ਪੰਜਾਬ ਗਊ ਸੇਵਾ ਕਮਿਸ਼ਨ ਦੇ ਵਾਈਸ ਚੇਅਰਮੈਨ ਕੀਮਤੀ ਭਗਤ ਸਨਮਾਨਿਤ ਪੰਜਾਬ ਗਊ ਸੇਵਾ ਕਮਿਸ਼ਨ ਦੇ ਵਾਈਸ ਚੇਅਰਮੈਨ ਕੀਮਤੀ ਭਗਤ ਸਨਮਾਨਿਤ
Publish Date: Wed, 07 Oct 2026 04:30 PM (IST)
Updated Date: Wed, 07 Oct 2026 04:32 PM (IST)
ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ ਬਠਿੰਡਾ ਪੰਜਾਬ ਗਊ ਸੇਵਾ ਕਮਿਸ਼ਨ ਦੇ ਵਾਈਸ ਚੇਅਰਮੈਨ ਕੀਮਤੀ ਭਗਤ 5 ਸਤੰਬਰ 2026 ਨੂੰ ਬਠਿੰਡਾ ਪਹੁੰਚੇ। ਉਹ ਜ਼ਿਲ੍ਹੇ ਦੀਆਂ 35 ਗਊਸ਼ਾਲਾਵਾਂ ਦੇ ਰਜਿਸਟ੍ਰੇਸ਼ਨ ਸਰਟੀਫਿਕੇਟ ਵੰਡਣ ਅਤੇ ਗਊਸ਼ਾਲਾਵਾਂ ਵਿਚ ਗਊਵੰਸ਼ ਸਬੰਧੀ ਸਮੱਸਿਆਵਾਂ ਅਤੇ ਕਮੀਆਂ ਬਾਰੇ ਮੀਟਿੰਗ ਕਰਨ ਲਈ ਬਠਿੰਡਾ ਆਏ ਸਨ। ਇਸ ਮੌਕੇ ਗਊ-ਭਗਤਾਂ ਵੱਲੋਂ ਉਨ੍ਹਾਂ ਨੂੰ ਸਿਰੋਪਾਓ ਪਾ ਕੇ ਅਤੇ ਗਊ ਮਾਤਾ ਦੀ ਮੂਰਤੀ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਜੀਵ ਗੋਇਲ, ਪਰਮਿੰਦਰ ਬਾਂਸਲ ਜੋ ਸੰਯੁਕਤ ਸਨਾਤਨ ਗਊ ਰੱਖਿਆ ਵਾਹਿਨੀ ਨਾਲ ਸਬੰਧਤ ਹਨ, ਰਾਜਿੰਦਰ ਸ਼ਰਮਾ ਅਤੇ ਬਲਜੀਤ ਕੌਰ ਸਮੇਤ ਹੋਰ ਗਊ-ਭਗਤ ਮੌਜੂਦ ਸਨ। ਗਊ-ਭਗਤਾਂ ਵੱਲੋਂ ਪੰਜਾਬ ਗਊ ਸੇਵਾ ਕਮਿਸ਼ਨ ਦੇ ਵਾਈਸ ਚੇਅਰਮੈਨ ਨੂੰ ਕੈਟਲ ਪੌਂਡ/ਗਊਸ਼ਾਲਾ ਹਰਰਾਏਪੁਰ ਵਿਚ ਗਊਵੰਸ਼ ਦੀਆਂ ਹੋਈਆਂ ਮੌਤਾਂ ਦੀ ਜਾਂਚ ਕਰਵਾਉਣ ਅਤੇ ਗਊਸ਼ਾਲਾ ਦੇ ਹਾਲਾਤਾਂ ਵਿਚ ਤੁਰੰਤ ਸੁਧਾਰ ਕਰਨ ਸਬੰਧੀ ਮੰਗ ਪੱਤਰ ਵੀ ਸੌਂਪਿਆ ਗਿਆ। ਮੰਗ ਪੱਤਰ ਵਿਚ ਦਾਅਵਾ ਕੀਤਾ ਗਿਆ ਹੈ ਕਿ ਹਰਰਾਇਪੁਰ ਕੈਟਲ ਪੌਂਡ ਵਿਚ 8 ਹਜ਼ਾਰ ਤੋਂ 10 ਹਜ਼ਾਰ ਗਊਵੰਸ਼ ਦੀ ਮੌਤ ਹੋ ਚੁੱਕੀ ਹੈ ਅਤੇ ਇਸ ਮਾਮਲੇ ਦੀ ਜਾਂਚ ਕਰਵਾਈ ਜਾਣੀ ਚਾਹੀਦੀ ਹੈ। ਮੰਗ ਪੱਤਰ ਵਿੱਚ ਹਰਰਏਪੁਰ ਗਊਸ਼ਾਲਾ ਵਿੱਚ ਰਹਿ ਰਹੇ ਗਊਵੰਸ਼ ਲਈ ਲੋੜੀਂਦੀ ਮਾਤਰਾ ਵਿੱਚ ਖੁਰਾਕ ਮੁਹੱਈਆ ਕਰਵਾਉਣ ਅਤੇ ਹਰ ਸਮੇਂ ਵੈਟਰਨਰੀ ਡਾਕਟਰ ਦੀ ਵਿਵਸਥਾ ਕਰਨ ਦੀ ਮੰਗ ਕੀਤੀ ਗਈ। ਇਸ ਤੋਂ ਇਲਾਵਾ ਝੂੰਬੇ ਵਾਲੀ ਸਰਕਾਰੀ ਗਊਸ਼ਾਲਾ ਦੇ ਹਾਲਾਤਾਂ ਦਾ ਜਾਇਜ਼ਾ ਲੈ ਕੇ ਉੱਥੇ ਵੀ ਲੋੜੀਂਦੇ ਸੁਧਾਰ ਕਰਨ ਦੀ ਮੰਗ ਰੱਖੀ ਗਈ। ਮੰਗ ਪੱਤਰ ਅਨੁਸਾਰ ਝੂੰਬੇ ਵਾਲੀ ਸਰਕਾਰੀ ਗਊਸ਼ਾਲਾ ਵਿਚ ਗਊਵੰਸ਼ ਨੂੰ ਲੋੜੀਂਦੀ ਖੁਰਾਕ ਦੇਣ, ਖ਼ਰਾਬ ਪਾਣੀ ਦੀ ਸਮੱਸਿਆ ਦੂਰ ਕਰਕੇ ਸਾਫ਼ ਪਾਣੀ ਦਾ ਪ੍ਰਬੰਧ ਕਰਨ ਅਤੇ ਹਰ ਸਮੇਂ ਵੈਟਰਨਰੀ ਡਾਕਟਰ ਦੀ ਸੇਵਾ ਉਪਲਬਧ ਕਰਵਾਉਣ ਦੀ ਵੀ ਮੰਗ ਕੀਤੀ ਗਈ ਹੈ। ਇਸ ਮੌਕੇ ਪੰਜਾਬ ਗਊ ਸੇਵਾ ਕਮਿਸ਼ਨ ਦੇ ਵਾਈਸ ਚੇਅਰਮੈਨ ਕੀਮਤੀ ਭਗਤ ਵੱਲੋਂ ਗਊਸ਼ਾਲਾਵਾਂ ਨਾਲ ਸਬੰਧਤ ਸਮੱਸਿਆਵਾਂ ਦਾ ਜਲਦ ਹੱਲ ਕਰਵਾਉਣ ਦਾ ਭਰੋਸਾ ਦਿੱਤਾ ਗਿਆ। ਗਊ-ਭਗਤਾਂ ਨੇ ਉਮੀਦ ਜਤਾਈ ਕਿ ਆਉਣ ਵਾਲੇ ਦਿਨਾਂ ਵਿੱਚ ਬਠਿੰਡਾ ਜ਼ਿਲ੍ਹੇ ਦੀਆਂ ਸਰਕਾਰੀ ਗਊਸ਼ਾਲਾਵਾਂ ਦੇ ਹਾਲਾਤਾਂ ਵਿੱਚ ਸੁਧਾਰ ਲਈ ਠੋਸ ਕਦਮ ਚੁੱਕੇ ਜਾਣਗੇ।