- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
28 ਫ਼ਰਵਰੀ ਦੀ ਬਰਨਾਲ ਰੈਲੀ ਇਕੱਠ ਪੱਖੋਂ ਹੋਵੇਗੀ ਇਤਿਹਾਸਕ, ਜ਼ਿਲ੍ਹੇ ’ਚੋਂ ਵੱਡੀ ਗਿਣਤੀ ਵਰਕਰ ਹੋਣਗੇ ਸ਼ਾਮਲ: ਕੋਟਭਾਈ

-ਕਿਹਾ, ਬਠਿੰਡਾ ਜ਼ਿਲ੍ਹੇ ’ਚੋਂ ਵੱਡੀ ਗਿਣਤੀ ’ਚ ਵਰਕਰਜ਼ ਹੋਣਗੇ ਸ਼ਾਮਲ
ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਬਠਿੰਡਾ : 28 ਫਰਵਰੀ ਨੂੰ ਬਰਨਾਲਾ ਵਿੱਚ ਹੋਣ ਜਾ ਰਹੀ ਕਾਂਗਰਸ ਦੀ ਵੱਡੀ ਰੈਲੀ ਨੂੰ ਲੈ ਕੇ ਪਾਰਟੀ ਵਰਕਰਾਂ ਵਿੱਚ ਖਾਸਾ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਜ਼ਿਲ੍ਹਾ ਕਾਂਗਰਸ ਦਿਹਾਤੀ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਨੇ ਦਾਅਵਾ ਕੀਤਾ ਹੈ ਕਿ ਇਹ ਰੈਲੀ ਇਕੱਠ ਪੱਖੋਂ ਇਤਿਹਾਸਕ ਸਾਬਤ ਹੋਵੇਗੀ ਅਤੇ ਜ਼ਿਲ੍ਹੇ ਭਰ ਤੋਂ ਵੱਡੀ ਗਿਣਤੀ ਵਿੱਚ ਵਰਕਰ ਇਸ ਵਿੱਚ ਸ਼ਾਮਲ ਹੋਣਗੇ। ਕੋਟਭਾਈ ਨੇ ਕਿਹਾ ਕਿ ਰੈਲੀ ਨੂੰ ਸੰਬੋਧਨ ਕਰਨ ਲਈ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਸਮੇਤ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਹਾਜ਼ਰ ਰਹੇਗੀ।
ਉਨ੍ਹਾਂ ਦੱਸਿਆ ਕਿ ਇਸ ਰੈਲੀ ਦਾ ਮਕਸਦ ਸਿਰਫ਼ ਤਾਕਤ ਦਾ ਪ੍ਰਦਰਸ਼ਨ ਕਰਨਾ ਹੀ ਨਹੀਂ, ਸਗੋਂ ਲੋਕ ਮੁੱਦਿਆਂ ਨੂੰ ਉਭਾਰਨਾ ਅਤੇ ਪੰਜਾਬ ਦੇ ਹਿੱਤਾਂ ਲਈ ਆਵਾਜ਼ ਬੁਲੰਦ ਕਰਨਾ ਹੈ। ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਅਤੇ ਪਿੰਡਾਂ ਵਿੱਚ ਲਗਾਤਾਰ ਮੀਟਿੰਗਾਂ ਕਰਕੇ ਵਰਕਰਾਂ ਨੂੰ ਲਾਮਬੱਧ ਕੀਤਾ ਜਾ ਰਿਹਾ ਹੈ। ਉਹ ਖੁਦ ਵੀ ਪਿਛਲੇ ਕਈ ਦਿਨਾਂ ਤੋਂ ਇਲਾਕੇ ਵਿੱਚ ਦੌਰੇ ਕਰ ਰਹੇ ਹਨ ਅਤੇ ਪਾਰਟੀ ਅਹੁਦੇਦਾਰਾਂ ਨਾਲ ਬੈਠਕਾਂ ਕਰ ਰਹੇ ਹਨ, ਤਾਂ ਜੋ ਰੈਲੀ ਵਿੱਚ ਵੱਧ ਤੋਂ ਵੱਧ ਹਾਜ਼ਰੀ ਯਕੀਨੀ ਬਣਾਈ ਜਾ ਸਕੇ। ਉਨ੍ਹਾਂ ਕਿਹਾ ਕਿ ਹਰ ਬਲਾਕ ਤੋਂ ਵੱਖ-ਵੱਖ ਜਥੇ ਤਿਆਰ ਕੀਤੇ ਗਏ ਹਨ ਜੋ 28 ਫਰਵਰੀ ਨੂੰ ਬਰਨਾਲਾ ਲਈ ਰਵਾਨਾ ਹੋਣਗੇ।
ਉਨ੍ਹਾਂ ਕਿਹਾ ਕਿ ਮੌਜੂਦਾ ਰਾਜਨੀਤਕ ਹਾਲਾਤ ’ਚ ਇਹ ਰੈਲੀ ਬਹੁਤ ਮਹੱਤਵਪੂਰਨ ਹੈ। ਲੋਕ ਮਹਿੰਗਾਈ, ਬੇਰੁਜ਼ਗਾਰੀ ਅਤੇ ਕਿਸਾਨੀ ਨਾਲ ਜੁੜੇ ਮੁੱਦਿਆਂ ਤੋਂ ਪਰੇਸ਼ਾਨ ਹਨ ਅਤੇ ਕਾਂਗਰਸ ਹੀ ਉਹ ਪਾਰਟੀ ਹੈ ਜੋ ਇਨ੍ਹਾਂ ਮੁੱਦਿਆਂ ਦਾ ਹੱਲ ਦੇ ਸਕਦੀ ਹੈ। ਰਾਹੁਲ ਗਾਂਧੀ ਦੇ ਸੰਬੋਧਨ ਨਾਲ ਵਰਕਰਾਂ ਵਿਚ ਨਵਾਂ ਜੋਸ਼ ਪੈਦਾ ਹੋਵੇਗਾ ਤੇ ਆਉਣ ਵਾਲੀਆਂ ਰਾਜਨੀਤਿਕ ਚੁਣੌਤੀਆਂ ਲਈ ਪਾਰਟੀ ਹੋਰ ਮਜ਼ਬੂਤ ਹੋਵੇਗੀ। ਮਨਰੇਗਾ ਸਕੀਮ ਨੂੰ ਖਤਮ ਕੀਤਾ ਜਾ ਰਿਹਾ, ਜਿਸ ਸਬੰਧੀ ਰਾਹੁਲ ਗਾਂਧੀ ਲੋਕਾਂ ਨਾਲ ਵਿਚਾਰ ਸਾਂਝੇ ਕਰਨਗੇ। ਕੋਟਭਾਈ ਨੇ ਕਿਹਾ ਕਿ ਜ਼ਿਲ੍ਹੇ ਵਿਚ ਪਾਰਟੀ ਵਰਕਰਾਂ ਦੀਆਂ ਪਿੰਡ ਪੱਧਰ ਤੱਕ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਅਤੇ ਮਲਰੇਗਾ ਵਰਕਰਾਂ, ਯੁਵਾ, ਮਹਿਲਾ ਅਤੇ ਕਿਸਾਨ ਸੈੱਲ ਦੇ ਅਹੁਦੇਦਾਰ ਵੀ ਵੱਖ-ਵੱਖ ਮੁਹਿੰਮਾਂ ਰਾਹੀਂ ਲੋਕਾਂ ਨੂੰ ਰੈਲੀ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕਰ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਜ਼ਿਲ੍ਹੇ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਵਰਕਰ ਬਰਨਾਲਾ ਪਹੁੰਚਣਗੇ, ਜਿਸ ਨਾਲ ਰੈਲੀ ਨੂੰ ਇਤਿਹਾਸਕ ਬਣਾਇਆ ਜਾਵੇਗਾ। ਰੈਲੀ ਦੇ ਪ੍ਰਬੰਧਾਂ ਨੂੰ ਲੈ ਕੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਵਰਕਰਾਂ ਦੀ ਆਵਾਜਾਈ ਲਈ ਵਾਹਨਾਂ ਦੀ ਵੱਧ ਤੋਂ ਵੱਧ ਵਿਵਸਥਾ ਕੀਤੀ ਜਾ ਰਹੀ ਹੈ ਅਤੇ ਹਰੇਕ ਬਲਾਕ ਦੇ ਇੰਚਾਰਜ ਨੂੰ ਖਾਸ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਪਾਰਟੀ ਆਗੂਆਂ ਦਾ ਮੰਨਣਾ ਹੈ ਕਿ ਇਹ ਰੈਲੀ ਪੰਜਾਬ ਦੀ ਰਾਜਨੀਤੀ ਵਿੱਚ ਨਵਾਂ ਮੋੜ ਸਾਬਤ ਹੋ ਸਕਦੀ ਹੈ। ਅੰਤ ’ਚ ਪ੍ਰੀਤਮ ਸਿੰਘ ਕੋਟਭਾਈ ਨੇ ਸਾਰੇ ਕਾਂਗਰਸੀ ਵਰਕਰਾਂ ਅਤੇ ਸਮਰਥਕਾਂ ਨੂੰ ਅਪੀਲ ਕੀਤੀ ਕਿ ਉਹ ਵੱਡੀ ਗਿਣਤੀ ਵਿੱਚ 28 ਫਰਵਰੀ ਨੂੰ ਬਰਨਾਲਾ ਪਹੁੰਚਣ ਅਤੇ ਪਾਰਟੀ ਦੀ ਏਕਤਾ ਅਤੇ ਤਾਕਤ ਦਾ ਪ੍ਰਦਰਸ਼ਨ ਕਰਨ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਇਹ ਰੈਲੀ ਇਕੱਠ ਅਤੇ ਜੋਸ਼ ਦੇ ਪੱਖੋਂ ਯਾਦਗਾਰ ਰਹੇਗੀ ਅਤੇ ਕਾਂਗਰਸ ਲਈ ਨਵੀਂ ਰਾਜਨੀਤਿਕ ਦਿਸ਼ਾ ਤੈਅ ਕਰੇਗੀ।