ਜਾਗਰੂਕਤਾ ਮੁਹਿੰਮ ਤਹਿਤ ਪਿੰਡਾਂ ’ਚ ਪੁੱਜੀ ਪ੍ਰਚਾਰ ਵੈਨ
ਜਾਗਰੂਕਤਾ ਮੁਹਿੰਮ ਤਹਿਤ ਪਿੰਡਾਂ ’ਚ ਪੁੱਜੀ ਪ੍ਰਚਾਰ ਵੈਨ
Publish Date: Tue, 13 Oct 2026 04:07 PM (IST)
Updated Date: Tue, 13 Oct 2026 04:09 PM (IST)
ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ ਬਠਿੰਡਾ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼ੁਰੂ ਕੀਤੀ ਗਈ ਰਾਜ ਪੱਧਰੀ ਜਾਗਰੂਕਤਾ ਮੁਹਿੰਮ ਤਹਿਤ ਪ੍ਰਚਾਰ ਵੈਨ ਅੱਜ ਵਿਧਾਨ ਸਭਾ ਹਲਕਾ ਭੁੱਚੋ ਮੰਡੀ ਅਧੀਨ ਪੈਂਦੇ ਪਿੰਡ ਸਿਵੀਆ, ਕੋਠੇ ਨਾਥੇਆਣਾ ਤੇ ਕੋਠੇ ਲੱਖੀ ਜੰਗਲ ਵਿਖੇ ਪੁੱਜੀ। ਇਸ ਮੌਕੇ ਪ੍ਰਚਾਰ ਵੈਨ ਰਾਹੀਂ ਸ੍ਰੀ ਗੁਰੂ ਰਵਿਦਾਸ ਜੀ ਦੇ ਜੀਵਨ, ਉਹਨਾਂ ਦੀ ਬਾਣੀ, ਸਮਾਜਿਕ ਬਰਾਬਰੀ, ਆਪਸੀ ਸਦਭਾਵਨਾ ਅਤੇ ਉੱਚ-ਨੀਚ ਦੇ ਭੇਦਭਾਵ ਨੂੰ ਖਤਮ ਕਰਨ ਦੇ ਮਹਾਨ ਸੰਦੇਸ਼ ਤੇ ਆਧਾਰਿਤ ਕਰੀਬ 30 ਮਿੰਟ ਦੀ ਪ੍ਰਭਾਵਸ਼ਾਲੀ ਦਸਤਾਵੇਜੀ ਫਿਲਮ ਦਾ ਪ੍ਰਦਰਸ਼ਨ ਕੀਤਾ ਗਿਆ। ਦਸਤਾਵੇਜੀ ਫਿਲਮ ਰਾਹੀਂ ਹਾਜ਼ਰ ਲੋਕਾਂ ਨੂੰ ਸ੍ਰੀ ਗੁਰੂ ਰਵਿਦਾਸ ਜੀ ਦੇ ਜੀਵਨ, ਉਹਨਾਂ ਦੀਆਂ ਸਿੱਖਿਆਵਾਂ ਤੇ ਮਨੁੱਖਤਾ ਦੇ ਭਲੇ ਲਈ ਦਿੱਤੇ ਅਮੁੱਲੇ ਸੰਦੇਸ਼ਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਹਾਜ਼ਰ ਦਰਸ਼ਕਾਂ ਨੇ ਗੁਰੂ ਸਾਹਿਬ ਵੱਲੋਂ ਦਰਸਾਏ ਸਮਾਨਤਾ, ਭਾਈਚਾਰੇ ਅਤੇ ਮਨੁੱਖੀ ਏਕਤਾ ਦੇ ਆਦਰਸ਼ਾਂ ਨੂੰ ਆਪਣੇ ਜੀਵਨ ’ਚ ਅਪਣਾਉਣ ਦਾ ਸੰਕਲਪ ਲਿਆ।