨਿਟ ਸਥਾਪਿਤ ਕਰਨ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਦੁੱਧ ਤੇ ਦੁੱਧ ਉਤਪਾਦ ਤਿਆਰ ਕਰ ਕੇ ਉਨ੍ਹਾਂ ਦੀ ਮਾਰਕੀਟਿੰਗ, ਪਸ਼ੂਆਂ ਨੂੰ ਮੁੱਢਲੀ ਸਹਾਇਤਾ, ਗਰਭਧਾਰਣ ਪ੍ਰਬੰਧਨ ਅਤੇ ਨਸਲ ਸੁਧਾਰ ਸਬੰਧੀ ਤਕਨੀਕੀ ਸਿਖਲਾਈ ਵੀ ਦਿੱਤੀ ਜਾਵੇਗੀ। ਡਿਪਟੀ ਡਾਇਰੈਕਟਰ ਨੇ ਅਨੁਸੂਚਿਤ ਜਾਤੀ ਨਾਲ ਸਬੰਧਿਤ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਕੋਰਸ ਦਾ ਪੂਰਾ ਲਾਭ ਚੁੱਕਣ। ਇੱਛੁਕ ਵਿਅਕਤੀ ਦਫ਼ਤਰ ਡਿਪਟੀ ਡਾਇਰੈਕਟਰ ਡੇਅਰੀ ਵਿਕਾਸ, ਕਮਰਾ ਨੰਬਰ 302-ਈ, ਦੂਸਰੀ ਮੰਜਿਲ, ਬਠਿੰਡਾ ਵਿਖੇ ਅਰਜ਼ੀ ਫਾਰਮ ਭਰ ਸਕਦੇ ਹਨ ਜਾਂ ਵਧੇਰੇ ਜਾਣਕਾਰੀ ਲਈ ਵਿਭਾਗ ਦੇ ਸੰਪਰਕ ਨੰਬਰ 99148-01227 ‘ਤੇ ਸੰਪਰਕ ਕਰ ਸਕਦੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਸਫਲਤਾਪੂਰਵਕ ਟ੍ਰੇਨਿੰਗ ਪੂਰੀ ਕਰਨ ਵਾਲੇ ਸਿਖਿਆਰਥੀ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਹੂਲਤਾਂ ਤੇ ਸਬਸਿਡੀਆਂ ਦਾ ਲਾਭ ਵੀ ਲੈ ਸਕਦੇ ਹਨ।