ਨਸ਼ਿਆਂ ਵਿਰੁੱਧ ਨਾਟਕ ‘ਸੁਲਘਦੀ ਧਰਤੀ’ ਦੀ ਪੇਸ਼ਕਾਰੀ ਨਸ਼ਿਆਂ ਵਿਰੁੱਧ ਨਾਟਕ ਸੁਲਘਦੀ ਧਰਤੀ ਦੀ ਪੇਸ਼ਕਾਰੀ
Publish Date: Thu, 20 Aug 2026 04:41 PM (IST)
Updated Date: Fri, 21 Aug 2026 04:01 AM (IST)
ਫੋਟੋ : 7 ਕੈਪਸਨ- ਨਾਟਕ ਸੁਲਘਦੀ ਧਰਤੀ ਦੀ ਪੇਸ਼ਕਾਰੀ ਦੌਰਾਨ ਵੀਰਪਾਲ ਭਗਤਾ, ਪੰਜਾਬੀ ਜਾਗਰਣ ਭਗਤਾ ਭਾਈਕਾ : ਥੀਏਟਰ ਜ਼ਿੰਦਾਬਾਦ, ਨਿਹਾਲ ਸਿੰਘ ਵਾਲਾ ਵੱਲੋਂ ਨਾਟਕ ‘ਸੁਲਘਦੀ ਧਰਤੀ’ ਦੀ ਪੇਸ਼ਕਾਰੀ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਜਲਾਲ ਤੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਭਗਤਾ ਭਾਈ ਵਿਖੇ ਕੀਤੀ ਗਈ। ਨਾਟਕ ਦੇ ਲੇਖਕ ਬਲਰਾਜ ਸਾਗਰ ਤੇ ਨਿਰਦੇਸ਼ਕ ਸੁਖਦੇਵ ਲੱਧੜ ਹਨ। ਇਸ ਪੇਸ਼ਕਾਰੀ ਦੌਰਾਨ ਰੰਗਕਰਮੀ ਸੁਖਦੇਵ ਲੱਧੜ ਤੇ ਨਵਪ੍ਰੀਤ ਗਿੱਲ ਨੇ ਨਾਟਕ ਦੇ ਵੱਖ-ਵੱਖ ਪਾਤਰ ਨਿਭਾਏ। ਇਸ ਨਾਟਕ ਨੇ ਜਿੱਥੇ ਦਰਸ਼ਕਾਂ ਨੂੰ ਹਸਾਇਆ, ਰਵਾਇਆ ਉੱਥੇ ਕਈ ਦ੍ਰਿਸ਼ਾਂ ਨੇ ਸੋਚਣ ਲਈ ਮਜਬੂਰ ਕੀਤਾ ਕਿ ਸਾਡੇ ਆਪਣੇ ਆਪ ਪ੍ਰਤੀ, ਸਾਡੇ ਘਰਾਂ ਪ੍ਰਤੀ ਤੇ ਸਮਾਜ ਪ੍ਰਤੀ ਕੀ-ਕੀ ਮਹੱਤਵਪੂਰਨ ਫਰਜ਼ ਹਨ। ਇਹ ਨਾਟਕ ਸਮਾਜ ’ਚ ਫੈਲੀਆਂ ਸਮਾਜਿਕ ਕੁਰੀਤੀਆ ਜਿਵੇਂ ਨਸ਼ੇ, ਭਰੂਣ ਹੱਤਿਆਂ, ਮਾਪਿਆਂ ਦਾ ਨਿਰਾਦਰ, ਲੁੱਟਾਂ ਖੋਹਾਂ ਤੇ ਦਿਨੋਂ-ਦਿਨ ਨਿੱਘਰਦੀ ਕਿਸਾਨੀ ’ਤੇ ਕਰਾਰੀ ਚੋਟ ਕਰਦਾ ਹੈ। ਨਾਟਕ ਪੇਸ਼ਕਾਰੀ ਉਪਰੰਤ ਮੁੱਖ ਅਧਿਆਪਕ ਸੁਖਮੰਦਰ ਸਿੰਘ ਸਰਕਾਰੀ ਹਾਈ ਸਕੂਲ ਦੀਦਾਰੇ ਵਾਲਾ ਨੇ ਨਾਟਕ ਦੇ ਰੰਗਕਰਮੀਆਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਅੱਜ ਦੇ ਸਮੇਂ ਬੱਚਿਆਂ ਨੂੰ ਜਾਗਰੂਕ ਕਰਨ ਦਾ ਇਹ ਨੇਕ ਉਪਰਾਲਾ ਹੈ, ਇਸ ਲਈ ਟੀਮ ਵਧਾਈ ਦੀ ਪਾਤਰ। ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਜਲਾਲ ਵਿਖੇ ਅਧਿਆਪਕਾਂ ਨੇ ਨਾਟਕ ਤੋਂ ਪ੍ਰਭਾਵਿਤ ਹੋ ਕੇ ਕਿਹਾ ਕਿ ਅਜਿਹੇ ਨਾਟਕ ਹਰ ਪਿੰਡ, ਹਰ ਸਕੂਲ ਵਿੱਚ ਹੋਣੇ ਚਾਹੀਦੇ ਹਨ। ਪ੍ਰਿੰਸੀਪਲ ਸ਼ਿੰਦਰਪਾਲ ਕੌਰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਭਗਤਾ ਭਾਈ ਨੇ ਕਲਾਕਾਰਾਂ ਦੇ ਨਿਭਾਏ ਪਾਤਰਾਂ ਦੀ ਖੂਬ ਪ੍ਰਸੰਸਾ ਕੀਤੀ। ਇਸ ਪੇਸ਼ਕਾਰੀ ਦੌਰਾਨ ਸਕੂਲ ਪ੍ਰਿੰਸੀਪਲ, ਅਧਿਆਪਕ ਸਟਾਫ਼ ਤੇ ਵਿਦਿਆਰਥੀ ਲੜਕੇ-ਲੜਕੀਆਂ ਹਾਜ਼ਰ ਸਨ।