- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
16 ਸਾਲਾਂ 'ਚ ਜ਼਼ਿਲ੍ਹੇ ਅੰਦਰ ਮਿਲੀਆਂ 1023 ਲਾਵਾਰਿਸ ਲਾਸ਼ਾਂ, 666 ਮ੍ਰਿਤਕਾਂ ਦੀ ਅਜੇ ਤਕ ਨਹੀਂ ਹੋ ਸਕੀ ਪਛਾਣ

-ਆਰਟੀਆਈ 'ਚ ਖ਼ੁਲਾਸਾ : ਪਛਾਣ ਨਾ ਹੋਣ ਵਾਲੀਆਂ ਲਾਸ਼ਾਂ ਦਾ ਅੰਕੜਾ 65 ਫ਼ੀਸਦੀ ਤੋਂ ਵੱਧ, ਹਰ ਸਾਲ ਔਸਤਨ ਮਿਲ ਰਹੀਆਂ 64 ਲਾਵਾਰਿਸ ਲਾਸ਼ਾਂ
ਗੁਰਤੇਜ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ
ਕਈ ਵਾਰ ਕਿਸੇ ਨਹਿਰ ਦੇ ਕਿਨਾਰੇ, ਕਿਸੇ ਸੁੰਨੀ ਸੂਈ ਵਿੱਚ ਜਾਂ ਕਿਸੇ ਝੀਲ ਦੇ ਪਾਣੀ ਵਿੱਚੋਂ ਮਿਲੀ ਇੱਕ ਲਾਸ਼ ਸਿਰਫ਼ ਇੱਕ ਮੌਤ ਦੀ ਕਹਾਣੀ ਨਹੀਂ ਹੁੰਦੀ, ਸਗੋਂ ਉਸ ਨਾਲ ਜੁੜੇ ਪਰਿਵਾਰ ਦੇ ਟੁੱਟੇ ਸੁਪਨਿਆਂ, ਅਧੂਰੀਆਂ ਉਡੀਕਾਂ ਅਤੇ ਬੇਜਵਾਬ ਸਵਾਲਾਂ ਦੀ ਦਾਸਤਾਨ ਵੀ ਹੁੰਦੀ ਹੈ। ਬਠਿੰਡਾ ਜ਼ਿਲ੍ਹੇ ਵਿੱਚੋਂ ਪਿਛਲੇ 16 ਸਾਲਾਂ ਦੌਰਾਨ ਮਿਲੀਆਂ ਲਾਵਾਰਿਸ ਲਾਸ਼ਾਂ ਦੇ ਅੰਕੜੇ ਇੱਕ ਅਜਿਹੀ ਹੀ ਦਰਦਨਾਕ ਤਸਵੀਰ ਪੇਸ਼ ਕਰਦੇ ਹਨ। ਸੂਚਨਾ ਦੇ ਅਧਿਕਾਰ (ਆਰਟੀਆਈ) ਤਹਿਤ ਜਾਣਕਾਰੀ ਮੁਤਾਬਕ ਵਿੱਤੀ ਸਾਲ 2010-11 ਤੋਂ 2025-26 ਤੱਕ ਜ਼ਿਲ੍ਹੇ ਵਿੱਚੋਂ ਕੁੱਲ 1023 ਲਾਵਾਰਿਸ ਲਾਸ਼ਾਂ ਬਰਾਮਦ ਹੋਈਆਂ, ਜਿਨ੍ਹਾਂ ਵਿੱਚੋਂ 666 ਦੀ ਪਛਾਣ ਕਦੇ ਨਹੀਂ ਹੋ ਸਕੀ। ਮਤਲਬ ਹਰ ਤਿੰਨ ਵਿੱਚੋਂ ਲਗਭਗ ਦੋ ਮ੍ਰਿਤਕ ਅਜਿਹੇ ਰਹੇ, ਜਿਨ੍ਹਾਂ ਦੇ ਨਾਮ, ਪਤੇ ਤੇ ਆਪਣੇ ਲੋਕਾਂ ਤਕ ਉਨ੍ਹਾਂ ਦੀ ਮੌਤ ਦੀ ਖ਼ਬਰ ਵੀ ਨਹੀਂ ਪਹੁੰਚ ਸਕੀ। ਜਦੋਂ ਕਿ ਸਿਰਫ਼ 357 ਮ੍ਰਿਤਕਾਂ ਦੀ ਸ਼ਨਾਖ਼ਤ ਹੋ ਪਾਈ।
ਆਰਟੀਆਈ ਕਾਰਕੁਨ ਅਤੇ ਸਮਾਜ ਸੇਵੀ ਸੰਜੀਵ ਗੋਇਲ ਨੇ 13 ਫਰਵਰੀ 2026 ਨੂੰ ਸੀਨੀਅਰ ਪੁਲਿਸ ਕਪਤਾਨ ਬਠਿੰਡਾ ਦਫ਼ਤਰ ਵਿਖੇ ਸੂਚਨਾ ਅਧਿਕਾਰ ਐਕਟ-2005 ਤਹਿਤ ਅਰਜ਼ੀ ਦੇ ਕੇ ਜ਼ਿਲ੍ਹੇ 'ਚ ਮਿਲੀਆਂ ਲਾਵਾਰਿਸ ਲਾਸ਼ਾਂ ਦਾ ਰਿਕਾਰਡ ਮੰਗਿਆ ਸੀ। ਇਸਦੇ ਜਵਾਬ ਵਿੱਚ 19 ਮਈ 2026 ਨੂੰ ਪੁਲਿਸ ਵਿਭਾਗ ਨੇ ਅੰਕੜੇ ਉਪਲਬਧ ਕਰਵਾਏ। ਪੁਲਿਸ ਰਿਕਾਰਡ ਅਨੁਸਾਰ ਜ਼ਿਲ੍ਹੇ ਅੰਦਰ ਇਸ ਦੌਰਾਨ ਕੁੱਲ 1023 ਲਾਸ਼ਾਂ ਮਿਲੀਆਂ ਸਨ ਜਿਸ ਵਿੱਚੋਂ ਸਿਰਫ਼ 34.90 ਫ਼ੀਸਦੀ ਦੀ ਪਛਾਣ ਹੋ ਸਕੀ, ਜਦੋਂ ਕਿ 65.10 ਫ਼ੀਸਦੀ ਲਾਸ਼ਾਂ ਅਣਪਛਾਤੀਆਂ ਹੀ ਰਹੀਆਂ ਹਨ, ਇੰਨ੍ਹਾਂ ਮ੍ਰਿਤਕਾ ਦਾ ਅਜੇ ਤਕ ਪਤਾ ਨਹੀਂ ਲੱਗਾ ਕਿ ਉਹ ਕੌਣ ਸਨ। ਪਛਾਣ ਨਾ ਹੋਣ ਵਾਲੀਆਂ ਬਹੁਤੀਆਂ ਲਾਸ਼ਾਂ ਦਾ ਅੰਤਿਮ ਸੰਸਕਾਰ ਵੱਖ-ਵੱਖ ਸਮਾਜਿਕ, ਧਾਰਮਿਕ ਸੰਸਥਾਵਾਂ ਤੇ ਐੱਨਜੀਓ ਦੇ ਮਾਧਿਅਮ ਰਾਹੀਂ ਕਰਵਾਇਆ। ਹਾਲਾਕਿ ਜ਼ਿਲ੍ਹੇ ਵਿੱਚੋਂ ਮਿਲੀਆਂ ਕੁੱਲ ਲਾਸ਼ਾਂ ਵਿੱਚੋਂ 65 ਫੀਸਦੀ ਦੀ ਪਛਾਣ ਨਾਂ ਹੋਣਾ ਚਿੰਤਾ ਦਾ ਵਿਸ਼ਾ ਹੈ।
-ਬਾਕਸ-
-2021-22 ਵਿੱਚ ਮਿਲੀਆਂ ਸਭ ਤੋਂ ਵੱਧ ਲਾਸ਼ਾਂ
ਪੁਲਿਸ ਵਿਭਾਗ ਵੱਲੋ ਪ੍ਰਾਪਤ ਅੰਕੜਿਆਂ ਅਨੁਸਾਰ ਵਿੱਤੀ ਸਾਲ 2021-22 ਵਿੱਚ ਜ਼ਿਲ੍ਹੇ ਅੰਦਰ ਸਭ ਤੋਂ ਵੱਧ 99 ਲਾਵਾਰਿਸ ਲਾਸ਼ਾਂ ਮਿਲੀਆਂ। ਇਸ ਤੋਂ ਬਾਅਦ 2022-23 ਵਿੱਚ 93 ਲਾਵਾਰਿਸ ਲਾਸ਼ਾਂ ਬਰਾਮਦ ਹੋਈਆਂ ਸਨ ਇਸ ਤਰ੍ਹਾਂ ਹੀ ਸਾਲ 2024-25 ਵਿੱਚ 92 ਲਾਸ਼ਾਂ ਪੁਲਿਸ ਨੇ ਵੱਖ ਵੱਖ ਥਾਵਾਂ ਤੋਂ ਬਰਾਮਦ ਕੀਤੀਆਂ ਅਤੇ 2025-26 ਵਿੱਚ 90 ਲਾਸ਼ਾਂ ਬਰਾਮਦ ਕੀਤੀਆਂ ਗਈਆਂ।
-ਬਾਕਸ-
-ਹਰ ਮਹੀਨੇ ਔਸਤਨ ਪੰਜ ਤੋਂ ਹਨ ਵਧੇਰੇ ਲਾਸ਼ਾਂ
16 ਵਰ੍ਹਿਆਂ ਵਿੱਚ ਮਿਲੀਆਂ 1023 ਲਾਸ਼ਾਂ ਦੀ ਔਸਤ ਕੱਢੀ ਜਾਵੇ ਤਾਂ ਜ਼ਿਲ੍ਹੇ ਵਿੱਚ ਪ੍ਰਤੀ ਵਰ੍ਹੇ ਕਰੀਬ 64 ਲਾਵਾਰਿਸ ਲਾਸ਼ਾਂ ਮਿਲ ਰਹੀਆਂ ਹਨ, ਉੱਥੇ ਹੀ ਪ੍ਰਤੀ ਮਹੀਨਾ ਔਸਤਨ ਪੰਜ ਤੋਂ ਵਧੇਰੇ ਲਾਸ਼ਾਂ ਮਿਲਣ ਦਾ ਅੰਕੜਾ ਸਾਹਮਣੇ ਆਇਆ ਹੈ। ਇਹ ਸਥਿਤੀ ਕਈ ਗੰਭੀਰ ਸਵਾਲ ਖੜ੍ਹੇ ਕਰਦੀ ਹੈ ਕਿ ਆਖ਼ਰ ਇਨ੍ਹੀਆਂ ਲਾਸ਼ਾਂ ਜ਼ਿਲ੍ਹੇ ਵਿੱਚ ਕਿੱਥੋਂ ਪਹੁੰਚ ਰਹੀਆਂ ਹਨ ਤੇ ਇਨ੍ਹਾਂ ਪਿੱਛੇ ਕੀ ਕਾਰਨ ਹਨ।
-ਬਾਕਸ-
-ਪਛਾਣ ਨਾ ਹੋਣ ਵਾਲੀਆਂ ਲਾਸ਼ਾਂ ਦੀ ਗਿਣਤੀ ਬਣੀ ਚਿੰਤਾ ਦਾ ਵਿਸ਼ਾ
ਰਿਕਾਰਡ ਅਨੁਸਾਰ 1023 ਵਿੱਚੋਂ 666 ਲਾਸ਼ਾਂ ਦੀ ਪਛਾਣ ਨਹੀਂ ਹੋ ਸਕੀ। ਯਾਨੀ ਹਰ ਤਿੰਨ ਵਿੱਚੋਂ ਲਗਭਗ ਦੋ ਮ੍ਰਿਤਕ ਅਣਪਛਾਤੇ ਰਹੇ। ਮਾਹਿਰਾਂ ਦਾ ਮੰਨਣਾ ਹੈ ਕਿ ਅਜਿਹੇ ਮਾਮਲਿਆਂ ਵਿੱਚ ਆਧੁਨਿਕ ਤਕਨੀਕ, ਡਿਜੀਟਲ ਰਿਕਾਰਡ ਅਤੇ ਅੰਤਰਰਾਜੀ ਤਾਲਮੇਲ ਵਧਾ ਕੇ ਪਛਾਣ ਦਰ ਵਿੱਚ ਸੁਧਾਰ ਕੀਤਾ ਜਾ ਸਕਦਾ ਹੈ, ਪਰ ਪੁਲਿਸ ਅਜਿਹੇ ਮਾਮਲਿਆਂ ਜਿਅਦਾ ਗੰਭੀਰਤਾ ਨਾਲ ਨਹੀਂ ਲੈਂਦੀ। ਪੁਲਿਸ ਸਿਰਦਰਦੀ ਲੈਣ ਦੀ ਬਜਾਏ 174 ਸੀਆਰਪੀਸੀ ਦੀ ਕਾਰਵਾਈ ਕਰਕੇ ਫਾਇਲ ਬੰਦ ਕਰ ਦਿੰਦੀ ਹੈ।
-ਬਾਕਸ-
-ਕਿਹੜੇ ਸਾਲ ਕਿੰਨੀਆਂ ਲਾਸ਼ਾਂ ਮਿਲੀਆਂ ਤੇ ਕਿੰਨੀਆਂ ਦੀ ਹੋਈ ਪਛਾਣ
ਸਾਲ ਕੁੱਲ ਲਾਸ਼ਾਂ ਪਛਾਣ ਅਣਪਛਾਤੀਆਂ
2010-11 58 11 47
2011-12 45 5 40
2012-13 33 3 30
2013-14 54 7 47
2014-15 33 3 30
2015-16 36 4 32
2016-17 42 5 37
2017-18 38 9 29
2018-19 64 32 32
2019-20 84 42 42
2020-21 82 39 43
2021-22 99 51 48
2022-23 93 49 44
2023-24 80 30 50
2024-25 92 33 59
2025- 26 90 34 56
ਕੁੱਲ 1023 357 666।