ਆਕਸਫੋਰਡ ਸਕੂਲ ‘ਚ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਆਕਸਫੋਰਡ ਸਕੂਲ ‘ਚ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਇਆ
Publish Date: Fri, 30 Oct 2026 05:27 PM (IST)
Updated Date: Sat, 31 Oct 2026 04:02 AM (IST)
ਵੀਰਪਾਲ ਭਗਤਾ, ਪੰਜਾਬੀ ਜਾਗਰਣ ਬਠਿੰਡਾ : ਦਿ ਆਕਸਫ਼ੋਰਡ ਸਕੂਲ ਆਫ਼ ਐਜੂਕੇਸ਼ਨ ਭਗਤਾ ਭਾਈਕਾ ਇੱਕ ਅਜਿਹੀ ਮਾਣਮੱਤੀ ਵਿੱਦਿਅਕ ਸੰਸਥਾ ਹੈ ਜਿਸ ਵਿੱਚ ਹਰ ਖਾਸ ਦਿਵਸ ਨੂੰ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਸ ਸੰਸਥਾ ਵਿੱਚ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਵੀ ਬੜੀ ਸ਼ਰਧਾ ਨਾਲ ਮਨਾਇਆ ਗਿਆ।ਧਾਰਮਿਕ ਰੰਗਤ ਦੀਆਂ ਸੁਰਾਂ ਵਿੱਚ ਲਿਪਟੇ ਇਸ ਪ੍ਰੋਗਰਾਮ ਦਾ ਆਗਾਜ਼ ਸਕੂਲ ਦੇ ਪੰਜਾਬੀ ਅਧਿਆਪਕਾ ਪਰਮਪਾਲ ਕੌਰ ਵੱਲੋਂ ਸ੍ਰੀ ਗੁਰੂ ਰਾਮਦਾਸ ਜੀ ਦੀ ਵੱਡੀ ਵਡਿਆਈ ਉਤੇ ਚਾਨਣਾ ਪਾ ਕੇ ਕੀਤਾ ਗਿਆ। ਇਸ ਸਮੇਂ ਸਕੂਲ ਦੇ ਚਾਰਾਂ ਹਾਊਸਾਂ ਵੱਲੋਂ ਸ਼ਬਦ ਗਾਇਨ ਕੀਤੇ ਗਏ। ਚਾਰਾਂ ਹਾਊਸਾਂ ਦੇ ਵਿਦਿਆਰਥੀਆਂ ਨੇ ਧੰਨ-ਧੰਨ ਸ੍ਰੀ ਗੁਰੂ ਰਾਮਦਾਸ ਜੀ ਦੀ ਵਡਿਆਈ ਵਿੱਚ ਬਹੁਤ ਹੀ ਰਸਭਿੰਨਾਂ ਅਤੇ ਰੂਹਾਨੀ ਸ਼ਬਦ ਕੀਰਤਨ ਗਾਇਨ ਕਰਕੇ ਸੰਗਤ ਦੇ ਰੂਪ ਵਿੱਚ ਬੈਠੇ ਵਿਦਿਆਰਥੀਆਂ ਨੂੰ ਮੰਤਰ-ਮੁਗਧ ਕਰ ਦਿੱਤਾ। ਸਕੂਲ ਦੇ ਪ੍ਰਿੰਸੀਪਲ ਸ੍ਰੀ ਰੂਪ ਲਾਲ ਬਾਂਸਲ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਜੀ ਦਾ ਜੀਵਨ ਨਿਸ਼ਕਾਮ ਸੇਵਾ, ਅਥਾਹ ਪ੍ਰੇਮ ਭਗਤੀ, ਨਿਮਰਤਾ ਅਤੇ ਸਹਿਣਸ਼ੀਲਤਾ ਵਰਗੇ ਗੁਣਾਂ ਦਾ ਪ੍ਰਤੀਕ ਹੈ।ਆਪ ਜੀ ਵੱਲੋਂ ਗੁਰੂ ਘਰ ਲਈ ਕੀਤੀ ਗਈ ਸੇਵਾ ਅਤੇ ਹੁਕਮਾਂ ਦੀ ਪਾਲਣਾ ਦੀ ਮਿਸਾਲ ਕਿਧਰੇ ਹੋਰ ਮਿਲਣਾ ਕਠਿਨ ਹੈ। ਬਾਂਸਲ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਜੀ ਨੇ ਪਵਿੱਤਰ ਬਾਣੀ ਦੀ ਰਚਨਾ ਕਰਕੇ ਇੱਕ-ਇੱਕ ਬੇਸ਼ਕੀਮਤੀ ਸ਼ਬਦ ਭੰਡਾਰ ਮਨੁੱਖਤਾ ਦੀ ਝੋਲੀ ਪਾਇਆ ਹੈ। ਇਹ ਬਾਣੀ ਚੰਗਾ, ਸੁੱਚਾ ਤੇ ਉੱਚਾ ਜੀਵਨ ਜਿਓਣ ਵਾਸਤੇ ਸਾਡਾ ਮਾਰਗ ਦਰਸ਼ਨ ਕਰਦੀ ਹੈ। ਇਸ ਲਈ ਸਾਨੂੰ ਗੁਰੂ ਜੀ ਦੀ ਬਾਣੀ ਦੇ ਸਿਧਾਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਜੀਵਨ ਨੂੰ ਸਫ਼ਲ ਬਣਾਉਣਾ ਚਾਹੀਦਾ ਹੈ। ਇਸ ਸਮੇਂ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਮੈਂਬਰ ਹਰਦੇਵ ਸਿੰਘ ਬਰਾੜ ਸਾਬਕਾ ਚੇਅਰਮੈਨ, ਹਰਗੁਰਪ੍ਰੀਤ ਸਿੰਘ ਗਗਨ ਬਰਾੜ ਚੇਅਰਮੈਨ, ਗੁਰਮੀਤ ਸਿੰਘ ਗਿੱਲ ਪ੍ਰਧਾਨ, ਪਰਮਪਾਲ ਸਿੰਘ ‘ਸ਼ੈਰੀ ਢਿੱਲੋਂ’ ਵਾਈਸ ਚੇਅਰਮੈਨ, ਗੁਰਮੀਤ ਸਿੰਘ ਗਿੱਲ ਸਰਪੰਚ ਵਿੱਤ-ਸਕੱਤਰ ਅਤੇ ਸਾਰੇ ਕੁਆਰਡੀਨੇਟਰਜ਼ ਵੀ ਹਾਜ਼ਰ ਸਨ।