ਗਊਵੰਸ਼ ਦੀਆਂ ਮ੍ਰਿਤਕ ਦੇਹਾਂ ਚੁਕਵਾਉਣ ਲਈ ਨਗਰ ਕੌਂਸਲ ਅੱਗੇ ਧਰਨਾ ਗੌਵੰਸ਼ ਦੀਆਂ ਮ੍ਰਿਤਕ ਦੇਹਾਂ ਚੁਕਵਾਉਣ ਲਈ ਨਗਰ ਕੌਂਸਲ ਅੱਗੇ ਧਰਨਾ
Publish Date: Wed, 12 Aug 2026 05:28 PM (IST)
Updated Date: Wed, 12 Aug 2026 05:29 PM (IST)
ਮਨਪ੍ਰੀਤ ਸਿੰਘ ਗਿੱਲ, ਪੰਜਾਬੀ ਜਾਗਰਣ, ਰਾਮਪੁਰਾ ਫੂਲ ਸ਼ਹਿਰ ਦੀ ਹਦੂਦ ਅੰਦਰ ਗਊਵੰਸ਼ ਦੀਆਂ ਮ੍ਰਿਤਕ ਦੇਹਾਂ ਚੁਕਵਾਉਣ ਲਈ ਪੱਕਾ ਪ੍ਰਬੰਧ ਕਰਨ ਦੀ ਮੰਗ ਨੂੰ ਲੈ ਕੇ ਵੱਖ-ਵੱਖ ਗੌਸ਼ਾਲਾਵਾਂ, ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਵੱਲੋਂ ਨਗਰ ਕੌਂਸਲ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ। ਧਰਨਾਕਾਰੀਆਂ ਨੇ ਨਗਰ ਕੌਂਸਲ ਅਤੇ ਪ੍ਰਸ਼ਾਸਨ ਤੋਂ ਇਸ ਗੰਭੀਰ ਸਮੱਸਿਆ ਦਾ ਸਥਾਈ ਹੱਲ ਕਰਨ ਦੀ ਮੰਗ ਕੀਤੀ। ਧਰਨਾਕਾਰੀਆਂ ਨੇ ਦੱਸਿਆ ਕਿ ਸ਼ਹਿਰ ਵਿਚ ਕਿਸੇ ਗਊਵੰਸ਼ ਦੀ ਮੌਤ ਹੋਣ ’ਤੇ ਮ੍ਰਿਤਕ ਦੇਹ ਚੁਕਵਾਉਣ ਲਈ ਕੋਈ ਪੱਕਾ ਪ੍ਰਬੰਧ ਨਹੀਂ ਹੈ। ਇਸ ਕਾਰਨ ਦੇਹਾਂ ਕਈ ਵਾਰ ਲੰਬੇ ਸਮੇਂ ਤੱਕ ਰੁਲਦੀਆਂ ਰਹਿੰਦੀਆਂ ਹਨ, ਜਿਸ ਨਾਲ ਸ਼ਹਿਰ ਵਾਸੀਆਂ ਅਤੇ ਗਊਸ਼ਾਲਾ ਪ੍ਰਬੰਧਕਾਂ ਨੂੰ ਪ੍ਰੇਸ਼ਾਨੀ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਗਊਵੰਸ਼ ਨੂੰ ਚੁਕਵਾਉਣ ਲਈ ਗਊਸ਼ਾਲਾਵਾਂ ਨੂੰ ਆਪਣੇ ਪੱਧਰ ’ਤੇ ਲਗਪਗ 1000 ਰੁਪਏ ਖਰਚ ਕਰਨੇ ਪੈਂਦੇ ਹਨ। ਉਨ੍ਹਾਂ ਕਿਹਾ ਕਿ 20 ਅਪ੍ਰੈਲ ਨੂੰ ਨਗਰ ਕੌਂਸਲ ਦੇ ਈਓ ਅਤੇ ਪ੍ਰਧਾਨ ਵੱਲੋਂ ਇਹ ਮਸਲਾ 1 ਮਈ ਤੱਕ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਸੀ, ਪਰ ਕੋਈ ਠੋਸ ਕਾਰਵਾਈ ਨਾ ਹੋਣ ਕਾਰਨ ਰੋਸ ਪੈਦਾ ਹੋਇਆ। 8 ਅਗਸਤ ਨੂੰ ਨੰਦੀ ਗਊਸ਼ਾਲਾ ਵਿਖੇ ਹੋਈ ਮੀਟਿੰਗ ਦੌਰਾਨ 12 ਅਗਸਤ ਨੂੰ ਧਰਨਾ ਦੇਣ ਦਾ ਫੈਸਲਾ ਕੀਤਾ ਗਿਆ ਸੀ। ਧਰਨੇ ਦੌਰਾਨ ਨਗਰ ਕੌਂਸਲ ਪ੍ਰਧਾਨ ਕਿਰਨਦੀਪ ਕੌਰ ਬਰਾੜ ਅਤੇ ਈਓ ਨੇ ਧਰਨਾਕਾਰੀਆਂ ਨਾਲ ਗੱਲਬਾਤ ਕਰਕੇ ਮ੍ਰਿਤਕ ਗਊਵੰਸ਼ ਚੁਕਵਾਉਣ ਲਈ ਪੱਕਾ ਪ੍ਰਬੰਧ ਕਰਨ ਦਾ ਭਰੋਸਾ ਦਿੱਤਾ। ਇਸ ਤੋਂ ਬਾਅਦ ਧਰਨਾ ਸਮਾਪਤ ਕਰ ਦਿੱਤਾ ਗਿਆ।