ਭਾਕਿਯੂ ਡਕੌਂਦਾ ਵੱਲੋਂ ਵਿਧਾਇਕ ਦੀ ਕੋਠੀ ਅੱਗੇ ਰੋਸ ਧਰਨਾ
ਭਾਕਿਯੂ ਡਕੌਂਦਾ ਨੇ ਵਿਧਾਇਕ ਦੀ ਕੋਠੀ ‘ਤੇ ਰੋਸ ਧਰਨਾ ਦਿੱਤਾ
Publish Date: Sun, 22 Feb 2026 04:40 PM (IST)
Updated Date: Mon, 23 Feb 2026 04:04 AM (IST)

ਸੀਨੀਅਰ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਜ਼ਿਲ੍ਹਾ ਬਠਿੰਡਾ ਦੇ ਬਲਾਕ ਫੂਲ ਵੱਲੋਂ ਆਪ ਪਾਰਟੀ ਦੇ ਵਿਧਾਇਕ ਬਲਕਾਰ ਸਿੰਘ ਸਿੱਧੂ ਦੀ ਕੋਠੀ ਅੱਗੇ ਰੋਸ ਧਰਨਾ ਦਿੱਤਾ ਗਿਆ। ਧਰਨੇ ਦੀ ਅਗਵਾਈ ਬਲਾਕ ਫੂਲ ਦੇ ਪ੍ਰਧਾਨ ਗੱਗੀ ਧਾਲੀਵਾਲ ਨੇ ਕੀਤੀ। ਧਰਨੇ ਦੌਰਾਨ ਗੱਗੀ ਧਾਲੀਵਾਲ ਨੇ ਕਿਹਾ ਕਿ ਆਲੂਆਂ ਦੀ ਫ਼ਸਲ ਦਾ 12 ਰੁਪਏ ਪ੍ਰਤੀ ਕਿੱਲੋ ਕੰਟਰੈਕਟ ਕਰਕੇ ਕੰਪਨੀਆਂ ਕਿਸਾਨਾਂ ਨੂੰ ਘੱਟ ਭਾਅ ਦੇ ਰਹੀਆਂ ਹਨ ਤੇ ਇਸ ਤਰ੍ਹਾਂ ਉਨ੍ਹਾਂ ਨਾਲ ਠੱਗੀ ਮਾਰੀ ਜਾ ਰਹੀ ਹੈ। ਉਨ੍ਹਾਂ ਨੇ ਮੰਗ ਕੀਤੀ ਕਿ ਇਸ ਤਰ੍ਹਾਂ ਕੰਟਰੈਕਟ ਖੇਤੀ ਕਰਨ ਵਾਲੀਆਂ ਕੰਪਨੀਆਂ ਖ਼ਿਲਾਫ ਸਖਤ ਕਾਰਵਾਈ ਕੀਤੀ ਜਾਵੇ। ਆਗੂਆਂ ਨੇ ਦੱਸਿਆ ਕਿ ਕਿਸਾਨ ਵਿਰੋਧੀ ਟਰੇਡ ਸਮਝੌਤੇ, ਖੇਤੀ ਅਤੇ ਸਹਾਇਕ ਧੰਦਿਆਂ ਨੂੰ ਅਮਰੀਕਾ ਨਾਲ ਜੋੜ ਕੇ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕੇਂਦਰੀ ਵਣਜ ਮੰਤਰੀ ਪਿਯੂਸ਼ ਗੋਇਲ ਨੂੰ ਮੰਤਰੀ ਮੰਡਲ ਵਿੱਚੋਂ ਬਰਖਾਸਤ ਕਰਨ ਅਤੇ ਰਾਸ਼ਟਰਪਤੀ ਨੂੰ ਪ੍ਰਧਾਨ ਮੰਤਰੀ ਨੂੰ ਇਸ ਸਮਝੌਤੇ ‘ਤੇ ਦਸਤਖ਼ਤ ਨਾ ਕਰਨ ਲਈ ਅਪੀਲ ਕੀਤੀ। ਉਨ੍ਹਾਂ ਨੇ ਇਹ ਵੀ ਸ਼ਿਕਾਇਤ ਕੀਤੀ ਕਿ ਮੌਸਮੀ ਤਬਦੀਲੀਆਂ, ਹੜ੍ਹ ਅਤੇ ਹੋਰ ਕਾਰਨਾਂ ਕਰਕੇ ਫਸਲਾਂ ਘੱਟ ਰਹੀਆਂ ਹਨ ਅਤੇ ਕਰਜ਼ੇ ਦੀ ਸਥਿਤੀ ਦਿਨੋਂ ਦਿਨ ਗੰਭੀਰ ਹੁੰਦੀ ਜਾ ਰਹੀ ਹੈ। ਉਨ੍ਹਾਂ ਨੇ ਕੇਂਦਰ ਅਤੇ ਪੰਜਾਬ ਸਰਕਾਰ ‘ਤੇ ਚੁੱਪ ਰਹਿਣ ਦਾ ਆਲੋਚਨਾਤਮਕ ਟਿੱਪਣੀ ਕੀਤੀ। ਧਰਨੇ ਵਿਚ ਬੂਟਾ ਸਿੰਘ ਬੁਰਜ ਗਿੱਲ, ਜ਼ਿਲ੍ਹਾ ਮੀਤ ਪ੍ਰਧਾਨ ਬੂਟਾ ਸਿੰਘ ਤੁੰਗਵਾਲੀ, ਸਰਬਜੀਤ ਸਿੰਘ ਤੁੰਗਵਾਲੀ (ਪ੍ਰੈੱਸ ਸਕੱਤਰ), ਬਲਾਕ ਨਥਾਣਾ ਦੇ ਪਾਲ ਸਿੰਘ (ਖਜ਼ਾਨਚੀ) ਆਦਿ ਹਾਜ਼ਰ ਸਨ। ਧਰਨੇ ਵਿਚ ਕਿਸਾਨਾਂ ਨੇ ਬਿਜਲੀ ਬਿੱਲ, ਬੀਜ ਬਿੱਲ, ਲੇਬਰ ਕੋਡ, ਜੀ ਰਾਮ ਜੀ ਯੋਜਨਾ ਰੱਦ ਕਰਨ ਅਤੇ ਹੜ੍ਹ ਨਾਲ ਹੋਏ ਨੁਕਸਾਨ ਦਾ ਮੁਆਵਜ਼ਾ ਤੁਰੰਤ ਜਾਰੀ ਕਰਨ ਦੀ ਵੀ ਜ਼ੋਰਦਾਰ ਮੰਗ ਕੀਤੀ।