- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਰਜਿੰਦਰ ਬਰਾੜ ਦੀ ਪੁਸਤਕ ਦਾ ਰਲੀਜ਼ ਸਮਾਗਮ ਹੋਇਆ

ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ
ਟੀਚਰਜ਼ ਹੋਮ ਬਠਿੰਡਾ ਵਿਖੇ ਬਰਜਿੰਦਰ ਸਿੰਘ ਬਰਾੜ ਦੀ ਪੁਸਤਕ ਪੰਜਾਬ ਸਟੂਡੈਂਟਸ ਯੂਨੀਅਨ ਤੇ ਮੇਰਾ ਜੀਵਨ ਸਫ਼ਰਨਾਮਾ ਦਾ ਰਿਲੀਜ਼ ਸਮਾਗਮ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਪ੍ਰਿੰਸੀਪਲ ਬੱਗਾ ਸਿੰਘ ਨੇ ਕੀਤੀ। ਪ੍ਰਧਾਨਗੀ ਮੰਡਲ ਵਿੱਚ ਸਰਵ ਬਰਜਿੰਦਰ ਸਿੰਘ ਬਰਾੜ, ਜਸਵਿੰਦਰ ਸਿੰਘ, ਕਰਤਾਰ ਸਿੰਘ ਬਰਾੜ, ਜਸਪਾਲ ਮਾਨਖੇੜਾ, ਤਰਸੇਮ ਨਰੂਲਾ ਵੀ ਸ਼ਾਮਲ ਸਨ। ਸਭ ਤੋਂ ਪਹਿਲਾਂ ਰਣਜੀਤ ਲਹਿਰਾ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਉਪਰੰਤ ਤਰਕਸ਼ੀਲ ਆਗੂ ਭੂਰਾ ਸਿੰਘ ਮਹਿਮਾ ਸਰਜਾ ਨੇ ਜੀ ਆਇਆਂ ਆਖਦਿਆਂ ਕਿਹਾ ਕਿ ਇਹ ਪੁਸਤਕ ਇਤਿਹਾਸਕ ਦਸਤਾਵੇਜ਼ ਹੈ। ਸਾਡਾ ਬਹੁਤਾ ਇਤਿਹਾਸ ਵਿਦੇਸ਼ੀਆਂ ਨੇ ਲਿਖਿਆ ਹੈ, ਅਸੀਂ ਇਸ ਮਾਮਲੇ ਵਿਚ ਪਛੜੇ ਹੋਏ ਹਾਂ। ਬਰਜਿੰਦਰ ਸਿੰਘ ਨੇ ਪੁਸਤਕ ਲਿਖਣ ਦੇ ਸਬੱਬ ਬਾਰੇ ਸਪਸ਼ਟ ਕਰਦਿਆਂ ਇਸ ਕਾਰਜ ਵਿੱਚ ਸਹਿਯੋਗ ਦੇਣ ਵਾਲਿਆਂ ਦਾ ਧੰਨਵਾਦ ਕੀਤਾ। ਇਸ ਉਪਰੰਤ ਸੰਬੋਧਨ ਕਰਦਿਆਂ ਜਸਪਾਲ ਮਾਨਖੇੜਾ ਨੇ ਕਿਹਾ ਕਿ ਸਾਡਾ ਇਤਿਹਾਸ ਬਹੁਤਾ ਕਰਕੇ ਲਿਖਿਆ ਨਹੀਂ ਲਿਖਵਾਇਆ ਗਿਆ ਹੈ, ਇਸੇ ਕਰਕੇ ਖੋਟ ਨਜ਼ਰ ਆਉਂਦਾ ਹੈ।
ਉਨ੍ਹਾਂ ਕਿਹਾ ਕਿ ਖੱਬੀ ਲਹਿਰ ਨੇ ਵਿਦਿਆਰਥੀ, ਕਿਸਾਨੀ, ਸਾਹਿਤ ਆਦਿ ਹਰ ਖੇਤਰ ਵਿਚ ਚੰਗਾ ਪਰਭਾਵ ਪਾਇਆ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੱਸਿਆਵਾਂ ਬਹੁਤ ਗੁੰਝਲਦਾਰ ਹਨ, ਜਿਨ੍ਹਾਂ ਬਾਰੇ ਨਿੱਠ ਕੇ ਲਿਖਣ ਦੀ ਲੋੜ ਹੈ। ਬਲਵਿੰਦਰ ਸਿੰਘ ਭੁੱਲਰ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਲੇਖਕ ਨੇ ਪੁਸਤਕ ਵਿਚ ਨਕਸਲਬਾੜੀ ਦੇ ਪਰਭਾਵ ਹੇਠ ਕੰਮ ਕਰਨ ਵਾਲੀ ਪੰਜਾਬ ਸਟੂਡੈਂਟਸ ਯੂਨੀਅਨ ਅਤੇ ਆਪਣੇ ਜੀਵਨ ਬਾਰੇ ਪੂਰਾ ਸੱਚ ਲਿਖਣ ਦੀ ਜੁਰਅਤ ਕਰਕੇ ਲਿਖਣ ਦਾ ਧਰਮ ਬਾਖੂਬੀ ਨਿਭਾਇਆ ਹੈ, ਜੋ ਪਸ਼ੰਸਾਯੋਗ ਉੱਦਮ ਹੈ। ਤਰਸੇਮ ਨਰੂਲਾ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ ਇਹ ਪੁਸਤਕ ਜੁਝਾਰੂ ਅਤੇ ਸਫ਼ਲ ਜੀਵਨ ਦਾ ਕਿੱਸਾ ਹੈ ਤੇ ਪੂਰਾ ਸੱਚ ਹੈ। ਉਨ੍ਹਾਂ ਕਿਹਾ ਕਿ ਕਥਨੀ ਤੇ ਕਰਨੀ ਚ ਇਕਮਿਕ ਹੋਇਆ ਇਨਸਾਨ ਹੀ ਅਜਿਹੀ ਰਚਨਾ ਕਰ ਸਕਦਾ ਹੈ। ਸ਼ਬਦਾਂ ਨੂੰ ਕਲਮਬੱਧ ਕਰਕੇ ਸਦੀਵੀ ਦਸਤਾਵੇਜ ਬਣਾਇਆ ਜਾ ਸਕਦਾ ਹੈ, ਜੋ ਬਰਜਿੰਦਰ ਨੇ ਕਰ ਵਿਖਾਇਆ ਹੈ। ਸੁਰਿੰਦਰਪ੍ਰੀਤ ਘਣੀਆ ਨੇ ਕਿਹਾ ਕਿ ਪੁਸਤਕ ਯਾਦਾਂ ਭਰਭੂਰ ਹੈ। ਉਨ੍ਹਾਂ ਕਿਹਾ ਕਿ ਲੋਕ ਲਹਿਰਾਂ ਚ ਕੰਮ ਕਰਨ ਵਾਲਿਆਂ ਵਲੋ ਬੁਰਜੂਆ ਪਾਰਟੀਆਂ ਵਿਚ ਸ਼ਾਮਲ ਹੋ ਜਾਣਾ ਵੀ ਵੱਡਾ ਸੁਆਲ ਹੈ, ਜਿਸ ’ਤੇ ਚਰਚਾ ਹੋਣੀ ਚਾਹੀਦੀ ਹੈ।
ਕਰਤਾਰ ਸਿੰਘ ਬਰਾੜ ਅਤੇ ਡਾ. ਅਜੀਤਪਾਲ ਸਿੰਘ ਨੇ ਯਾਦਾਂ ਸਾਂਝੀਆਂ ਕੀਤੀਆਂ। ਪੰਜਾਬ ਸਟੂਡੈਂਟਸ ਯੂਨੀਅਨ ਦੀ ਆਗੂ ਪਰਮਿੰਦਰ ਕੌਰ ਨੇ ਕਿਹਾ ਕਿ ਇਹ ਪੁਸਤਕ ਉਨ੍ਹਾਂ ਨੂੰ ਸੇਧ ਦੇਵੇਗੀ। ਪ੍ਰਧਾਨਗੀ ਭਾਸ਼ਣ ਕਰਦਿਆਂ ਪ੍ਰਿ ਬੱਗਾ ਸਿੰਘ ਨੇ ਕਿਹਾ ਕਿ ਪੁਸਤਕ ਮੁੱਲਵਾਨ ਹੈ ਅਤੇ ਅਗਲੀਆਂ ਪੀੜ੍ਹੀਆਂ ਨੂੰ ਸੇਧ ਦੇਣ ਵਾਲੀ ਹੈ, ਪਰ ਅਜੇ ਅਧੂਰੀ ਜਾਪਦੀ ਹੈ ਲੇਖਕ ਨੂੰ ਹੋਰ ਜਾਣਕਾਰੀ ਇਕੱਤਰ ਕਰਕੇ ਇਸਨੂੰ ਮੁਕੰਮਲ ਕਰਨ ਦੀ ਲੋੜ ਹੈ। ਇਸ ਮੌਕੇ ਪੰਜਾਬ ਸਟੂਡੈਂਟਸ ਯੂਨੀਅਨ ਦੇ ਪੁਰਾਣੇ ਆਗੂ ਤੇ ਵਰਕਰ ਵੀ ਵੱਡੀ ਗਿਣਤੀ ਵਿਚ ਹਾਜ਼ਰ ਸਨ।