ਐੱਨਡੀਏ ਦੀ ਪ੍ਰੀਖਿਆ ਪਾਸ ਕਰਕੇ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਦੀ ਵਿਦਿਆਰਥਣ ਪ੍ਰਦੀਪ ਕੌਰ ਨੇ ਰੋਸ਼ਨ ਕੀਤਾ ਨਾਮ ਐਨਡੀਏ ਦੀ ਪ੍ਰੀਖਿਆ ਪਾਸ ਕਰਕੇ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਦੀ ਵਿਦਿਆਰਥਣ ਪ੍ਰਦੀਪ ਕੌਰ ਨੇ ਰੌਸ਼ਨ ਕੀਤਾ ਨਾਮ
Publish Date: Wed, 14 Oct 2026 04:36 PM (IST)
Updated Date: Wed, 14 Oct 2026 04:39 PM (IST)
ਖੁਸ਼ਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਤਲਵੰਡੀ ਸਾਬੋ ਮਾਤਾ ਸਾਹਿਬ ਕੌਰ ਗਰਲਜ਼ ਕਾਲਜ, ਤਲਵੰਡੀ ਸਾਬੋ ਦੀ ਹੋਣਹਾਰ ਵਿਦਿਆਰਥਣ ਪ੍ਰਦੀਪ ਕੌਰ ਪੁੱਤਰੀ ਮਲਕੀਤ ਸਿੰਘ ਨੇ ਨੈਸ਼ਨਲ ਡਿਫੈਂਸ ਅਕੈਡਮੀ (ਐਨਡੀਏ) ਦੀ ਪ੍ਰੀਖਿਆ ਪਾਸ ਕਰਕੇ ਆਪਣੇ ਮਾਪਿਆਂ, ਕਾਲਜ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਕਾਲਜ ਦੀ ਪ੍ਰਿੰਸੀਪਲ ਡਾ. ਮਨੋਰਮਾ ਸਮਾਗ ਨੇ ਪ੍ਰਦੀਪ ਕੌਰ ਅਤੇ ਉਸ ਦੇ ਮਾਪਿਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਅਕਾਦਮਿਕ ਸਿੱਖਿਆ ਦੇ ਨਾਲ-ਨਾਲ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਤਿਆਰ ਕਰਨਾ ਵੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸਹੀ ਮਾਰਗਦਰਸ਼ਨ, ਗੁਣਵੱਤਾਪੂਰਨ ਕੋਚਿੰਗ ਤੇ ਲਗਾਤਾਰ ਮਿਹਨਤ ਨਾਲ ਵਿਦਿਆਰਥੀ ਆਪਣੇ ਟੀਚੇ ਹਾਸਲ ਕਰ ਸਕਦੇ ਹਨ। ਪ੍ਰਦੀਪ ਕੌਰ ਦੀ ਇਹ ਪ੍ਰਾਪਤੀ ਹੋਰਨਾਂ ਵਿਦਿਆਰਥਣਾਂ ਲਈ ਵੀ ਪ੍ਰੇਰਨਾ ਦਾ ਸਰੋਤ ਹੈ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਡਾਇਰੈਕਟਰ ਆਫ਼ ਐਜੂਕੇਸ਼ਨ ਤੇ ਸਕੱਤਰ ਵਿਦਿਆ ਇੰਜਨੀਅਰ ਸੁਖਮਿੰਦਰ ਸਿੰਘ ਦੇ ਉਪਰਾਲਿਆਂ ਸਦਕਾ ਨਿਸ਼ਚੇ ਅਕੈਡਮੀ ਰਾਹੀਂ ਵਿਦਿਆਰਥੀਆਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਕੋਚਿੰਗ ਅਤੇ ਮਾਰਗਦਰਸ਼ਨ ਦਿੱਤਾ ਜਾ ਰਿਹਾ ਹੈ। ਪ੍ਰਦੀਪ ਕੌਰ ਨੇ ਇਸ ਅਕੈਡਮੀ ਦੇ ਕੋਚਿੰਗ ਪ੍ਰੋਗਰਾਮ ਦੀਆਂ ਕਲਾਸਾਂ ਵਿਚ ਸ਼ਮੂਲੀਅਤ ਕਰਦਿਆਂ ਇਹ ਸਫਲਤਾ ਹਾਸਲ ਕੀਤੀ ਹੈ। ਐਨਡੀਏ ਇੰਚਾਰਜ ਪ੍ਰੋ. ਹਰਪ੍ਰੀਤ ਕੌਰ ਨੇ ਵੀ ਇਸ ਪ੍ਰਾਪਤੀ ’ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਵਿਦਿਆਰਥਣ ਦੀ ਸਫਲਤਾ ਸੰਸਥਾ ਲਈ ਮਾਣ ਵਾਲੀ ਗੱਲ ਹੈ।