ਪੰਜਾਬ ਜੇਲ੍ਹ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਦੀ ਬਠਿੰਡਾ ਯੂਨਿਟ ਦੀ ਚੋਣ ਪੰਜਾਬ ਜੇਲ੍ਹ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਦੀ ਬਠਿੰਡਾ ਯੂਨਿਟ ਦੀ ਚੋਣ ਸਰਬਸੰਮਤੀ ਨਾਲ ਹੋਈ
Publish Date: Thu, 10 Sep 2026 04:59 PM (IST)
Updated Date: Fri, 11 Sep 2026 04:04 AM (IST)
ਕੁਲਵੰਤ ਸਿੰਘ ਢਿੱਲੋਂ ਤੀਜੀ ਵਾਰ ਬਣੇ ਪ੍ਰਧਾਨ, ਨਵੀਂ ਕਮੇਟੀ ਦਾ ਕੀਤਾ ਸਨਮਾਨ ਸਟਾਫ ਰਿਪੋਰਟਰ, ਪੰਜਾਬੀ ਜਾਗਰਣ ਬਠਿੰਡਾ : ਪੰਜਾਬ ਜੇਲ੍ਹ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਯੂਨਿਟ ਬਠਿੰਡਾ ਦੀ ਚੋਣ ਅੱਜ ਸਰਬਸੰਮਤੀ ਨਾਲ ਕਰਵਾਈ ਗਈ। ਚੋਣ ਮੌਕੇ ਰਿਟਾਇਰਡ ਕਰਮਚਾਰੀਆਂ ਅਤੇ ਅਧਿਕਾਰੀਆਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ। ਮੀਟਿੰਗ ਦੌਰਾਨ ਪੁਰਾਣੀ ਕਮੇਟੀ ਵੱਲੋਂ ਕੀਤੇ ਗਏ ਕੰਮਾਂ ’ਤੇ ਮੈਂਬਰਾਂ ਨੇ ਤਸੱਲੀ ਪ੍ਰਗਟ ਕਰਦਿਆਂ ਪੁਰਾਣੀ ਕਮੇਟੀ ਨੂੰ ਹੀ ਮੁੜ ਜ਼ਿੰਮੇਵਾਰੀ ਸੌਂਪਣ ਲਈ ਦੋਵੇਂ ਹੱਥ ਖੜ੍ਹੇ ਕਰਕੇ ਸਰਬਸੰਮਤੀ ਨਾਲ ਪ੍ਰਵਾਨਗੀ ਦਿੱਤੀ। ਪ੍ਰੋਗਰਾਮ ਦੌਰਾਨ ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਰਿਟਾਇਰਡ ਸਹਾਇਕ ਸੁਪਰਡੈਂਟ ਕੈਲਾਸ਼ ਕੁਮਾਰ ਨੇ ਬਾਖੂਬੀ ਨਿਭਾਈ। ਇਸ ਮੌਕੇ ਨਵੀਂ ਯੂਨਿਟ ਕਮੇਟੀ ਦੀ ਚੋਣ ਕਰਦਿਆਂ ਰਿਟਾਇਰਡ ਸਹਾਇਕ ਸੁਪਰਡੈਂਟ ਰਣਜੀਤ ਸਿੰਘ ਮੰਡੇਰ ਨੂੰ ਸਰਪ੍ਰਸਤ, ਰਿਟਾਇਰਡ ਹੌਲਦਾਰ ਕੁਲਵੰਤ ਸਿੰਘ ਢਿੱਲੋਂ ਨੂੰ ਤੀਜੀ ਵਾਰ ਪ੍ਰਧਾਨ ਅਤੇ ਰਿਟਾਇਰਡ ਸਹਾਇਕ ਸੁਪਰਡੈਂਟ ਕੈਲਾਸ਼ ਕੁਮਾਰ ਨੂੰ ਸੀਨੀਅਰ ਮੀਤ ਪ੍ਰਧਾਨ ਚੁਣਿਆ ਗਿਆ। ਇਸੇ ਤਰ੍ਹਾਂ ਰਿਟਾਇਰਡ ਸਹਾਇਕ ਸੁਪਰਡੈਂਟ ਹਰਪਾਲ ਸਿੰਘ ਵਾਲੀਆ ਨੂੰ ਖ਼ਜ਼ਾਨਚੀ ਅਤੇ ਰਿਟਾਇਰਡ ਸਹਾਇਕ ਸੁਪਰਡੈਂਟ ਸੁਰਿੰਦਰਪਾਲ ਸਿੰਘ ਮਹਿਰਾਜ ਨੂੰ ਜਨਰਲ ਸਕੱਤਰ ਦੀ ਜ਼ਿੰਮੇਵਾਰੀ ਸੌਂਪੀ ਗਈ। ਰਿਟਾ. ਸਹਾਇਕ ਸੁਪਰਡੈਂਟ ਗੁਰਨੈਬ ਸਿੰਘ, ਗੁਰਮੇਲ ਸਿੰਘ, ਜੋਗਿੰਦਰ ਸਿੰਘ ਢਿੰਗੜ ਤੇ ਰਿਟਾ. ਸਹਾਇਕ ਅਜੈਬ ਸਿੰਘ ਨੂੰ ਮੀਤ ਪ੍ਰਧਾਨ ਚੁਣਿਆ ਗਿਆ। ਚੋਣ ਸਮਾਗਮ ਵਿੱਚ ਰਿਟਾਇਰਡ ਸਹਾਇਕ ਸੁਪਰਡੈਂਟ ਸਾਹਿਬ ਸਿੰਘ, ਯੂਨਿਟ ਪ੍ਰਧਾਨ ਫਰੀਦਕੋਟ, ਆਪਣੇ ਸਾਥੀਆਂ ਸਮੇਤ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਉਨ੍ਹਾਂ ਨੇ ਬਠਿੰਡਾ ਯੂਨਿਟ ਦੀ ਸਰਬਸੰਮਤੀ ਨਾਲ ਹੋਈ ਚੋਣ ਦੀ ਸ਼ਲਾਘਾ ਕਰਦਿਆਂ ਨਵੀਂ ਚੁਣੀ ਗਈ ਕਮੇਟੀ ਨੂੰ ਵਧਾਈ ਦਿੱਤੀ। ਇਸ ਮੌਕੇ ਰਿਟਾਇਰਡ ਸਹਾਇਕ ਸੁਪਰਡੈਂਟ ਹਰਪਾਲ ਸਿੰਘ ਵਾਲੀਆ ਅਤੇ ਰਿਟਾਇਰਡ ਸਹਾਇਕ ਸੁਪਰਡੈਂਟ ਕੈਲਾਸ਼ ਕੁਮਾਰ ਦੇ ਪਰਿਵਾਰਾਂ ਵਿੱਚ ਵਾਹਿਗੁਰੂ ਜੀ ਦੀ ਅਪਾਰ ਕਿਰਪਾ ਨਾਲ ਪੋਤਿਆਂ ਦੀ ਦਾਤ ਮਿਲਣ ਦੀ ਖੁਸ਼ੀ ’ਚ ਲੱਡੂ ਤੇ ਸਮੋਸਿਆਂ ਦਾ ਲੰਗਰ ਵੀ ਵਰਤਾਇਆ ਗਿਆ। ਇਸ ਉਪਰੰਤ ਰਿਟਾਇਰਡ ਡੀਐੱਸਪੀ ਰਣਜੀਤ ਸਿੰਘ ਤੂਰ ਪ੍ਰਧਾਨ ਪੁਲਿਸ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਯੂਨਿਟ ਬਠਿੰਡਾ ਵੱਲੋਂ ਨਵੀਂ ਚੁਣੀ ਗਈ ਕਮੇਟੀ ਦੇ ਅਹੁਦੇਦਾਰਾਂ ਨੂੰ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਵਧਾਈ ਦਿੱਤੀ ਗਈ। ਅੰਤ ਵਿੱਚ ਪੰਜਾਬ ਜੇਲ੍ਹ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਯੂਨਿਟ ਬਠਿੰਡਾ ਦੇ ਪ੍ਰਧਾਨ ਕੁਲਵੰਤ ਸਿੰਘ ਢਿੱਲੋਂ ਨੇ ਸਾਰੇ ਮੈਂਬਰਾਂ ਵੱਲੋਂ ਦਿੱਤੇ ਮਾਣ-ਸਨਮਾਨ ਅਤੇ ਭਰੋਸੇ ਲਈ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਵੱਲੋਂ ਪੈਨਸ਼ਨਰਾਂ ਦੀ ਭਲਾਈ ਅਤੇ ਉਨ੍ਹਾਂ ਦੇ ਹੱਕਾਂ ਲਈ ਭਵਿੱਖ ਵਿੱਚ ਵੀ ਇਕਜੁੱਟ ਹੋ ਕੇ ਕੰਮ ਕੀਤਾ ਜਾਵੇਗਾ।