ਮੁੱਖ ਮੰਤਰੀ ਦੀ ਲੋਕ ਮਿਲਣੀ 'ਚ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ : ਦਿਆਲਪੁਰਾ ਮੁੱਖ ਮੰਤਰੀ ਦੀ ਲੋਕ ਮਿਲਣੀ 'ਚ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ-ਦਿਆਲਪੁਰਾ
Publish Date: Sat, 05 Sep 2026 04:09 PM (IST)
Updated Date: Sat, 05 Sep 2026 04:13 PM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ ਭਗਤਾ ਭਾਈਕਾ- ਜੁਝਾਰੂ ਆਂਗਨਵਾੜੀ ਵਰਕਰਾਂ ਹੈਲਪਰ ਯੂਨੀਅਨ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ 7 ਸਤੰਬਰ ਦੀ ਪਿੰਡ ਮਹਿਰਾਜ ਵਿਖੇ ਲੋਕ ਮਿਲਣੀ ਪ੍ਰੋਗਰਾਮ ਦੌਰਾਨ ਕੀਤਾ ਜਾਣ ਵਾਲਾ ਰੋਸ ਪ੍ਰਦਰਸ਼ਨ ਸਫਲ ਬਣਾਉਣ ਸਬੰਧੀ ਸਥਾਨਿਕ ਸਹਿਰ ਵਿਖੇ ਇਕ ਅਹਿਮ ਮੀਟਿੰਗ ਹੋਈ, ਜਿਸ ਵਿਚ ਬਲਾਕ ਭਰ ਦੀਆਂ ਸਮੂਹ ਵਰਕਰਾਂ ਤੇ ਹੈਲਪਰਾ ਨੇ ਭਾਗ ਲਿਆ। ਇਸ ਮੀਟਿੰਗ ਨੂੰ ਸੰਬੋਧਨ ਕਰਦੇ ਯੂਨੀਅਨ ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਸ਼ਿੰਦਰਪਾਲ ਕੌਰ ਦਿਆਲਪੁਰਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਆਂਗਣਵਾੜੀ ਵਰਕਰਾਂ ਤੇ ਹੈਲਪਰਾ ਨਾਲ ਚੋਣਾਂ ਤੋਂ ਪਹਿਲਾਂ ਕੀਤਾ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਯੂਨੀਅਨ ਵੱਲੋਂ ਵਾਰ ਵਾਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੀਟਿੰਗ ਲਈ ਬੇਨਤੀ ਕੀਤੀ ਗਈ ਪਰੰਤੂ ਚਾਰ ਸਾਲ ਵਿੱਚ ਮੁੱਖ ਮੰਤਰੀ ਵੱਲੋਂ ਯੂਨੀਅਨ ਨਾਲ ਇੱਕ ਵੀ ਮੀਟਿੰਗ ਨਹੀਂ ਕੀਤੀ ਗਈ। ਯੂਨੀਅਨ ਆਗੂ ਦਿਆਲਪੁਰਾ ਨੇ ਐਲਾਨ ਕੀਤਾ ਕਿ ਜੇਕਰ ਮੁੱਖ ਮੰਤਰੀ ਭਗਵੰਤ ਮਾਨ ਦੀ ਯੂਨੀਅਨ ਨਾਲ ਲੋਕ ਮਿਲਣੀ ਪ੍ਰੋਗਰਾਮ ਤੋਂ ਪਹਿਲਾ ਪਹਿਲਾ ਮੀਟਿੰਗ ਨਾ ਕਰਵਾਈ ਗਈ ਤਾ ਸਮੂਹ ਆਂਗਣਵਾੜੀ ਵਰਕਰਾਂ ਤੇ ਹੈਲਪਰਾ ਵੱਲੋਂ ਪਿੰਡ ਮਹਿਰਾਜ ਵਿਖੇ 7 ਸਤੰਬਰ ਦੀ ਲੋਕ ਮਿਲਣੀ ਪ੍ਰੋਗਰਾਮ ਦੌਰਾਨ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਦੋਂ ਆਂਗਣਵਾੜੀ ਵਰਕਰਾਂ ਹੈਲਪਰਾਂ ਦੀਆਂ ਮੰਗਾਂ ਪ੍ਰਵਾਨ ਨਹੀ ਕੀਤੀਆਂ ਜਾਦੀਆਂ ਉਸ ਸਮੇਂ ਤੱਕ ਪੰਜਾਬ ਸਰਕਾਰ ਤਿੱਖਾ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਨੇ ਸਮੂਹ ਵਰਕਰਾਂ-ਹੈਲਪਰਾਂ ਨੂੰ ਸਮੇਂ ਸਿਰ ਮਹਿਰਾਜ ਪਹੁੰਚਣ ਦੀ ਅਪੀਲ ਕੀਤੀ। ਜ਼ਿਕਰਯੋਗ ਹੈ ਕਿ ਜੁਝਾਰੂ ਆਂਗਣਵਾੜੀ ਵਰਕਰਾਂ ਹੈਲਪਰ ਯੂਨੀਅਨ ਵੱਲੋਂ ਰੋਸ ਪ੍ਰਦਰਸਨ ਦਾ ਫੈਸਲਾ ਪ੍ਰਸ਼ਾਸਨ ਲਈ ਸਿਰਦਰਦੀ ਬਣ ਸਕਦਾ ਹੈ। ਇਸ ਮੌਕੇ ਆਰਤੀ ਸ਼ਰਮਾ ਬਲਾਕ ਪ੍ਰਧਾਨ, ਗੁਰਮੇਲ ਕੌਰ ਸਰਕਲ ਪ੍ਰਧਾਨ, ਗੁਰਮੀਤ ਕੌਰ ਸਰਕਲ ਪ੍ਰਧਾਨ, ਬਲਵਿੰਦਰ ਕੌਰ ਸਰਕਲ ਪ੍ਰਧਾਨ, ਪਰਮਜੀਤ ਕੌਰ, ਸੁਖਪ੍ਰੀਤ ਕੌਰ, ਕਿਰਨਜੀਤ ਕੌਰ, ਕਰਮਜੀਤ ਕੌਰ, ਰਾਣੀ ਕੌਰ ਆਦਿ ਯੂਨੀਅਨ ਆਗੂ ਸ਼ਾਮਲ ਹੋਏ।