- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹੁਣ ਨਾ ਅਰਜ਼ੀਆਂ ਹੋਣਗੀਆਂ ਜਮ੍ਹਾਂ, ਨਾ ਫਾਈਲਾਂ ਹੋਣਗੀਆਂ ਪਾਸ, ਦੋਹਰੀ ਹੜਤਾਲ ਨਾਲ ਸਰਕਾਰੀ ਕੰਮਕਾਜ ਠੱਪ

ਮਨਿਸਟੀਰੀਅਲ ਮੁਲਾਜ਼ਮਾਂ ਬਾਅਦ ਸੇਵਾ ਕੇਂਦਰ ਦੇ ਮੁਲਾਜ਼ਮਾਂ ਨੇ ਵੀ ਸ਼ੁਰੂ ਕੀਤੀ ਹੜਤਾਲ, ਸੇਵਾ ਕੇਂਦਰਾਂ ਤੋਂ ਲੈ ਕੇ ਤਹਿਸੀਲਾਂ ਤਕ ਸੇਵਾਵਾਂ ਪ੍ਰਭਾਵਿਤ, ਤਨਖ਼ਾਹਾਂ ਤੇ ਮੰਗਾਂ ਨੂੰ ਲੈ ਕੇ ਕਰਮਚਾਰੀਆਂ ਦੇ ਸੰਘਰਸ਼ ਦਾ ਸਿੱਧਾ ਅਸਰ ਲੋਕਾਂ 'ਤੇ
ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਜ਼ਿਲ੍ਹੇ ਵਿੱਚ ਸਰਕਾਰੀ ਸੇਵਾਵਾਂ ਲਈ ਆਉਣ ਵਾਲੇ ਆਮ ਲੋਕਾਂ ਦੀਆਂ ਮੁਸ਼ਕਲਾਂ ਦਿਨੋਂ-ਦਿਨ ਵੱਧਦੀਆਂ ਜਾ ਰਹੀਆਂ ਹਨ। ਵੀਰਵਾਰ ਨੂੰ ਦੋ ਵੱਖ-ਵੱਖ ਕਰਮਚਾਰੀ ਜਥੇਬੰਦੀਆਂ ਦੀ ਹੜਤਾਲ ਕਾਰਨ ਜ਼ਿਲ੍ਹੇ ਦਾ ਸਰਕਾਰੀ ਕੰਮਕਾਜ ਬੁਰੀ ਤਰ੍ਹਾਂ ਪ੍ਰਭਾਵਿਤ ਰਿਹਾ। ਇਕ ਪਾਸੇ ਸੇਵਾ ਕੇਂਦਰਾਂ ਦੇ ਕਰਮਚਾਰੀਆਂ ਨੇ ਦੋ ਮਹੀਨਿਆਂ ਤੋਂ ਤਨਖ਼ਾਹ ਨਾ ਮਿਲਣ ਦੇ ਰੋਸ ਵਜੋਂ ਵੀਰਵਾਰ ਦੁਪਹਿਰ 2 ਵਜੇ ਤੋਂ ਅਚਾਨਕ ਕਲਮ ਛੋਡ ਹੜਤਾਲ ਸ਼ੁਰੂ ਕਰ ਦਿੱਤੀ, ਜਦਕਿ ਦੂਜੇ ਪਾਸੇ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸ ਯੂਨੀਅਨ ਦੀ ਦੋ ਰੋਜ਼ਾ ਹੜਤਾਲ ਦੂਜੇ ਦਿਨ ਵੀ ਜਾਰੀ ਰਹੀ।
ਦੋਵਾਂ ਹੜਤਾਲਾਂ ਦਾ ਸਭ ਤੋਂ ਵੱਧ ਅਸਰ ਆਮ ਲੋਕਾਂ 'ਤੇ ਪਿਆ, ਜਿਨ੍ਹਾਂ ਨੂੰ ਆਪਣੇ ਜ਼ਰੂਰੀ ਕੰਮਾਂ ਲਈ ਸਰਕਾਰੀ ਦਫ਼ਤਰਾਂ ਦੇ ਚੱਕਰ ਲਗਾਉਣੇ ਪੈ ਰਹੇ ਹਨ। ਹੜਤਾਲ ਕਾਰਨ ਨਾ ਤਾਂ ਨਵੀਆਂ ਅਰਜ਼ੀਆਂ ਜਮ੍ਹਾਂ ਹੋ ਸਕੀਆਂ ਅਤੇ ਨਾ ਹੀ ਪਹਿਲਾਂ ਤੋਂ ਲੰਬਿਤ ਫਾਈਲਾਂ ਦੀ ਕਾਰਵਾਈ ਅੱਗੇ ਵਧ ਸਕੀ। ਲੋਕ ਜਨਮ-ਮੌਤ ਸਰਟੀਫਿਕੇਟ, ਆਮਦਨ, ਜਾਤੀ, ਨਿਵਾਸ ਪ੍ਰਮਾਣ ਪੱਤਰ, ਪੈਨਸ਼ਨ ਅਤੇ ਜ਼ਮੀਨ ਨਾਲ ਸਬੰਧਤ ਕੰਮਾਂ ਲਈ ਸੇਵਾ ਕੇਂਦਰਾਂ ਅਤੇ ਤਹਿਸੀਲਾਂ ਵਿੱਚ ਪਹੁੰਚੇ, ਪਰ ਕਰਮਚਾਰੀਆਂ ਦੀ ਗੈਰਹਾਜ਼ਰੀ ਕਾਰਨ ਉਨ੍ਹਾਂ ਨੂੰ ਨਿਰਾਸ਼ ਹੋ ਕੇ ਵਾਪਸ ਮੁੜਨਾ ਪਿਆ। ਸੇਵਾ ਕੇਂਦਰ ਦੇ ਮੁਲਾਜ਼ਮਾਂ ਨੇ ਸਮੁੱਚੇ ਪੰਜਾਬ ਵਿਚ ਇਹ ਹੜਤਾਲ ਸ਼ੁਰੂ ਕਰ ਦਿੱਤੀ ਹੈ।
ਦੋ ਮਹੀਨਿਆਂ ਤੋਂ ਤਨਖ਼ਾਹ ਨਾ ਮਿਲਣ ਕਾਰਨ ਸੇਵਾ ਕੇਂਦਰਾਂ ਦੇ ਕਰਮਚਾਰੀ ਹੜਤਾਲ 'ਤੇ
ਸੇਵਾ ਕੇਂਦਰਾਂ ਵਿੱਚ ਤਾਇਨਾਤ ਸੁਰੱਖਿਆ ਕਰਮਚਾਰੀ, ਸਫ਼ਾਈ ਕਰਮਚਾਰੀ ਅਤੇ ਡੋਰ-ਸਟੈਪ ਡਿਲੀਵਰੀ ਕਰਮਚਾਰੀ ਪਿਛਲੇ ਦੋ ਮਹੀਨਿਆਂ ਤੋਂ ਤਨਖ਼ਾਹ ਨਾ ਮਿਲਣ ਕਾਰਨ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਹਨ। ਇਸ ਤੋਂ ਇਲਾਵਾ ਡੋਰ-ਸਟੈਪ ਡਿਲੀਵਰੀ ਕਰਮਚਾਰੀਆਂ ਨੂੰ ਯਾਤਰਾ ਭੱਤਾ (ਟੀਏ) ਵੀ ਜਾਰੀ ਨਹੀਂ ਕੀਤਾ ਗਿਆ। ਲਗਾਤਾਰ ਅਧਿਕਾਰੀਆਂ ਕੋਲ ਮੰਗਾਂ ਰੱਖਣ ਦੇ ਬਾਵਜੂਦ ਕੋਈ ਹੱਲ ਨਾ ਨਿਕਲਣ ਕਾਰਨ ਕਰਮਚਾਰੀਆਂ ਨੇ ਕਲਮ ਛੋਡ ਹੜਤਾਲ ਕਰਨ ਦਾ ਫ਼ੈਸਲਾ ਲਿਆ, ਜਿਸ ਨੂੰ ਸੇਵਾ ਕੇਂਦਰਾਂ ਦੇ ਆਪਰੇਟਰਾਂ ਦਾ ਵੀ ਸਮਰਥਨ ਮਿਲਿਆ। ਕਰਮਚਾਰੀਆਂ ਨੇ ਐਲਾਨ ਕੀਤਾ ਕਿ ਉਨ੍ਹਾਂ ਦੀ ਹੜਤਾਲ ਸ਼ਨੀਵਾਰ ਤਕ ਜਾਰੀ ਰਹੇਗੀ। ਜੇਕਰ ਇਸ ਦੌਰਾਨ ਸਰਕਾਰ ਜਾਂ ਪ੍ਰਸ਼ਾਸਨ ਵੱਲੋਂ ਕੋਈ ਸਕਾਰਾਤਮਕ ਫ਼ੈਸਲਾ ਨਾ ਲਿਆ ਗਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।
ਬਾਕਸ
32 ਸੇਵਾ ਕੇਂਦਰਾਂ ’ਚ ਹਜ਼ਾਰਾਂ ਅਰਜ਼ੀਆਂ ਲਟਕੀਆਂ
ਜ਼ਿਲ੍ਹੇ ਦੇ 32 ਸੇਵਾ ਕੇਂਦਰਾਂ ਵਿੱਚ ਰੋਜ਼ਾਨਾ ਇਕ ਹਜ਼ਾਰ ਤੋਂ ਵੱਧ ਲੋਕ ਵੱਖ-ਵੱਖ ਸਰਕਾਰੀ ਸੇਵਾਵਾਂ ਲਈ ਅਰਜ਼ੀਆਂ ਜਮ੍ਹਾਂ ਕਰਵਾਉਣ ਪਹੁੰਚਦੇ ਹਨ। ਵੀਰਵਾਰ ਦੁਪਹਿਰ ਹੜਤਾਲ ਸ਼ੁਰੂ ਹੋਣ ਨਾਲ ਅਰਜ਼ੀਆਂ ਦੀ ਪ੍ਰਕਿਰਿਆ ਲਗਭਗ ਠੱਪ ਹੋ ਗਈ। ਬਹੁਤ ਸਾਰੇ ਲੋਕ ਸਵੇਰੇ ਤੋਂ ਆਪਣੇ ਕੰਮਾਂ ਲਈ ਕੇਂਦਰਾਂ ਵਿੱਚ ਪਹੁੰਚੇ, ਪਰ ਕਰਮਚਾਰੀਆਂ ਦੇ ਹੜਤਾਲ 'ਤੇ ਚਲੇ ਜਾਣ ਕਾਰਨ ਉਨ੍ਹਾਂ ਨੂੰ ਬਿਨਾਂ ਕੰਮ ਕਰਵਾਏ ਹੀ ਵਾਪਸ ਜਾਣਾ ਪਿਆ। ਕਈ ਲੋਕ ਲਾਇਨਾਂ ਵਿਚ ਲੱਗੇ ਰਹੇ ਪਰ ਜਦੋਂ ਉਨ੍ਹਾਂ ਦੀ ਵਾਰੀ ਆਈ ਤਾਂ ਹੜਤਾਲਾ ਸ਼ੁਰੂ ਹੋ ਗਈ। ਹਾਲਾਂਕਿ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਥਿਤ ਸੇਵਾ ਕੇਂਦਰ ਵਿੱਚ ਕੁਝ ਆਪਰੇਟਰ ਕੰਮ ਕਰਦੇ ਨਜ਼ਰ ਆਏ, ਪਰ ਬਿਨਾਂ ਹੋਰ ਸਟਾਫ਼ ਦੇ ਸਾਰੇ ਬਿਨੈਕਾਰਾਂ ਦੇ ਕੰਮ ਪੂਰੇ ਨਹੀਂ ਹੋ ਸਕੇ। ਇਸ ਕਾਰਨ ਲੋਕਾਂ ਨੂੰ ਘੰਟਿਆਂ ਉਡੀਕ ਕਰਨ ਦੇ ਬਾਵਜੂਦ ਨਿਰਾਸ਼ਾ ਹੀ ਹੱਥ ਲੱਗੀ।
ਬਾਕਸ
ਲੋਕਾਂ ਨੂੰ ਝੱਲਣੀ ਪਈ ਪਰੇਸ਼ਾਨੀ
ਪਿੰਡ ਫੁੱਲੋਖਾਰੀ ਤੋਂ ਆਏ ਜਸਵੀਰ ਸਿੰਘ ਨੇ ਦੱਸਿਆ ਕਿ ਉਹ ਜ਼ਮੀਨ ਨਾਲ ਸਬੰਧਤ ਕੰਮ ਲਈ ਸੇਵਾ ਕੇਂਦਰ ਪਹੁੰਚੇ ਸਨ। ਉਨ੍ਹਾਂ ਨੂੰ ਉਮੀਦ ਸੀ ਕਿ ਉਨ੍ਹਾਂ ਦਾ ਕੰਮ ਸਮੇਂ ਸਿਰ ਹੋ ਜਾਵੇਗਾ, ਪਰ ਉੱਥੇ ਪਹੁੰਚ ਕੇ ਹੜਤਾਲ ਦੀ ਜਾਣਕਾਰੀ ਮਿਲੀ। ਉਨ੍ਹਾਂ ਕਿਹਾ ਕਿ ਦੂਰ-ਦੁਰਾਡੇ ਤੋਂ ਆਉਣ ਵਾਲੇ ਲੋਕਾਂ ਦਾ ਸਮਾਂ ਅਤੇ ਪੈਸਾ ਦੋਵੇਂ ਖ਼ਰਾਬ ਹੋ ਰਹੇ ਹਨ। ਇਸੇ ਤਰ੍ਹਾਂ ਭੋਲਾ ਸਿੰਘ ਨੇ ਦੱਸਿਆ ਕਿ ਉਹ ਵੀ ਜ਼ਮੀਨ ਨਾਲ ਸਬੰਧਤ ਜ਼ਰੂਰੀ ਕੰਮ ਲਈ ਸੇਵਾ ਕੇਂਦਰ ਆਏ ਸਨ, ਪਰ ਹੜਤਾਲ ਕਾਰਨ ਉਨ੍ਹਾਂ ਦਾ ਕੰਮ ਨਹੀਂ ਹੋ ਸਕਿਆ। ਉਨ੍ਹਾਂ ਕਿਹਾ ਕਿ ਜੇ ਪਹਿਲਾਂ ਤੋਂ ਸੂਚਨਾ ਮਿਲ ਜਾਂਦੀ ਤਾਂ ਉਹ ਵਿਅਰਥ ਖੱਜਲ-ਖੁਆਰ ਨਾ ਹੁੰਦੇ।
ਬਾਕਸ
ਮਿਨਿਸਟਰੀਅਲ ਕਰਮਚਾਰੀਆਂ ਦੀ ਹੜਤਾਲ ਨਾਲ ਤਹਿਸੀਲਾਂ ਵਿੱਚ ਰਜਿਸਟਰੀਆਂ ਬੰਦ
ਪੰਜਾਬ ਸਟੇਟ ਮਿਨਿਸਟਰੀਅਲ ਸਰਵਿਸ ਯੂਨੀਅਨ ਦੀ ਦੋ ਦਿਨਾਂ ਹੜਤਾਲ ਦਾ ਅਸਰ ਤਹਿਸੀਲਾਂ ਅਤੇ ਹੋਰ ਸਰਕਾਰੀ ਦਫ਼ਤਰਾਂ ਵਿੱਚ ਵੀ ਸਪੱਸ਼ਟ ਤੌਰ 'ਤੇ ਦੇਖਣ ਨੂੰ ਮਿਲਿਆ। ਕਰਮਚਾਰੀਆਂ ਦੀ ਗੈਰਹਾਜ਼ਰੀ ਕਾਰਨ ਜ਼ਮੀਨ, ਮਕਾਨ ਅਤੇ ਹੋਰ ਜਾਇਦਾਦਾਂ ਦੀਆਂ ਰਜਿਸਟਰੀਆਂ ਦਾ ਕੰਮ ਪੂਰੀ ਤਰ੍ਹਾਂ ਠੱਪ ਰਿਹਾ। ਰੋਜ਼ਾਨਾ ਆਨਲਾਈਨ ਅਪਾਇੰਟਮੈਂਟ ਲੈ ਕੇ ਪਹੁੰਚਣ ਵਾਲੇ ਲੋਕਾਂ ਨੂੰ ਵੀ ਬਿਨਾਂ ਰਜਿਸਟਰੀ ਕਰਵਾਏ ਵਾਪਸ ਜਾਣਾ ਪਿਆ। ਕਈ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੇ ਬੈਂਕ ਲੋਨ, ਜਾਇਦਾਦ ਦੀ ਖਰੀਦ-ਫ਼ਰੋਖ਼ਤ ਅਤੇ ਹੋਰ ਲੈਣ-ਦੇਣ ਲਈ ਪਹਿਲਾਂ ਤੋਂ ਸਾਰੀਆਂ ਤਿਆਰੀਆਂ ਕਰ ਰੱਖੀਆਂ ਸਨ, ਪਰ ਹੜਤਾਲ ਕਾਰਨ ਉਨ੍ਹਾਂ ਦੀਆਂ ਯੋਜਨਾਵਾਂ ਪ੍ਰਭਾਵਿਤ ਹੋ ਗਈਆਂ।
ਬਾਕਸ
ਪ੍ਰਮਾਣ ਪੱਤਰਾਂ ਦੀ ਪ੍ਰਕਿਰਿਆ ਵੀ ਪ੍ਰਭਾਵਿਤ
ਮਨਿਸਟੀਰੀਅਲ ਕਰਮਚਾਰੀਆਂ ਦੀ ਹੜਤਾਲ ਕਾਰਨ ਸੇਵਾ ਕੇਂਦਰਾਂ ਵਿੱਚ ਜਮ੍ਹਾਂ ਹੋਈਆਂ ਫਾਈਲਾਂ ਦੀ ਜਾਂਚ ਅਤੇ ਮਨਜ਼ੂਰੀ ਦਾ ਕੰਮ ਵੀ ਰੁਕ ਗਿਆ। ਇਸ ਕਾਰਨ ਜਨਮ ਅਤੇ ਮੌਤ ਸਰਟੀਫਿਕੇਟ, ਆਮਦਨ, ਜਾਤੀ ਅਤੇ ਨਿਵਾਸ ਪ੍ਰਮਾਣ ਪੱਤਰ, ਪੈਨਸ਼ਨ ਅਤੇ ਹੋਰ ਸਰਕਾਰੀ ਸੇਵਾਵਾਂ ਨਾਲ ਸਬੰਧਤ ਹਜ਼ਾਰਾਂ ਮਾਮਲੇ ਲੰਬਿਤ ਹੋ ਗਏ ਹਨ। ਲੋਕਾਂ ਨੂੰ ਆਸ ਸੀ ਕਿ ਉਨ੍ਹਾਂ ਦੇ ਕੰਮ ਨਿਰਧਾਰਤ ਸਮੇਂ ਅੰਦਰ ਹੋ ਜਾਣਗੇ, ਪਰ ਹੜਤਾਲ ਕਾਰਨ ਉਨ੍ਹਾਂ ਨੂੰ ਹੋਰ ਉਡੀਕ ਕਰਨੀ ਪਵੇਗੀ।
ਬਾਕਸ
ਯੂਨੀਅਨ ਨੇ ਸਰਕਾਰ ਤੋਂ ਮੰਗਿਆ ਹੱਲ
ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸ ਯੂਨੀਅਨ ਦੇ ਪ੍ਰਧਾਨ ਕੇਵਲ ਬਾਂਸਲ ਨੇ ਕਿਹਾ ਕਿ ਕਰਮਚਾਰੀ ਲੰਮੇ ਸਮੇਂ ਤੋਂ ਆਪਣੀਆਂ ਮੰਗਾਂ ਸਬੰਧੀ ਸਰਕਾਰ ਨਾਲ ਗੱਲਬਾਤ ਕਰ ਰਹੇ ਹਨ, ਪਰ ਅਜੇ ਤਕ ਕੋਈ ਠੋਸ ਹੱਲ ਨਹੀਂ ਨਿਕਲਿਆ। ਉਨ੍ਹਾਂ ਦੱਸਿਆ ਕਿ ਪੁਰਾਣੀ ਪੈਨਸ਼ਨ ਸਕੀਮ ਨੂੰ ਬਹਾਲ ਕਰਨ, ਬਕਾਇਆ ਮਹਿੰਗਾਈ ਭੱਤਾ (ਡੀਏ) ਜਾਰੀ ਕਰਨ, ਕੱਚੇ ਕਰਮਚਾਰੀਆਂ ਨੂੰ ਪੱਕਾ ਕਰਨ ਅਤੇ ਹੋਰ ਸੇਵਾ ਸਬੰਧੀ ਮੰਗਾਂ ਨੂੰ ਲੈ ਕੇ ਇਹ ਸੰਘਰਸ਼ ਕੀਤਾ ਜਾ ਰਿਹਾ ਹੈ। ਫਿਲਹਾਲ ਦੋਵਾਂ ਕਰਮਚਾਰੀ ਜਥੇਬੰਦੀਆਂ ਦੀ ਹੜਤਾਲ ਕਾਰਨ ਜ਼ਿਲ੍ਹੇ ਵਿੱਚ ਸਰਕਾਰੀ ਸੇਵਾਵਾਂ ਦੀ ਰਫ਼ਤਾਰ ਪੂਰੀ ਤਰ੍ਹਾਂ ਮੱਠੀ ਪੈ ਗਈ ਹੈ। ਜੇਕਰ ਜਲਦੀ ਹੱਲ ਨਾ ਨਿਕਲਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਆਮ ਲੋਕਾਂ ਦੀਆਂ ਮੁਸ਼ਕਲਾਂ ਹੋਰ ਵੀ ਵੱਧ ਸਕਦੀਆਂ ਹਨ।