ਪੀਆਰਟੀਸੀ ਕਰਮਚਾਰੀਆਂ ਦੀ ਅਣਮਿੱਥੇ ਸਮੇਂ ਲਈ ਹੜਤਾਲ, ਵੱਖ ਵੱਖ ਰੂਟਾਂ ’ਤੇ ਬੱਸਾਂ ਦੀ ਘਾਟ ਕਾਰਨ ਸਵਾਰੀਆਂ ਪ੍ਰੇਸ਼ਾਨ ਪੀਆਰਟੀਸੀ ਕਰਮਚਾਰੀਆਂ ਦੀ ਅਣਮਿਥੇ ਸਮੇਂ ਲਈ ਹੜਤਾਲ, ਵੱਖ ਵੱਖ ਰੂਟਾਂ ’ਤੇ ਬੱਸਾਂ ਦੀ ਘਾਟ ਕਾਰਨ ਸਵਾਰੀਆਂ ਪ੍ਰੇਸ਼ਾਨ
Publish Date: Thu, 16 Jul 2026 05:06 PM (IST)
Updated Date: Fri, 17 Jul 2026 04:01 AM (IST)
ਮੁਲਾਜ਼ਮ ਦੀ ਬਹਾਲੀ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ, ਸ਼ੁੱਕਰਵਾਰ ਤੋਂ ਪੰਜਾਬ ਰੋਡਵੇਜ਼ ਦੇ 18 ਡਿਪੂ ਬੰਦ ਕਰਨ ਦਾ ਐਲਾਨ, ਚੰਡੀਗੜ੍ਹ ਡਿਪੂ ਦੇ ਮੁਲਾਜ਼ਮ ਨੂੰ ਨੌਕਰੀ ਤੋਂ ਕੱਢਣ ਖਿਲਾਫ਼ ਕੀਤਾ ਸੰਘਰਸ਼ ਸ਼ੁਰੂ ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ, ਬਠਿੰਡਾ : ਪੀਆਰਟੀਸੀ ਚੰਡੀਗੜ੍ਹ ਡਿਪੂ ਦੇ ਇਕ ਮੁਲਾਜ਼ਮ ਦੀ ਕਥਿਤ ਤੌਰ ਤੇ ਬਿਨਾਂ ਕਿਸੇ ਠੋਸ ਕਾਰਨ ਸੇਵਾ ਖ਼ਤਮ ਕੀਤੇ ਜਾਣ ਦੇ ਵਿਰੋਧ ਵਿੱਚ ਪੰਜਾਬ ਰੋਡਵੇਜ਼ ਅਤੇ ਪੀਆਰਟੀਸੀ ਦੇ ਕਰਮਚਾਰੀਆਂ ਨੇ ਸੰਘਰਸ਼ ਤੇਜ਼ ਕਰ ਦਿੱਤਾ ਹੈ। ਇਸੇ ਤਹਿਤ ਬਠਿੰਡਾ ਪੀਆਰਟੀਸੀ ਡਿਪੂ ਦੇ ਮੁੱਖ ਗੇਟ ਤੇ ਕਰਮਚਾਰੀਆਂ ਨੇ ਧਰਨਾ ਦੇ ਕੇ ਪੰਜਾਬ ਸਰਕਾਰ ਅਤੇ ਵਿਭਾਗ ਦੇ ਪ੍ਰਬੰਧਕਾਂ ਖ਼ਿਲਾਫ਼ ਜ਼ੋਰਦਾਰ ਪ੍ਰਦਰਸ਼ਨ ਕੀਤਾ। ਮੁਲਾਜ਼ਮਾਂ ਦੀ ਹੜਤਾਲ ਕਾਰਨ ਬੱਸ ਸੇਵਾ ਪ੍ਰਭਾਵਿਤ ਹੋਈ। ਵੱਖ ਵੱਖ ਰੂਟਾਂ ’ਤੇ ਬੱਸਾਂ ਦੀ ਘਾਟ ਕਾਰਨ ਸਵਾਰੀਆਂ ਨੂੰ ਪ੍ਰੇਸ਼ਾਨੀ ਝੱਲਣੀ ਪਈ। ਧਰਨੇ ਦੌਰਾਨ ਕਰਮਚਾਰੀਆਂ ਨੇ ਨਾਅਰੇਬਾਜ਼ੀ ਕਰਦਿਆਂ ਮੰਗ ਕੀਤੀ ਕਿ ਚੰਡੀਗੜ੍ਹ ਡਿਪੂ ਤੋਂ ਹਟਾਏ ਗਏ ਮੁਲਾਜ਼ਮ ਨੂੰ ਤੁਰੰਤ ਬਹਾਲ ਕੀਤਾ ਜਾਵੇ। ਯੂਨੀਅਨ ਆਗੂਆਂ ਨੇ ਸਪੱਸ਼ਟ ਕੀਤਾ ਕਿ ਜਦੋਂ ਤੱਕ ਸਬੰਧਤ ਕਰਮਚਾਰੀ ਨੂੰ ਮੁੜ ਨੌਕਰੀ ਤੇ ਨਹੀਂ ਲਿਆ ਜਾਂਦਾ, ਉਦੋਂ ਤਕ ਉਨ੍ਹਾਂ ਦੀ ਹੜਤਾਲ ਜਾਰੀ ਰਹੇਗੀ। ਯੂਨੀਅਨ ਆਗੂਆਂ ਨੇ ਦੱਸਿਆ ਕਿ ਮੌਜੂਦਾ ਸਮੇਂ ਵਿੱਚ ਪੀਆਰਟੀਸੀ ਦੇ 9 ਡਿਪੂ ਬੰਦ ਕੀਤੇ ਜਾ ਚੁੱਕੇ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਕਰਮਚਾਰੀ ਦੀ ਬਹਾਲੀ ਸਬੰਧੀ ਜਲਦ ਕੋਈ ਫੈਸਲਾ ਨਾ ਲਿਆ ਤਾਂ ਸ਼ੁੱਕਰਵਾਰ ਤੋਂ ਪੰਜਾਬ ਰੋਡਵੇਜ਼ ਦੇ 18 ਡਿਪੂ ਵੀ ਬੰਦ ਕਰ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਅੰਦੋਲਨ ਨੂੰ ਪੜਾਅਵਾਰ ਹੋਰ ਤੇਜ਼ ਕੀਤਾ ਜਾਵੇਗਾ ਅਤੇ ਇਸ ਦੀ ਪੂਰੀ ਜ਼ਿੰਮੇਵਾਰੀ ਸਰਕਾਰ ਅਤੇ ਵਿਭਾਗੀ ਪ੍ਰਬੰਧਨ ਦੀ ਹੋਵੇਗੀ। ਬਾਕਸ ਹੜਤਾਲ ਦਾ ਬੱਸ ਸੇਵਾਵਾਂ ਤੇ ਅਸਰ ਦੂਜੇ ਪਾਸੇ ਪੰਜਾਬ ਰੋਡਵੇਜ਼ ਅਤੇ ਪੀਆਰਟੀਸੀ ਕਰਮਚਾਰੀਆਂ ਦੀ ਹੜਤਾਲ ਦਾ ਅਸਰ ਬਠਿੰਡਾ ਸਮੇਤ ਕਈ ਥਾਵਾਂ ਤੇ ਬੱਸ ਸੇਵਾਵਾਂ ਤੇ ਦੇਖਣ ਨੂੰ ਮਿਲਿਆ। ਕਈ ਸਰਕਾਰੀ ਬੱਸਾਂ ਦਾ ਸੰਚਾਲਨ ਪ੍ਰਭਾਵਿਤ ਹੋਣ ਕਾਰਨ ਯਾਤਰੀਆਂ ਨੂੰ ਬੱਸ ਅੱਡਿਆਂ ਤੇ ਲੰਬਾ ਸਮਾਂ ਇੰਤਜ਼ਾਰ ਕਰਨਾ ਪਿਆ। ਸਭ ਤੋਂ ਵੱਧ ਪਰੇਸ਼ਾਨੀ ਮਹਿਲਾ ਯਾਤਰੀਆਂ, ਵਿਦਿਆਰਥੀਆਂ ਅਤੇ ਰੋਜ਼ਾਨਾ ਆਉਣ-ਜਾਣ ਵਾਲੇ ਨੌਕਰੀਪੇਸ਼ਾ ਲੋਕਾਂ ਨੂੰ ਹੋਈ। ਯਾਤਰੀਆਂ ਨੇ ਸਰਕਾਰ ਅਤੇ ਕਰਮਚਾਰੀ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਜਲਦ ਗੱਲਬਾਤ ਰਾਹੀਂ ਮਸਲੇ ਦਾ ਹੱਲ ਕੱਢਿਆ ਜਾਵੇ ਤਾਂ ਜੋ ਆਮ ਲੋਕਾਂ ਨੂੰ ਵਾਰ-ਵਾਰ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਬਾਕਸ ਰੋਡਵੇਜ਼ ਹੜਤਾਲ ਕਾਰਨ ਯਾਤਰੀ ਪਰੇਸ਼ਾਨ, ਬੱਸਾਂ ਦੀ ਉਡੀਕ ਵਿੱਚ ਲੰਘੇ ਘੰਟੇ ਬੱਸ ਅੱਡੇ ਤੇ ਮੌਜੂਦ ਯਾਤਰੀਆਂ ਨੇ ਦੱਸਿਆ ਕਿ ਹੜਤਾਲ ਕਾਰਨ ਉਨ੍ਹਾਂ ਦੀ ਯਾਤਰਾ ਪ੍ਰਭਾਵਿਤ ਹੋਈ ਹੈ। ਸਿਮਰਜੀਤ ਕੌਰ ਨੇ ਦੱਸਿਆ ਕਿ ਉਸ ਨੇ ਡੱਬਵਾਲੀ ਜਾਣਾ ਸੀ, ਪਰ ਹੜਤਾਲ ਕਾਰਨ ਉਸ ਨੂੰ ਸਮੇਂ ਸਿਰ ਬੱਸ ਨਹੀਂ ਮਿਲ ਸਕੀ। ਉਸ ਨੇ ਕਿਹਾ ਕਿ ਬੱਸ ਦੀ ਉਡੀਕ ਵਿੱਚ ਉਸ ਨੂੰ ਕਈ ਘੰਟਿਆਂ ਤੱਕ ਬੱਸ ਅੱਡੇ ਤੇ ਬੈਠਣਾ ਪਿਆ, ਜਿਸ ਕਾਰਨ ਕਾਫ਼ੀ ਪਰੇਸ਼ਾਨੀ ਹੋਈ। ਇਸੇ ਤਰ੍ਹਾਂ ਬਜ਼ੁਰਗ ਔਰਤ ਭੋਲੀ ਕੌਰ ਨੇ ਕਿਹਾ ਕਿ ਰੋਡਵੇਜ਼ ਮੁਲਾਜ਼ਮਾਂ ਦੀ ਹੜਤਾਲ ਕਾਰਨ ਆਮ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਯੂਨੀਅਨ ਆਗੂਆਂ ਨੇ ਦੁਹਰਾਇਆ ਕਿ ਉਨ੍ਹਾਂ ਦਾ ਅੰਦੋਲਨ ਪੂਰੀ ਤਰ੍ਹਾਂ ਸ਼ਾਂਤੀਪੂਰਨ ਰਹੇਗਾ, ਪਰ ਕਰਮਚਾਰੀ ਦੀ ਬਹਾਲੀ ਤੱਕ ਇਸ ਨੂੰ ਕਿਸੇ ਵੀ ਕੀਮਤ ਤੇ ਵਾਪਸ ਨਹੀਂ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਸਮੇਂ ਸਿਰ ਕੋਈ ਸਕਾਰਾਤਮਕ ਫੈਸਲਾ ਨਾ ਲਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਪੂਰੇ ਪੰਜਾਬ ਵਿੱਚ ਆਵਾਜਾਈ ਸੇਵਾਵਾਂ ਹੋਰ ਪ੍ਰਭਾਵਿਤ ਹੋ ਸਕਦੀਆਂ ਹਨ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਮਾਮਲੇ ਦਾ ਤੁਰੰਤ ਹੱਲ ਕੱਢ ਕੇ ਬੱਸ ਸੇਵਾਵਾਂ ਨੂੰ ਆਮ ਕੀਤਾ ਜਾਵੇ।