ਪਰਮਿੰਦਰ ਸਿੰਘ ਝੋਟਾ ਨੂੰ ਇਨਸਾਫ਼ ਦਿਵਾਉਣ ਲਈ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ਦੇ ਘਰ ਅੱਗੇ ਧਰਨਾ, ਸੌਂਪਿਆ ਗਿਆ 'ਲਾਹਨਤੀ ਪੱਤਰ'
ਧਰਨਾਕਾਰੀਆਂ ਨੇ ਮੰਗ ਕੀਤੀ ਕਿ ਪਰਵਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ਦੀ ਸੀਬੀਆਈ ਤੋਂ ਜਾਂਚ ਕਰਵਾਈ ਜਾਵੇ ਅਤੇ ਮਾਮਲੇ ਵਿੱਚ ਸਾਹਮਣੇ ਆਉਣ ਵਾਲੇ ਦੋਸ਼ੀਆਂ ਨੂੰ ਫਾਸਟ ਟਰੈਕ ਅਦਾਲਤ ਰਾਹੀਂ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ।
Publish Date: Tue, 20 Oct 2026 10:00 AM (IST)
Updated Date: Tue, 20 Oct 2026 10:04 AM (IST)
ਸੁਰੇਸ਼ ਕੁਮਾਰ ਹੈਪੀ, ਪੰਜਾਬੀ ਜਾਗਰਣ, ਮੌੜ ਮੰਡੀ। ਪਰਵਿੰਦਰ ਸਿੰਘ ਝੋਟਾ ਨੂੰ ਇਨਸਾਫ਼ ਦਿਵਾਉਣ ਲਈ ਇਨਸਾਫ਼ ਮੋਰਚੇ ਵੱਲੋਂ ਵਿੱਢੀ ਮੁਹਿੰਮ ਤਹਿਤ ਵੱਖ-ਵੱਖ ਜਥੇਬੰਦੀਆਂ ਦੇ ਸੱਦੇ ’ਤੇ ਪਿੰਡ ਮਾਈਸਰਖਾਨਾ ਵਿਖੇ ਹਲਕਾ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ਦੇ ਘਰ ਅੱਗੇ ਧਰਨਾ ਦਿੱਤਾ ਗਿਆ। ਇਸ ਦੌਰਾਨ ਵਿਧਾਇਕ ਨੂੰ ਮੰਗ ਪੱਤਰ ਸੌਂਪ ਕੇ ਝੋਟਾ ਕਤਲ ਮਾਮਲੇ ਵਿੱਚ ਇਨਸਾਫ਼ ਅਤੇ ਨਸ਼ਿਆਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਗਈ।
ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਯੂਨੀਅਨ ਅਤੇ ਇਨਸਾਫ਼ ਮੋਰਚੇ ਦੇ ਆਗੂਆਂ ਗੁਰਤੇਜ ਸਿੰਘ ਜਨਰਲ ਸਕੱਤਰ, ਬੀਰਬਲ ਸਿੰਘ, ਰੇਸ਼ਮ ਸਿੰਘ ਯਾਤਰੀ, ਕਾਕਾ ਸਿੰਘ ਕੋਟੜਾ, ਬਲਦੇਵ ਸੰਦੋਹਾ, ਅਮਰਜੀਤ ਕੌਰ, ਜਗਰੂਪ ਸਿੰਘ ਬਾਗਵਾਲੀ, ਪਰਮਜੀਤ ਕੌਰ ਮਹਿਮਾ, ਪਰਮਜੀਤ ਸਿੰਘ ਦੌਲਤਪੁਰਾ, ਮੁਖਤਿਆਰ ਸਿੰਘ ਰਾਜਗੜ੍ਹ ਕੁੱਬੇ, ਗੁਰਤੇਜ ਸਿੰਘ ਬੱਲ੍ਹੋ, ਸੰਦੀਪ ਸਿੰਘ ਗਿੱਲ ਕਲਾਂ, ਰਾਜਾ ਸਿੰਘ ਭਾਈਰੂਪਾ ਅਤੇ ਵਾਰਿਸ ਪੰਜਾਬ ਦੇ ਹਲਕਾ ਇੰਚਾਰਜ ਲੱਖਾ ਸਿਧਾਣਾ ਨੇ ਕਿਹਾ ਕਿ ਸਰਕਾਰ ਵੱਲੋਂ ਨਸ਼ਿਆਂ ਖ਼ਿਲਾਫ਼ ਮੁਹਿੰਮ ਚਲਾਉਣ ਦੇ ਬਾਵਜੂਦ ਪੰਜਾਬ ਵਿੱਚ ਇਹ ਸਮੱਸਿਆ ਗੰਭੀਰ ਬਣੀ ਹੋਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਨਸ਼ਾ ਤਸਕਰਾਂ ਨੂੰ ਕਥਿਤ ਸਿਆਸੀ ਅਤੇ ਪੁਲਿਸ ਸਰਪ੍ਰਸਤੀ ਮਿਲਣ ਕਾਰਨ ਨੌਜਵਾਨ ਪੀੜ੍ਹੀ ਪ੍ਰਭਾਵਿਤ ਹੋ ਰਹੀ ਹੈ।
ਧਰਨਾਕਾਰੀਆਂ ਨੇ ਮੰਗ ਕੀਤੀ ਕਿ ਪਰਵਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ਦੀ ਸੀਬੀਆਈ ਤੋਂ ਜਾਂਚ ਕਰਵਾਈ ਜਾਵੇ ਅਤੇ ਮਾਮਲੇ ਵਿੱਚ ਸਾਹਮਣੇ ਆਉਣ ਵਾਲੇ ਦੋਸ਼ੀਆਂ ਨੂੰ ਫਾਸਟ ਟਰੈਕ ਅਦਾਲਤ ਰਾਹੀਂ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ।
ਇਸ ਤੋਂ ਇਲਾਵਾ ਕਤਲ ਵਾਲੀ ਥਾਂ ’ਤੇ ਝੋਟਾ ਦਾ ਬੁੱਤ ਸਥਾਪਤ ਕਰਨ, ਖਿਆਲਾ ਕਲਾਂ ਵਿਖੇ ਉਨ੍ਹਾਂ ਦੇ ਨਾਮ ’ਤੇ ਟਰੌਮਾ ਸੈਂਟਰ ਬਣਾਉਣ, ਕਥਿਤ ਤੌਰ ’ਤੇ ਨਸ਼ਿਆਂ ਦੇ ਮਾਮਲਿਆਂ ਵਿੱਚ ਸ਼ਾਮਲ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕਰਨ, ਜ਼ਖ਼ਮੀਆਂ ਦਾ ਮੁਫ਼ਤ ਇਲਾਜ ਅਤੇ ਪੀੜਤਾਂ ਨੂੰ 20-20 ਲੱਖ ਰੁਪਏ ਮੁਆਵਜ਼ਾ ਦੇਣ ਦੀ ਮੰਗ ਵੀ ਉਠਾਈ ਗਈ। ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ਨੇ ਮੰਗ ਪੱਤਰ ਲੈ ਕੇ ਮਸਲੇ ਸਬੰਧੀ ਗੱਲਬਾਤ ਕਰਨ ਦਾ ਭਰੋਸਾ ਦਿੱਤਾ।
ਧਰਨੇ ਦੌਰਾਨ ਉਸ ਸਮੇਂ ਮਾਹੌਲ ਗਰਮਾ ਗਿਆ, ਜਦੋਂ ਲੱਖਾ ਸਿਧਾਣਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਵਿੰਗ ਦੇ ਪ੍ਰਧਾਨ ਸੰਦੀਪ ਸਿੰਘ ਬਾਠ ਤੇ ਸਾਬਕਾ ਸਰਪੰਚ ਅੰਮ੍ਰਿਤਪਾਲ ਸਿੰਘ ਹਨੀ ਵਿਚਕਾਰ ਨਸ਼ਿਆਂ ਅਤੇ ਬੇਅਦਬੀ ਦੇ ਮੁੱਦਿਆਂ ਨੂੰ ਲੈ ਕੇ ਤਕਰਾਰ ਹੋ ਗਈ। ਲੱਖਾ ਸਿਧਾਣਾ ਵੱਲੋਂ ਅਕਾਲੀ ਦਲ ’ਤੇ ਸਵਾਲ ਉਠਾਉਣ ਤੋਂ ਬਾਅਦ ਦੋਵਾਂ ਧਿਰਾਂ ਵਿਚਕਾਰ ਬਹਿਸ ਹੋਈ।
ਇਸ ਦੌਰਾਨ ਕਿਸਾਨ ਆਗੂ ਰੇਸ਼ਮ ਸਿੰਘ ਯਾਤਰੀ ਅਤੇ ਕਾਕਾ ਸਿੰਘ ਕੋਟੜਾ ਸਮੇਤ ਹੋਰਨਾਂ ਨੇ ਧਰਨੇ ਨੂੰ ਸਿਆਸੀ ਰੰਗਤ ਦੇਣ ’ਤੇ ਇਤਰਾਜ਼ ਜਤਾਇਆ। ਉਨ੍ਹਾਂ ਕਿਹਾ ਕਿ ਪਰਵਿੰਦਰ ਸਿੰਘ ਝੋਟਾ ਦੇ ਪਿਤਾ ਭੀਮ ਸਿੰਘ ਦੀ ਅਪੀਲ ਅਨੁਸਾਰ ਧਰਨੇ ਨੂੰ ਇਨਸਾਫ਼ ਅਤੇ ਨਸ਼ਿਆਂ ਵਿਰੁੱਧ ਕਾਰਵਾਈ ਦੀ ਮੰਗ ਤੱਕ ਸੀਮਿਤ ਰੱਖਿਆ ਜਾਵੇ। ਕਿਸਾਨ ਆਗੂਆਂ ਦੀ ਦਖ਼ਲਅੰਦਾਜ਼ੀ ਤੋਂ ਬਾਅਦ ਮਾਮਲਾ ਸ਼ਾਂਤ ਹੋ ਗਿਆ ਅਤੇ ਧਰਨਾ ਮੁੜ ਮੁੱਖ ਮੰਗਾਂ ਵੱਲ ਕੇਂਦਰਿਤ ਹੋਇਆ।