ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਲਈ ਤਿਆਰੀਆਂ ਮੁਕੰਮਲ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਲਈ ਤਿਆਰੀਆਂ ਮੁਕੰਮਲ, ਅੱਜ ਸਵੇਰੇ 7 ਤੋਂ ਸ਼ਾਮ 4 ਵਜੇ ਤਕ ਹੋਵੇਗੀ ਵੋਟਿੰਗ
Publish Date: Thu, 10 Sep 2026 05:09 PM (IST)
Updated Date: Fri, 11 Sep 2026 04:05 AM (IST)
ਅੱਜ ਸਵੇਰੇ 7 ਤੋਂ ਸ਼ਾਮ 4 ਵਜੇ ਤਕ ਹੋਵੇਗੀ ਵੋਟਿੰਗ 2200 ਵਕੀਲ ਕਰਨਗੇ ਵੋਟ ਦੇ ਅਧਿਕਾਰ ਦੀ ਵਰਤੋਂ 6 ਅਹੁਦਿਆਂ ਲਈ 15 ਉਮੀਦਵਾਰ ਮੈਦਾਨ ਵਿੱਚ ਗੁਰਤੇਜ ਸਿੰਘ ਸਿੱਧੂ, ਪੰਜਾਬੀ ਜਾਗਰਣ ਬਠਿੰਡਾ : ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਨੂੰ ਲੈ ਕੇ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਚੋਣਾਂ ਵਿੱਚ ਬਾਰ ਐਸੋਸੀਏਸ਼ਨ ਨਾਲ ਸਬੰਧਤ ਕਰੀਬ 2200 ਵਕੀਲ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ। ਐਸੋਸੀਏਸ਼ਨ ਦੇ 6 ਅਹੁਦਿਆਂ ਲਈ ਕੁੱਲ 15 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਚੋਣਾਂ ਨੂੰ ਲੈ ਕੇ ਵਕੀਲਾਂ ’ਚ ਵੀ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਤੇ ਉਮੀਦਵਾਰਾਂ ਵੱਲੋਂ ਆਪਣੇ ਹੱਕ ’ਚ ਵੋਟਾਂ ਪਾਉਣ ਲਈ ਪੂਰੀ ਤਾਕਤ ਲਗਾਈ ਜਾ ਰਹੀ ਹੈ। ਚੋਣ ਮੁਕਾਬਲੇ ਦੀ ਗੱਲ ਕੀਤੀ ਜਾਵੇ ਤਾਂ ਸਭ ਤੋਂ ਵੱਧ ਦਿਲਚਸਪ ਮੁਕਾਬਲਾ ਪ੍ਰਧਾਨ ਦੇ ਅਹੁਦੇ ਲਈ ਬਣਿਆ ਹੋਇਆ ਹੈ। ਇਸ ਅਹੁਦੇ ਲਈ ਚਾਰ ਉਮੀਦਵਾਰ ਰਾਕੇਸ਼ ਕੁਮਾਰ ਗੁਪਤਾ, ਗੁਰਇਕਬਾਲ ਸਿੰਘ ਚਹਿਲ, ਸੁਖਪਾਲ ਸਿੰਘ ਢਿੱਲੋਂ ਅਤੇ ਗੁਰਮਿੰਦਰ ਸਿੰਘ ਭੁੱਲਰ ਆਪਣੀ ਕਿਸਮਤ ਅਜ਼ਮਾ ਰਹੇ ਹਨ। ਇਸ ਕਾਰਨ ਪ੍ਰਧਾਨ ਦੇ ਅਹੁਦੇ ਲਈ ਮੁਕਾਬਲਾ ਕਾਫ਼ੀ ਫਸਵਾਂ ਹੋਣ ਦੀ ਸੰਭਾਵਨਾ ਹੈ। ਉਮੀਦਵਾਰਾਂ ਵੱਲੋਂ ਵਕੀਲ ਭਾਈਚਾਰੇ ਨਾਲ ਸੰਪਰਕ ਕਰਕੇ ਆਪਣੇ ਹੱਕ ਵਿੱਚ ਸਮਰਥਨ ਜੁਟਾਇਆ ਜਾ ਰਿਹਾ ਹੈ। ਇਸ ਵਾਰ ਉਪ ਪ੍ਰਧਾਨ ਦਾ ਇਕ ਅਹੁਦਾ ਮਹਿਲਾਵਾਂ ਲਈ ਰਾਖਵਾਂ ਰੱਖਿਆ ਗਿਆ ਹੈ। ਇਸ ਅਹੁਦੇ ਲਈ ਤਿੰਨ ਮਹਿਲਾ ਵਕੀਲ ਸ਼ਗਨਦੀਪ ਕੌਰ ਸਿੱਧੂ, ਕਿਰਨਪਾਲ ਕੌਰ ਸਿੱਧੂ ਅਤੇ ਬਲਜੀਤ ਕੌਰ ਗਿੱਲ ਚੋਣ ਮੈਦਾਨ ਵਿੱਚ ਹਨ। ਤਿੰਨਾਂ ਉਮੀਦਵਾਰਾਂ ਵਿਚਕਾਰ ਸਖ਼ਤ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ। ਉਪ ਪ੍ਰਧਾਨ ਜਨਰਲ ਲਈ ਦੋ ਉਮੀਦਵਾਰ ਹੁਸ਼ਿੰਦਰ ਸਿੰਘ ਸਿੱਧੂ ਅਤੇ ਮਨਦੀਪ ਸਿੰਘ ਢਿੱਲੋਂ ਕਿਸਮਤ ਅਜਮਾ ਰਹੇ ਹਨ। ਇਸੇ ਤਰ੍ਹਾਂ ਸੰਯੁਕਤ ਸਕੱਤਰ ਦੇ ਅਹੁਦੇ ਲਈ ਵੀ ਦੋ ਮਹਿਲਾ ਵਕੀਲਾਂ ਅਮਨਦੀਪ ਕੌਰ ਸਿੱਧੂ ਅਤੇ ਸੁਖਬੀਰ ਕੌਰ ਬੁੱਟਰ ਵਿਚਕਾਰ ਸਿੱਧਾ ਮੁਕਾਬਲਾ ਹੈ। ਇਸ ਕਾਰਨ ਇਨ੍ਹਾਂ ਦੋਵਾਂ ਅਹੁਦਿਆਂ ਦੇ ਨਤੀਜਿਆਂ ’ਤੇ ਵੀ ਵਕੀਲ ਭਾਈਚਾਰੇ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਸਕੱਤਰ ਦੇ ਅਹੁਦੇ ਲਈ ਗੁਰਜੋਤ ਸਿੰਘ ਸਿੱਧੂ ਅਤੇ ਸੁਸ਼ਾਤ ਸਰਮਾ ਆਹਮੋ ਸਾਹਮਣੇ ਹਨ। ਖਜ਼ਾਨਚੀ ਦੇ ਅਹੁਦੇ ਲਈ ਬੇਅੰਤ ਕੌਰ ਅਤੇ ਅਰਸ਼ਦੀਪ ਕੌਰ ਵਿਚਕਾਰ ਮੁਕਾਬਲਾ ਹੈ। ਇਸ ਵਾਰ ਬਾਰ ਦੀ ਚੋਣ ਵਿਚ ਕੁੱਲ 13 ਉਮੀਦਵਾਰਾਂ ਵਿੱਚੋਂ ਛੇ ਮਹਿਲਾ ਵਕੀਲ ਚੋਣ ਲੜ ਰਹੀਆਂ ਹਨ। ਬਾਕਸ ਸਵੇਰੇ 7 ਤੋਂ ਸ਼ਾਮ 4 ਵਜੇ ਤਕ ਪੈਣਗੀਆਂ ਵੋਟਾਂ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਰਿਟਾਰਨਿੰਗ ਅਫਸਰ ਕਮਲਜੀਤ ਸਿੰਘ ਕੁਟੀ ਨੇ ਦੱਸਿਆ ਕਿ ਚੋਣਾਂ ਲਈ ਸਾਰੀਆਂ ਲੋੜੀਂਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਵੋਟਾਂ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤਕ ਪੈਣਗੀਆਂ। ਵੋਟਿੰਗ ਦਾ ਸਮਾਂ ਖ਼ਤਮ ਹੋਣ ਤੋਂ ਬਾਅਦ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ ਅਤੇ ਉਸ ਉਪਰੰਤ ਚੋਣ ਨਤੀਜਿਆਂ ਦਾ ਐਲਾਨ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਚੋਣ ਪ੍ਰਕਿਰਿਆ ਨੂੰ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਨ ਲਈ ਪੂਰੀ ਚੋਣ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਵੀ ਕਰਵਾਈ ਜਾਵੇਗੀ। ਇਸ ਲਈ ਲੋੜੀਂਦੇ ਪ੍ਰਬੰਧ ਕੀਤੇ ਗਏ ਹਨ, ਤਾਂ ਜੋ ਚੋਣ ਦੌਰਾਨ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਸਥਿਤੀ ਜਾਂ ਵਿਵਾਦ ਤੋਂ ਬਚਿਆ ਜਾ ਸਕੇ। ਬਾਕਸ ਬਾਰ ਐਸੋਸੀਏਸ਼ਨ ਦੇ ਬਾਹਰ ਸਖ਼ਤ ਸੁਰੱਖਿਆ ਪ੍ਰਬੰਧ ਚੋਣਾਂ ਦੇ ਮੱਦੇਨਜ਼ਰ ਪੁਲਿਸ ਵੱਲੋਂ ਵੀ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਬਾਰ ਐਸੋਸੀਏਸ਼ਨ ਦੇ ਆਸ-ਪਾਸ ਪੁਲਿਸ ਮੁਲਾਜ਼ਮਾਂ ਦੀ ਤਾਇਨਾਤੀ ਕੀਤੀ ਗਈ ਹੈ। ਵੋਟਿੰਗ ਦੌਰਾਨ ਵੱਡੀ ਗਿਣਤੀ ਵਿੱਚ ਵਕੀਲਾਂ ਦੇ ਪਹੁੰਚਣ ਨੂੰ ਦੇਖਦਿਆਂ ਆਵਾਜਾਈ ਅਤੇ ਸੁਰੱਖਿਆ ਪ੍ਰਬੰਧਾਂ ’ਤੇ ਵੀ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਪੁਲਿਸ ਵੱਲੋਂ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਚੌਕਸੀ ਰੱਖੀ ਜਾਵੇਗੀ। ਕੁੱਲ ਮਿਲਾ ਕੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਨੂੰ ਲੈ ਕੇ ਮਾਹੌਲ ਪੂਰੀ ਤਰ੍ਹਾਂ ਚੋਣਾਵੀ ਰੰਗ ਵਿੱਚ ਰੰਗਿਆ ਹੋਇਆ ਹੈ। 2200 ਵਕੀਲਾਂ ਵੱਲੋਂ ਪਾਈਆਂ ਜਾਣ ਵਾਲੀਆਂ ਵੋਟਾਂ ਨਾਲ 6 ਅਹੁਦਿਆਂ ਲਈ ਮੈਦਾਨ ਵਿੱਚ ਉਤਰੇ 15 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਹੋਵੇਗਾ।