- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡਿਪਟੀ ਕਮਿਸ਼ਨਰ ਨੇ 14 ਅਪ੍ਰੈਲ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਮਨਾਏ ਜਾਣ ਵਾਲੇ ਵਿਸਾਖੀ ਮੇਲੇ ਸਬੰਧੀ ਕੀਤੀ ਬੈਠਕ

ਵੀਰਪਾਲ ਭਗਤਾ, ਪੰਜਾਬੀ ਜਾਗਰਣ, ਬਠਿੰਡਾ : ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ 14 ਅਪ੍ਰੈਲ 2026 ਨੂੰ ਹਰ ਸਾਲ ਦੀ ਤਰ੍ਹਾਂ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਮਨਾਏ ਜਾਣ ਵਾਲੇ ਵਿਸਾਖੀ ਸਮਾਗਮ ਸਬੰਧੀ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ। ਇਸ ਮੌਕੇ ਉਨ੍ਹਾਂ ਮੇਲੇ ਨੂੰ ਸਫਲਤਾ ਪੂਰਵਕ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਅਧਿਕਾਰੀਆਂ ਨੂੰ ਲੁੜੀਂਦੇ ਦਿਸ਼ਾ-ਨਿਰਦੇਸ਼ ਵੀ ਦਿੱਤੇ। ਇਸ ਮੌਕੇ ਡੀਸੀ ਨੇ ਦੱਸਿਆ ਕਿ ਵਿਸਾਖੀ ਮੇਲੇ ਦੇ ਮੱਦੇਨਜ਼ਰ ਤਲਵੰਡੀ ਸਾਬੋ ਨੂੰ ਵੱਖ-ਵੱਖ ਸੈਕਟਰਾਂ ’ਚ ਵੰਡਿਆ ਜਾਵੇਗਾ। ਉਨ੍ਹਾਂ ਕਿਹਾ ਕਿ ਹਰ ਇੱਕ ਸੈਕਟਰ ਦਾ ਇੰਚਾਰਜ ਲਗਾਇਆ ਜਾਵੇਗਾ, ਜੋ ਕਿ ਸਾਰੇ ਵਿਭਾਗਾਂ ਨਾਲ ਤਾਲਮੇਲ ਰੱਖੇਗਾ ਤਾਂ ਜੋ ਸ਼ਰਧਾਲੂਆਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਦਰਪੇਸ਼ ਨਾ ਆਵੇ। ਡੀਸੀ ਨੇ ਪੁਲਿਸ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਮੇਲੇ ਦੌਰਾਨ ਸੁਰੱਖਿਆ, ਨਿਰਵਿਘਨ ਟ੍ਰੈਫਿਕ, ਪਾਰਕਿੰਗ, ਕੰਟਰੋਲ ਰੂਮ, ਪੁੱਛਗਿੱਛ ਕੇਂਦਰ ਸਬੰਧੀ ਅਗਾਊਂ ਪ੍ਰਬੰਧ ਮੁਕੰਮਲ ਕੀਤੇ ਜਾਣ। ਪੁਲਿਸ ਵੱਲੋਂ ਗੋਤਾਖੋਰਾਂ ਦੀ ਸ਼ਨਾਖਤ ਕਰਕੇ ਉਨ੍ਹਾਂ ਦੀਆਂ ਲਿਸਟਾਂ ਸਿਵਿਲ ਪ੍ਰਸ਼ਾਸਨ ਨਾਲ ਸਾਂਝੀ ਕੀਤੀਆਂ ਜਾਣ ਤਾਂ ਜੋ ਇਨ੍ਹਾਂ ਦੀ ਡਿਊਟੀ ਲਗਾਈ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਪੁਲਿਸ ਵੱਲੋਂ ਡਿਊਟੀ ਮੈਜਿਸਟ੍ਰੇਟਾਂ ਨੂੰ ਵਾਇਰਲੈੱਸ ਸੈੱਟ ਮੁਹੱਈਆ ਕਰਵਾਏ ਜਾਣਗੇ।
ਪੁਲਿਸ ਵਿਭਾਗ ਦੁਆਰਾ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਦੀ ਮੰਗ ਅਨੁਸਾਰ ਸੁਰੱਖਿਆ ਦਿੱਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਸਿਹਤ ਵਿਭਾਗ ਨੂੰ ਹਦਾਇਤ ਕੀਤੀ ਕਿ ਮੇਲੇ 'ਚ ਡਾਕਟਰਾਂ ਤੇ ਹੋਰਨਾਂ ਸਿਹਤ ਸਟਾਫ ਦੀਆਂ ਟੀਮਾਂ, ਘੱਟੋਂ-ਘੱਟ 3 ਐਂਬੂਲੈਂਸਾਂ, ਦਵਾਈਆਂ ਆਦਿ ਦੇ ਪੁਖਤਾ ਪ੍ਰਬੰਧ ਕੀਤੇ ਜਾਣ। ਉਨ੍ਹਾਂ ਹਦਾਇਤ ਕੀਤੀ ਕਿ ਟੀਮਾਂ 24 ਘੰਟੇ ਕੰਮ ਕਰਨਗੀਆਂ। ਉਨ੍ਹਾਂ ਪੀਆਰਟੀਸੀ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਲੋੜ ਅਨੁਸਾਰ ਆਰਜ਼ੀ ਬੱਸ ਅੱਡੇ, ਸ਼ਰਧਾਲੂਆਂ ਲਈ ਬੱਸਾਂ ਦੇ ਢੁੱਕਵੇਂ ਪ੍ਰਬੰਧ, ਰਿਕਵਰੀ ਵੈਨਾਂ, ਬੱਸਾਂ ਦੇ ਰੂਟਾਂ ਸਬੰਧੀ ਜਾਣਕਾਰੀ ਆਮ ਲੋਕਾਂ ਨਾਲ ਸਾਂਝੀ ਕਰਨਾ ਯਕੀਨੀ ਬਣਾਇਆ ਜਾਵੇ। ਇਸ ਦੇ ਨਾਲ ਹੀ ਉਹਨਾਂ ਲੋਕ ਨਿਰਮਾਣ ਵਿਭਾਗ ਨੂੰ ਹੁਕਮ ਦਿੰਦਿਆਂ ਕਿਹਾ ਕਿ ਤਲਵੰਡੀ ਸਾਬੋ ਸ਼ਹਿਰ ਦੀਆਂ ਸੜਕਾਂ, ਮੇਲੇ ਵਾਲੀ ਥਾਵਾਂ ਦੀ ਬੈਰੀਕਡਿੰਗ ਆਦਿ ਕਰਵਾਉਣੀ ਯਕੀਨੀ ਬਣਾਈ ਜਾਵੇ। ਉਨ੍ਹਾਂ ਜ਼ਿਲ੍ਹਾ ਮੰਡੀ ਅਫਸਰ ਨੂੰ ਨਿਰਦੇਸ਼ ਦਿੱਤੇ ਕਿ ਮੇਲੇ 'ਚ ਪੀਣ ਵਾਲੇ ਪਾਣੀ ਦਾ ਪ੍ਰਬੰਧ ਕੀਤਾ ਜਾਵੇ। ਉਨ੍ਹਾਂ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਮੇਲੇ ਵਾਲੀਆਂ ਥਾਵਾਂ ਉੱਤੇ ਬਿਜਲੀ ਦੀ ਫਿਟਿੰਗ ਦੇ ਪੁਖਤਾ ਪ੍ਰਬੰਧ ਰੱਖੇ ਜਾਣ। ਇਸ ਤੋਂ ਇਲਾਵਾ ਮੇਲੇ ਦੇ ਵੱਖ-ਵੱਖ ਰੂਟਾਂ ਉੱਪਰ ਢਿੱਲੀਆਂ ਤਾਰਾਂ ਨੂੰ ਉੱਪਰ ਚੁੱਕਣਾ ਯਕੀਨੀ ਬਣਾਇਆ ਜਾਵੇ। ਨਗਰ ਕੌਂਸਲ ਤਲਵੰਡੀ ਸਾਬੋ ਵੱਲੋਂ ਸਫਾਈ ਦੇ ਵਿਸ਼ੇਸ਼ ਪ੍ਰਬੰਧ ਰੱਖੇ ਜਾਣ। ਹਰ ਇਕ ਜਨਤਕ ਥਾਂ ਉੱਤੇ ਕੂੜੇਦਾਨ ਦਾ ਪ੍ਰਬੰਧ, ਹਰ ਇਕ ਕੂੜੇਦਾਨ ਦੀ ਨੂੰ ਸਮੇਂ-ਸਿਰ ਖਾਲੀ ਕਰਨਾ ਆਦਿ ਸਬੰਧੀ ਪੁਖਤਾ ਪ੍ਰਬੰਧ ਕਰਨੇ ਯਕੀਨੀ ਬਣਾਏ ਜਾਣ। ਇਸ ਮੌਕੇ ਰਾਕੇਸ਼ ਸ਼ਰਮਾ ਐਸਡੀਐਮ ਤਲਵੰਡੀ ਸਾਬੋ, ਸਿਵਲ ਸਰਜਨ ਅਫਸਰ ਡਾ. ਅਨੂਪਮ ਸ਼ਰਮਾ, ਸੀਨੀਅਰ ਵੈਟਰਨਰੀ ਅਫ਼ਸਰ ਡਾ. ਮੋਹਿਤ ਕੁਮਾਰ, ਉਪ ਜ਼ਿਲ੍ਹਾ ਸਿੱਖਿਆ ਅਫਸਰ ਚਮਕੌਰ ਸਿੰਘ, ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਰਵਨੀਤ ਕੌਰ, ਡੀਐਸਪੀ. ਬਠਿੰਡਾ ਦਿਹਾਤੀ ਹਰਵਿੰਦਰ ਸਿੰਘ ਸਰਾਂ ਆਦਿ ਹਾਜ਼ਰ ਸਨ।