ਕੰਪਿਊਟਰ ਅਧਿਆਪਕ 26 ਨੂੰ ਵਿੱਤ ਮੰਤਰੀ ਦਾ ਕਰਨਗੇ ਘਿਰਾਓ
ਕੰਪਿਊਟਰ ਅਧਿਆਪਕ 26 ਜਨਵਰੀ ਨੂੰ ਵਿੱਤ ਮੰਤਰੀ ਦਾ ਕਾਲੀਆਂ ਝੰਡੀਆਂ ਨਾਲ ਕਰਨਗੇ ਘਿਰਾਓ
Publish Date: Wed, 21 Jan 2026 05:13 PM (IST)
Updated Date: Thu, 22 Jan 2026 04:04 AM (IST)
ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ
ਕੰਪਿਊਟਰ ਅਧਿਆਪਕ ਸੰਘਰਸ਼ ਕਮੇਟੀ ਜ਼ਿਲ੍ਹਾ ਬਠਿੰਡਾ ਦੀ ਇਕ ਅਹਿਮ ਮੀਟਿੰਗ ਟੀਚਰ ਹੋਮ ਬਠਿੰਡਾ ਵਿਖੇ ਕੀਤੀ ਗਈ। ਜਿਸ ਵਿਚ ਜ਼ਿਲ੍ਹਾ ਬਠਿੰਡਾ ਦੇ ਜੁਝਾਰੂ ਸਾਥੀਆਂ ਤੇ ਕਮੇਟੀ ਮੈਂਬਰਾਂ ਨੇ ਭਾਗ ਲਿਆ ਅਤੇ ਸਰਕਾਰ ਦੇ ਕੰਪਿਊਟਰ ਅਧਿਆਪਕਾਂ ਪ੍ਰਤੀ ਬੇਰੁੱਖੀ ਦੇ ਚਲਦਿਆਂ ਅਗਲੇ ਸੰਘਰਸ਼ ਦੀ ਰੂਪ ਰੇਖਾ ਤਿਆਰ ਕੀਤੀ ਗਈ। ਮੀਟਿੰਗ ਵਿਚ ਵੱਖ-ਵੱਖ ਆਗੂਆਂ ਵੱਲੋਂ ਦੱਸਿਆ ਕਿ ਆਪ ਸਰਕਾਰ ਦੇ ਸੱਤਾ ਵਿਚ ਆਉਂਦਿਆਂ ਹੀ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ 15 ਸਤੰਬਰ 2022 ਨੂੰ ਦੀਵਾਲੀ ਮੌਕੇ ਪੰਜਾਬ ਦੇ ਕੰਪਿਊਟਰ ਅਧਿਆਪਕਾਂ ਉੱਤੇ 6ਵਾਂ ਪੇਅ ਕਮਿਸ਼ਨ ਤੇ ਸੀਐੱਸਆਰ ਰੂਲਜ਼ ਲਾਗੂ ਕਰਨ ਦਾ ਐਲਾਨ ਕੀਤਾ ਗਿਆ ਸੀ। ਇਹ ਸਰਕਾਰੀ ਵਾਅਦਾ ਹੁਣ ਤਕ ਲਗਭਗ ਸਾਢੇ ਤਿੰਨ ਸਾਲ ਬਾਅਦ ਵੀ ਅਧੂਰਾ ਹੈ, ਜਿਸ ਕਰਕੇ ਬਠਿੰਡਾ ਦੇ ਸਮੂਹ ਕੰਪਿਊਟਰ ਅਧਿਆਪਕਾਂ ਵੱਲੋਂ 26 ਜਨਵਰੀ ਨੂੰ ਬਠਿੰਡਾ ਵਿਖੇ ਵਿੱਤ ਮੰਤਰੀ ਹਰਪਾਲ ਚੀਮਾ ਦਾ ਕੰਪਿਊਟਰ ਅਧਿਆਪਕਾਂ ਦੀ ਸਰਕਾਰ ਪ੍ਰਤੀ ਬੇਰੁੱਖੀ ਦੇ ਚਲਦਿਆਂ ਘਿਰਾਓ ਕੀਤਾ ਜਾਵੇਗਾ।
ਪੰਜਾਬ ਸਰਕਾਰ ਵੱਲੋਂ ਨਾ ਤਾਂ ਅੱਜ ਤਕ ਛੇਵਾਂ ਪੇਅ ਕਮਿਸ਼ਨ ਲਾਗੂ ਕੀਤਾ ਗਿਆ ਹੈ ਤੇ ਨਾ ਹੀ ਨਿਯਮਾਂ ਅਧੀਨ ਪੰਜਵੇ ਪੇਅ ਕਮਿਸ਼ਨ ਤਹਿਤ ਬਣਦਾ ਪੂਰਾ ਅਣਰਿਵਾਈਜ਼ਡ ਡੀਏ ਲਾਗੂ ਕੀਤਾ ਗਿਆ ਹੈ ਤੇ ਨਾ ਹੀ ਅਜੇ ਤੱਕ ਡੈਥ ਕੇਸਾਂ ਸਬੰਧੀ ਕੋਈ ਯੋਗ ਪਾਲਿਸੀ ਬਣਾਈ ਗਈ ਹੈ ਜੋ ਕਿ ਬਹੁਤ ਹੀ ਮੰਦਭਾਗੀ ਗੱਲ ਹੈ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਕੰਪਿਊਟਰ ਅਧਿਆਪਕ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਆਗੂ ਗੁਰਬਖਸ਼ ਲਾਲ, ਜੋਨੀ ਸਿੰਗਲਾ, ਜ਼ਿਲ੍ਹਾ ਕਨਵੀਨਰ ਸ਼ੈਫੀ ਗੋਇਲ ਅਤੇ ਜ਼ਿਲ੍ਹਾ ਕਮੇਟੀ ਮੈਬਰ ਸਾਹਿਬਾਨ ਸੁਮਿਤ ਗੋਇਲ, ਹਰਜੀਵਨ ਕੁਮਾਰ, ਅੰਸ਼ੁਮਨ ਕਾਂਸਲ, ਕਮਲਜੀਤ ਸਿੰਘ, ਨਵਪ੍ਰੀਤ ਸਿੰਘ, ਸੁਮਨਜੀਤ ਬਰਾੜ, ਰਾਜਿੰਦਰ ਕੁਮਾਰ, ਉਮੇਸ਼ ਬਾਂਸਲ ਆਦਿ ਆਗੂਆਂ ਨੇ ਦੱਸਿਆ ਕਿ ਵਿੱਤ ਵਿਭਾਗ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀਆ ਨਾਲ ਅਣਗਿਣਤ ਮੀਟਿੰਗਾਂ ਹੋ ਚੁੱਕੀਆਂ ਹਨ, ਜਿਸ ਦਾ ਹੁਣ ਤਕ ਕੋਈ ਵੀ ਸਿੱਟਾ ਨਹੀਂ ਨਿਕਲਿਆ ਹੈ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਮਜਬੂਰਨ ਹੁਣ ਉਨ੍ਹਾਂ ਵੱਲੋਂ ਸਰਕਾਰ ਨੂੰ ਵੱਖਰੇ ਵੱਖਰੇ ਪਲੇਟਫਾਰਮਾਂ ’ਤੇ ਘਿਰਾਓ ਕੀਤਾ ਜਾਵੇਗਾ। ਇਸੇ ਤਹਿਤ ਬਠਿੰਡਾ ਵਿਖੇ ਵਿੱਤ ਮੰਤਰੀ ਹਰਪਾਲ ਚੀਮਾ ਦਾ ਘਿਰਾਓ ਕੀਤਾ ਜਾਵੇਗਾ ਤੇ ਉਨ੍ਹਾਂ ਨੂੰ ਸਰਕਾਰ ਵੱਲੋਂ ਕੀਤਾ ਗਿਆ। 15 ਸਤੰਬਰ 2022 ਅਤੇ ਚੋਣ ਮੈਨੀਫੈਸਟੋ ਵਿਚ ਕੀਤਾ ਵਾਅਦਾ ਯਾਦ ਕਰਵਾਇਆ ਜਾਵੇਗਾ।