ਪਰਾਲੀ ਪ੍ਰਬੰਧਨ ਲਈ ਪ੍ਰੋਜੈਕਟ ਪ੍ਰਾਣਾ ਵੱਲੋਂ ਪੰਜਾਬ ਦੇ 10 ਜ਼ਿਲ੍ਹਿਆਂ ਵਿਚ ਜਾਗਰੂਕਤਾ ਮੁਹਿੰਮ ਤੇਜ਼ ਪਰਾਲੀ ਪ੍ਰਬੰਧਨ ਲਈ ਪ੍ਰੋਜੈਕਟ ਪ੍ਰਾਣਾ ਵੱਲੋਂ ਪੰਜਾਬ ਦੇ 10 ਜ਼ਿਲ੍ਹਿਆਂ ਵਿਚ ਜਾਗਰੂਕਤਾ ਮੁਹਿੰਮ ਤੇਜ਼
Publish Date: Sun, 01 Nov 2026 05:40 PM (IST)
Updated Date: Sun, 01 Nov 2026 05:41 PM (IST)
ਖੁਸ਼ਦੀਪ ਸਿੰਘ ਗਿੱਲ ਪੰਜਾਬੀ ਜਾਗਰਣ ਤਲਵੰਡੀ ਸਾਬੋ ਪੰਜਾਬ ਭਰ ਵਿਚ ਝੋਨੇ ਦੀ ਕਟਾਈ ਦਾ ਕੰਮ ਤੇਜ਼ੀ ਨਾਲ ਅੱਗੇ ਵਧਣ ਦੇ ਨਾਲ ਹੀ ਪਰਾਲੀ ਪ੍ਰਬੰਧਨ ਨੂੰ ਲੈ ਕੇ ਕਿਸਾਨਾਂ ਨੂੰ ਜਾਗਰੂਕ ਕਰਨ ਦੇ ਯਤਨ ਵੀ ਤੇਜ਼ ਹੋ ਗਏ ਹਨ। ਮਾਨਵ ਵਿਕਾਸ ਸੰਸਥਾਨ (ਐੱਮ.ਵੀ.ਐੱਸ.) ਵੱਲੋਂ ਦਿ ਨੇਚਰ ਕਨਜ਼ਰਵੇਂਸੀ (ਟੀਐੱਨਸੀ) ਦੇ ਸਹਿਯੋਗ ਨਾਲ ਚਲਾਏ ਜਾ ਰਹੇ ਪ੍ਰੋਜੈਕਟ ਪ੍ਰਾਣਾ ਤਹਿਤ ਪੰਜਾਬ ਦੇ 10 ਜ਼ਿਲ੍ਹਿਆਂ ਵਿਚ ਪਰਾਲੀ ਦੀ ਟਿਕਾਊ ਸੰਭਾਲ ਸਬੰਧੀ ਵਿਸ਼ੇਸ਼ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਅਧੀਨ ਜਲੰਧਰ, ਲੁਧਿਆਣਾ, ਮੋਗਾ, ਅੰਮ੍ਰਿਤਸਰ, ਪਟਿਆਲਾ, ਫ਼ਤਿਹਗੜ੍ਹ ਸਾਹਿਬ, ਸੰਗਰੂਰ, ਬਠਿੰਡਾ, ਮਾਨਸਾ ਤੇ ਤਰਨ ਤਾਰਨ ਜ਼ਿਲ੍ਹਿਆਂ ਦੇ ਕਿਸਾਨਾਂ ਨੂੰ ਪਰਾਲੀ ਸਾੜਨ ਦੀ ਬਜਾਏ ਇਸ ਦੀ ਸੁਚੱਜੀ ਵਰਤੋਂ ਤੇ ਖੇਤਾਂ ਵਿਚ ਹੀ ਸੰਭਾਲ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਅਕਤੂਬਰ ਮਹੀਨੇ ਦੌਰਾਨ ਇਸ ਮੁਹਿੰਮ ਤਹਿਤ ਵੱਖ-ਵੱਖ ਪਿੰਡਾਂ ਵਿਚ ਕਿਸਾਨ ਜਾਗਰੂਕਤਾ ਕੈਂਪ ਤੇ ਮੀਟਿੰਗਾਂ ਕਰਵਾਈਆਂ ਗਈਆਂ। ਇਨ੍ਹਾਂ ਗਤੀਵਿਧੀਆਂ ਰਾਹੀਂ ਐੱਮਵੀਐੱਸ ਦੀਆਂ ਫ਼ੀਲਡ ਟੀਮਾਂ ਕਿਸਾਨਾਂ ਨਾਲ ਸਿੱਧਾ ਸੰਪਰਕ ਕਰਕੇ ਪਰਾਲੀ ਸਾੜਨ ਨਾਲ ਮਿੱਟੀ ਦੀ ਸਿਹਤ, ਹਵਾ ਦੀ ਗੁਣਵੱਤਾ ਅਤੇ ਮਨੁੱਖੀ ਸਿਹਤ ’ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਜਾਣਕਾਰੀ ਦੇ ਰਹੀਆਂ ਹਨ। ਇਸ ਦੇ ਨਾਲ ਹੀ ਕਿਸਾਨਾਂ ਨੂੰ ਪਰਾਲੀ ਦੇ ਪ੍ਰਬੰਧਨ ਲਈ ਉਪਲਬਧ ਵਿਹਾਰਕ ਅਤੇ ਆਧੁਨਿਕ ਤਰੀਕਿਆਂ ਬਾਰੇ ਵੀ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਮੁਹਿੰਮ ਦਾ ਮੁੱਖ ਉਦੇਸ਼ ਖੇਤਾਂ ਵਿਚ ਹੀ ਪਰਾਲੀ ਦੀ ਸੰਭਾਲ (ਇਨ-ਸੀਟੂ ਪ੍ਰਬੰਧਨ) ਨੂੰ ਉਤਸ਼ਾਹਿਤ ਕਰਨਾ ਹੈ। ਇਸ ਤਹਿਤ ਕਿਸਾਨਾਂ ਨੂੰ ਸੁਪਰ ਸੀਡਰ, ਹੈਪੀ ਸੀਡਰ, ਸਰਫੇਸ ਸੀਡਰ ਅਤੇ ਸਮਾਰਟ ਸੀਡਰ ਵਰਗੀਆਂ ਆਧੁਨਿਕ ਖੇਤੀ ਮਸ਼ੀਨਾਂ ਦੀ ਵਰਤੋਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਇਨ੍ਹਾਂ ਮਸ਼ੀਨਾਂ ਦੀ ਮਦਦ ਨਾਲ ਪਰਾਲੀ ਨੂੰ ਖੇਤ ਵਿਚ ਹੀ ਸੰਭਾਲ ਕੇ ਅਗਲੀ ਫ਼ਸਲ ਦੀ ਬਿਜਾਈ ਕੀਤੀ ਜਾ ਸਕਦੀ ਹੈ। ਪਰਾਲੀ ਨੂੰ ਖੇਤ ਵਿੱਚ ਰੱਖਣ ਅਤੇ ਮਿੱਟੀ ਵਿਚ ਮਿਲਾਉਣ ਨਾਲ ਜੈਵਿਕ ਮਾਦੇ ਵਿਚ ਵਾਧਾ, ਨਮੀ ਦੀ ਸੰਭਾਲ ਅਤੇ ਮਿੱਟੀ ਦੀ ਲੰਮੇ ਸਮੇਂ ਤੱਕ ਉਪਜਾਊ ਸ਼ਕਤੀ ਬਣਾਈ ਰੱਖਣ ਵਿਚ ਮਦਦ ਮਿਲਦੀ ਹੈ। ਪ੍ਰੋਜੈਕਟ ਪ੍ਰਾਣਾ ਵੱਲੋਂ ਕਿਸਾਨਾਂ ਨੂੰ ਇਹ ਸੰਦੇਸ਼ ਦਿੱਤਾ ਜਾ ਰਿਹਾ ਹੈ ਕਿ ਪਰਾਲੀ ਕੋਈ ਬੇਕਾਰ ਰਹਿੰਦ-ਖੂੰਹਦ ਨਹੀਂ, ਸਗੋਂ ਖੇਤੀਬਾੜੀ ਲਈ ਇੱਕ ਕੀਮਤੀ ਸਰੋਤ ਹੈ। ਇਸ ਨੂੰ ਅੱਗ ਲਗਾਉਣ ਨਾਲ ਜਿੱਥੇ ਵਾਤਾਵਰਣ ਪ੍ਰਦੂਸ਼ਿਤ ਹੁੰਦਾ ਹੈ, ਉੱਥੇ ਹੀ ਮਿੱਟੀ ਵਿਚ ਮੌਜੂਦ ਲਾਭਦਾਇਕ ਜੀਵਾਣੂ ਅਤੇ ਪੌਸ਼ਟਿਕ ਤੱਤ ਵੀ ਪ੍ਰਭਾਵਿਤ ਹੁੰਦੇ ਹਨ। ਇਸ ਲਈ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਦੀ ਅਗਾਊਂ ਯੋਜਨਾਬੰਦੀ ਕਰਨ, ਲੋੜੀਂਦੀ ਮਸ਼ੀਨਰੀ ਸਮੇਂ ਸਿਰ ਪ੍ਰਾਪਤ ਕਰਨ ਅਤੇ ਖੇਤੀ ਮਾਹਿਰਾਂ ਦੀ ਸਲਾਹ ਅਨੁਸਾਰ ਕੰਮ ਕਰਨ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਸ ਸਬੰਧੀ ਐੱਮਵੀਐੱਸ ਦੀਆਂ ਫ਼ੀਲਡ ਟੀਮਾਂ ਵੱਲੋਂ ਪਿੰਡ ਪੱਧਰ ਤੇ ਕਿਸਾਨਾਂ ਨਾਲ ਲਗਾਤਾਰ ਰਾਬਤਾ ਬਣਾਇਆ ਜਾ ਰਿਹਾ ਹੈ। ਮਸ਼ੀਨਰੀ ਦੀ ਉਪਲਬਧਤਾ ਅਤੇ ਵਰਤੋਂ ਸਬੰਧੀ ਜਾਣਕਾਰੀ ਦੇਣ ਲਈ ਸਰਕਾਰੀ ਵਿਭਾਗਾਂ, ਖੇਤੀਬਾੜੀ ਸੇਵਾ ਪ੍ਰਦਾਤਾਵਾਂ ਅਤੇ ਸਥਾਨਕ ਭਾਈਚਾਰਿਆਂ ਨਾਲ ਵੀ ਤਾਲਮੇਲ ਕੀਤਾ ਜਾ ਰਿਹਾ ਹੈ। ਕਿਸਾਨਾਂ ਨੂੰ ਆਪਣੀਆਂ ਸਮੱਸਿਆਵਾਂ ਸਾਂਝੀਆਂ ਕਰਨ ਅਤੇ ਮਾਹਿਰਾਂ ਤੋਂ ਸੁਝਾਅ ਲੈਣ ਦੇ ਮੌਕੇ ਵੀ ਦਿੱਤੇ ਜਾ ਰਹੇ ਹਨ। ਮਾਨਵ ਵਿਕਾਸ ਸੰਸਥਾਨ ਵੱਲੋਂ ਦਿ ਨੇਚਰ ਕਨਜ਼ਰਵੇਂਸੀ ਦੇ ਸਹਿਯੋਗ ਨਾਲ ਚਲਾਇਆ ਜਾ ਰਿਹਾ ਪ੍ਰੋਜੈਕਟ ਪ੍ਰਾਣਾ ਪੰਜਾਬ ਵਿਚ ਸਰੋਤਾਂ ਦੀ ਸੁਚੱਜੀ ਵਰਤੋਂ, ਜਲਵਾਯੂ ਅਨੁਕੂਲ ਅਤੇ ਟਿਕਾਊ ਖੇਤੀਬਾੜੀ ਨੂੰ ਉਤਸ਼ਾਹਿਤ ਕਰਨ ਲਈ ਯਤਨਸ਼ੀਲ ਹੈ। ਇਸ ਮੁਹਿੰਮ ਦਾ ਮਕਸਦ ਕਿਸਾਨਾਂ ਦੀ ਆਮਦਨ ਅਤੇ ਖੇਤੀ ਦੀ ਗੁਣਵੱਤਾ ਨੂੰ ਬਿਹਤਰ ਬਣਾਉਣ ਦੇ ਨਾਲ-ਨਾਲ ਸਾਫ਼ ਹਵਾ, ਸਿਹਤਮੰਦ ਮਿੱਟੀ ਅਤੇ ਸੁਰੱਖਿਅਤ ਵਾਤਾਵਰਣ ਦੀ ਸਿਰਜਣਾ ਵਿੱਚ ਯੋਗਦਾਨ ਪਾਉਣਾ ਹੈ।