ਪਰਵਿੰਦਰ ਸਿੰਘ ਝੋਟਾ ਦੇ ਕਤਲ ਦੇ ਵਿਰੋਧ ’ਚ ਕੋਟ ਸ਼ਮੀਰ ਕੈਂਚੀਆਂ ’ਤੇ ਧਰਨਾ
ਪਰਵਿੰਦਰ ਸਿੰਘ ਝੋਟਾ ਦੇ ਕਤਲ ਦੇ ਵਿਰੋਧ ’ਚ ਕੋਟ ਸ਼ਮੀਰ ਕੈਂਚੀਆਂ ’ਤੇ ਧਰਨਾ
Publish Date: Thu, 15 Oct 2026 04:06 PM (IST)
Updated Date: Thu, 15 Oct 2026 04:09 PM (IST)
ਦਵਿੰਦਰ ਸਿੰਘ ਮਾਨ, ਪੰਜਾਬੀ ਜਾਗਰਣ, ਕੋਟ ਫੱਤਾ ਪਰਵਿੰਦਰ ਸਿੰਘ ਝੋਟਾ ਦੇ ਕਤਲ ਦੇ ਵਿਰੋਧ ਵਿਚ ਨਗਰ ਕੋਟ ਸ਼ਮੀਰ ਦੀ ਪੰਚਾਇਤ, ਨਗਰ ਦੇ ਹੋਰ ਮੋਹਤਬਰਾਂ ਅਤੇ ਪਰਵਿੰਦਰ ਸਿੰਘ ਝੋਟਾ ਨੂੰ ਪਿਆਰ ਕਰਨ ਵਾਲੇ ਲੋਕਾਂ ਵੱਲੋਂ ਨਗਰ ਦੀਆਂ ਮਾਨਸਾ, ਤਲਵੰਡੀ ਸਾਬੋ ਕੈਂਚੀਆਂ ’ਤੇ ਧਰਨਾ ਲਗਾਇਆ ਗਿਆ। ਇਹ ਧਰਨਾ ਸਮੁੱਚੇ ਨਗਰ ਵੱਲੋਂ ਸਿਆਸੀ ਪਾਰਟੀਆਂ ਤੋਂ ਉੱਪਰ ਉੱਠ ਕੇ ਲਗਾਇਆ ਗਿਆ, ਜਿਸ ਵਿੱਚ ਪਿੰਡ ਵਾਸੀਆਂ ਨੇ ਇਕਜੁੱਟਤਾ ਨਾਲ ਸ਼ਮੂਲੀਅਤ ਕੀਤੀ। ਇਸ ਮੌਕੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨੇ ਵੀ ਧਰਨੇ ਵਿੱਚ ਹਾਜ਼ਰੀ ਲਗਵਾ ਕੇ ਆਪਣਾ ਸਮਰਥਨ ਦਿੱਤਾ। ਧਰਨੇ ਦੌਰਾਨ ਲੋਕਾਂ ਨੇ ਪ੍ਰਵਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ਦੀ ਨਿਰਪੱਖ ਜਾਂਚ ਕਰਵਾਉਣ ਅਤੇ ਦੋਸ਼ੀਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ। ਧਰਨੇ ਵਿਚ ਸ਼ਾਮਲ ਲੋਕਾਂ ਨੇ ਕਿਹਾ ਕਿ ਇਨਸਾਫ਼ ਦੀ ਮੰਗ ਕਿਸੇ ਪਾਰਟੀ ਜਾਂ ਜਥੇਬੰਦੀ ਦੀ ਨਹੀਂ, ਸਗੋਂ ਸਮੁੱਚੇ ਪੰਜਾਬ ਦੀ ਸਾਂਝੀ ਆਵਾਜ਼ ਹੈ। ਉਨ੍ਹਾਂ ਮੰਗ ਕੀਤੀ ਕਿ ਪੀੜਤ ਪਰਿਵਾਰ ਨੂੰ ਜਲਦ ਇਨਸਾਫ਼ ਦਿੱਤਾ ਜਾਵੇ ਅਤੇ ਜਾਂਚ ਵਿੱਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਨਾ ਵਰਤੀ ਜਾਵੇ। ਇਸ ਮੌਕੇ ਪਿੰਡ ਵਾਸੀਆਂ ਦੀ ਸਾਂਝੀ ਸ਼ਮੂਲੀਅਤ ਨੇ ਇਹ ਸੰਦੇਸ਼ ਦਿੱਤਾ ਕਿ ਇਨਸਾਫ਼ ਦੀ ਲੜਾਈ ਵਿੱਚ ਪਿੰਡ ਦੇ ਲੋਕ ਇਕਜੁੱਟ ਹਨ ਅਤੇ ਇਸ ਮੰਗ ਲਈ ਜਥੇਬੰਦੀਆਂ ਤੇ ਸਿਆਸੀ ਵਖਰੇਵਿਆਂ ਤੋਂ ਉੱਪਰ ਉੱਠ ਕੇ ਇਕੱਠੇ ਖੜ੍ਹੇ ਹਨ।